HDFC ਬੈਂਕ ਦਾ ਮੁਨਾਫਾ 18 ਫ਼ੀਸਦੀ ਵੱਧ ਕੇ 8,186 ਕਰੋੜ ਰੁਪਏ ''ਤੇ ਪੁੱਜਾ

04/17/2021 3:50:03 PM

ਮੁੰਬਈ- ਨਿੱਜੀ ਖੇਤਰ ਦੇ ਦਿੱਗਜ ਐੱਚ. ਡੀ. ਐੱਫ. ਸੀ. ਬੈਂਕ ਨੇ 31 ਮਾਰਚ ਨੂੰ ਸਮਾਪਤ ਹੋਈ ਚੌਥੀ ਤਿਮਾਹੀ ਦੇ ਵਿੱਤੀ ਨਤੀਜੇ ਜਾਰੀ ਕਰ ਦਿੱਤੇ ਹਨ। ਇਸ ਤਿਮਾਹੀ ਵਿਚ ਇਸ ਦਾ ਸ਼ੁੱਧ ਮੁਨਾਫਾ ਸਾਲ-ਦਰ-ਸਾਲ ਦੇ ਆਧਾਰ 'ਤੇ 18.1 ਫ਼ੀਸਦੀ ਵੱਧ ਕੇ 8,186.51 ਕਰੋੜ ਰੁਪਏ ਰਿਹਾ। ਪਿਛਲੇ ਸਾਲ ਦੀ ਮਾਰਚ ਤਿਮਾਹੀ ਵਿਚ ਬੈਂਕ ਦਾ ਮੁਨਾਫਾ 6,927.69 ਕਰੋੜ ਰੁਪਏ ਰਿਹਾ ਸੀ।

ਮਾਰਚ ਤਿਮਾਹੀ ਵਿਚ ਬੈਂਕ ਦੀ ਵਿਆਜ ਆਮਦਨ ਸਾਲਾਨਾ ਆਧਾਰ 'ਤੇ 12.6 ਫ਼ੀਸਦੀ ਦੀ ਬੜ੍ਹਤ ਨਾਲ 17,120.2 ਕਰੋੜ ਰੁਪਏ ਰਹੀ। ਪਿਛਲੇ ਸਾਲ ਦੀ ਮਾਰਚ ਤਿਮਾਹੀ ਵਿਚ ਇਹ 15,204.1 ਕਰੋੜ ਰੁਪਏ ਰਹੀ ਸੀ।

ਉੱਥੇ ਹੀ, ਤਿਮਾਹੀ ਆਧਾਰ 'ਤੇ ਬੈਂਕ ਦੇ ਐੱਨ. ਪੀ. ਏ. ਵਿਚ ਹਲਕੀ ਗਿਰਾਵਟ ਦੇਖਣ ਨੂੰ ਮਿਲੀ। ਇਹ ਪਿਛਲੀ ਤਿਮਾਹੀ ਦੇ 1.38 ਫ਼ੀਸਦੀ ਤੋਂ ਘੱਟ ਕੇ 1.32 ਫ਼ੀਸਦੀ ਰਿਹਾ। ਸ਼ੁੱਧ ਐੱਨ. ਪੀ. ਏ. ਬਿਨਾਂ ਕਿਸੇ ਬਦਲਾਅ ਦੇ ਤੀਜੀ ਤਿਮਾਹੀ ਦੇ 0.40 ਫ਼ੀਸਦੀ 'ਤੇ ਬਰਕਰਾਰ ਰਿਹਾ। ਇਸ ਵਿਚਕਾਰ ਬੈਂਕ ਨੇ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਨੂੰ ਦੇਖਦੇ ਹੋਏ ਕਿਸੇ ਡਿਵੀਡੈਂਡ ਦਾ ਐਲਾਨ ਨਹੀਂ ਕੀਤਾ ਹੈ। 31 ਮਾਰਚ 2021 ਨੂੰ ਸਮਾਪਤ ਚੌਥੀ ਤਿਮਾਹੀ ਵਿਚ ਬੈਂਕ ਦੇ ਡਿਪਾਜ਼ਿਟ ਵਿਚ ਸਾਲਾਨਾ ਆਧਾਰ 'ਤੇ 16.3 ਫ਼ੀਸਦੀ ਅਤੇ ਤਿਮਾਹੀ ਆਧਾਰ 'ਤੇ 5 ਫ਼ੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਗੌਰਤਲਬ ਹੈ ਕਿ ਸ਼ੁੱਕਰਵਾਰ ਨੂੰ ਬੀ. ਐੱਸ. ਈ. 'ਤੇ ਐੱਚ. ਡੀ. ਐੱਫ. ਸੀ. ਬੈਂਕ ਦੇ ਸ਼ੇਅਰ 0.12 ਫ਼ੀਸਦੀ ਦੀ ਗਿਰਾਵਟ ਨਾਲ 1,428.45 ਰੁਪਏ ਦੇ ਪੱਧਰ 'ਤੇ ਬੰਦ ਹੋਏ ਸਨ।


Sanjeev

Content Editor

Related News