ਹੀਰੋ ਮੋਟੋਕਾਰਪ 24 ਮਈ ਤੋਂ ਫਿਰ ਸ਼ਿਫਟਾਂ ''ਚ ਖੋਲ੍ਹੇਗੀ ਨਿਰਮਾਣ ਕਾਰਖ਼ਾਨੇ
Saturday, May 22, 2021 - 03:44 PM (IST)
ਨਵੀਂ ਦਿੱਲੀ- ਵਾਹਨ ਖੇਤਰ ਵਿਚ ਆਰਥਿਕ ਸਰਗਰਮੀ ਫਿਰ ਤੋਂ ਸ਼ੁਰੂ ਹੋਣ ਲੱਗੀ ਹੈ। ਪ੍ਰਮੁੱਖ ਦੋਪਹੀਆ ਵਾਹਨ ਨਿਰਮਾਤਾ ਹੀਰੋ ਮੋਟੋਕਾਰਪ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਸੋਮਵਾਰ ਤੋਂ ਭਾਰਤ ਵਿਚ ਆਪਣੇ ਸਾਰੇ ਨਿਰਮਾਣ ਕਾਰਖ਼ਾਨਿਆਂ ਵਿਚ ਉਤਪਾਦਨ ਦੁਬਾਰਾ ਸ਼ੁਰੂ ਕਰਨ ਜਾ ਰਹੀ ਹੈ। ਇਨ੍ਹਾਂ ਕਾਰਖ਼ਾਨਿਆਂ ਵਿਚ ਨਿਰਮਾਣ ਦਾ ਕੰਮ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਅਸਥਾਈ ਤੌਰ 'ਤੇ ਮੁਲਤਵੀ ਕਰ ਦਿੱਤਾ ਗਿਆ ਸੀ।
ਇਸ ਹਫ਼ਤੇ ਦੇ ਸ਼ੁਰੂਆਤ ਵਿਚ ਕੰਪਨੀ ਨੇ ਹਰਿਆਣਾ ਦੇ ਗੁਰੂਗ੍ਰਾਮ ਤੇ ਧੜੂਹੇੜਾ ਅਤੇ ਉਤਰਾਖੰਡ ਦੇ ਹਰਿਦੁਆਰ ਸਥਿਤ ਕਾਰਖ਼ਾਨੇ ਵਿਚ ਅੰਸ਼ਕ ਤੌਰ 'ਤੇ ਦੁਬਾਰਾ ਕੰਮ ਸ਼ੁਰੂ ਕੀਤਾ ਸੀ।
ਕੰਪਨੀ ਨੇ 22 ਅਪ੍ਰੈਲ ਤੋਂ 2 ਮਈ ਦਰਮਿਆਨ ਚਾਰ ਦਿਨਾਂ ਲਈ ਭਾਰਤ ਵਿਚ ਆਪਣੇ ਸਾਰੇ ਛੇ ਕਾਰਖ਼ਾਨਿਆਂ ਵਿਚ ਅਸਥਾਈ ਰੂਪ ਵਿਚ ਕੰਮ ਕਰਨਾ ਬੰਦ ਕਰ ਦਿੱਤਾ ਸੀ। ਹਾਲਾਂਕਿ, ਫਿਰ ਇਸ ਬੰਦ ਦੀ ਮਿਆਦ ਨੂੰ 16 ਮਈ ਤੱਕ ਵਧਾ ਦਿੱਤਾ ਗਿਆ ਸੀ। ਕੰਪਨੀ ਨੇ ਇਕ ਬਿਆਨ ਵਿਚ ਕਿਹਾ, ''ਹੀਰੋ ਮੋਟੋਕਾਰਪ ਭਾਰਤ ਵਿਚ ਆਪਣੇ ਸਾਰੇ ਨਿਰਮਾਣ ਕਾਰਖ਼ਾਨਿਆਂ ਵਿਚ ਸੋਮਵਾਰ ਤੋਂ ਉਤਪਾਦਨ ਹੌਲੀ-ਹੌਲੀ ਫਿਰ ਤੋਂ ਸ਼ੁਰੂ ਕਰੇਗੀ।'' ਭਾਰਤ ਵਿਚ ਹੀਰੋ ਮੋਟੋਕਾਰਪ ਦੇ ਹੋਰ ਤਿੰਨ ਕਾਰਖ਼ਾਨੇ- ਰਾਜਸਥਾਨ ਦੇ ਨੀਮਰਾਨਾ, ਗੁਜਰਾਤ ਦੇ ਹਲੋਲ ਅਤੇ ਆਂਧਰਾ ਪ੍ਰਦੇਸ਼ ਦੇ ਚਿਤੂਰ ਵਿਚ ਹੈ। ਉੱਥੇ ਵੀ 24 ਮਈ ਤੋਂ ਇਕ ਸ਼ਿਫ਼ ਵਿਚ ਕੰਮ ਸ਼ੁਰੂ ਹੋਵੇਗਾ। ਹਰਿਆਣਾ ਦੇ ਗੁਰੂਗ੍ਰਾਮ ਤੇ ਧੜੂਹੇੜਾ ਅਤੇ ਉਤਰਾਖੰਡ ਦੇ ਹਰਿਦੁਆਰ ਵਿਚ 17 ਮਈ ਤੋਂ ਇਸ ਦੇ ਤਿੰਨ ਕਾਰਖ਼ਾਨਿਆਂ ਵਿਚ ਇਕ ਸ਼ਿਫਟ ਵਿਚ ਕੰਮ ਸ਼ੁਰੂ ਹੋ ਚੁੱਕਾ ਹੈ। ਨੀਮਰਾਨਾ ਵਿਚ ਗਲੋਬਲ ਪਾਰਟਸ ਸੈਂਟਰ (ਜੀ. ਪੀ. ਸੀ.) ਵੀ 24 ਮਈ ਤੋਂ ਚਾਲੂ ਹੋ ਜਾਵੇਗਾ।