ਗੁਜਰਾਤ ਦੇ ਹੀਰਾ ਕਾਰੋਬਾਰੀਆਂ ’ਤੇ ਸੰਕਟ ਦੇ ਬੱਦਲ, ਕਰੀਬ 1 ਲੱਖ ਕਾਰੀਗਰ ਹੋਏ ਬੇਰੋਜ਼ਗਾਰ

Friday, Dec 16, 2022 - 09:54 AM (IST)

ਗੁਜਰਾਤ ਦੇ ਹੀਰਾ ਕਾਰੋਬਾਰੀਆਂ ’ਤੇ ਸੰਕਟ ਦੇ ਬੱਦਲ, ਕਰੀਬ 1 ਲੱਖ ਕਾਰੀਗਰ ਹੋਏ ਬੇਰੋਜ਼ਗਾਰ

 ਬਿਜ਼ਨੈੱਸ ਡੈਸਕ–ਪ੍ਰਮੁੱਖ ਐਕਸਪੋਰਟ ਬਾਜ਼ਾਰਾਂ ਤੋਂ ਮੰਗ ’ਚ ਭਾਰੀ ਗਿਰਾਵਟ ਕਾਰਨ ਗੁਜਰਾਤ ਦੇ ਹੀਰਾ ਕਾਰੋਬਾਰੀਆਂ ’ਤੇ ਸੰਕਟ ਦੇ ਬੱਦਲ ਮੰਡਰਾ ਰਹੇ ਹਨ, ਜਿਸ ਕਾਰਨ ਕਰੀਬ 1 ਲੱਖ ਕਾਰੀਗਰ ਬੇਰੋਜ਼ਗਾਰ ਹੋ ਚੁੱਕੇ ਹਨ। ਕਈ ਕਾਰੀਗਰਾਂ ਦੀ ਨੌਕਰੀ ਜਾਣ ਤੋਂ ਬਾਅਦ ਦੁਨੀਆ ਦੇ ਸਭ ਤੋਂ ਵੱਡੇ ਹੀਰਾ ਐਕਸਪੋਰਟ ਕੇਂਦਰ ’ਚ ਕਿਸੇ ਵੀ ਇਕਾਈ ਨੇ ਉਨ੍ਹਾਂ ਨੂੰ ਹਾਲੇ ਤੱਕ ਕੰਮ ’ਤੇ ਨਹੀਂ ਰੱਖਿਆ ਹੈ।

ਐਕਸਪੋਰਟ ’ਚ ਭਾਰੀ ਗਿਰਾਵਟ

ਰਤਨ ਅਤੇ ਗਹਿਣਾ ਐਕਸਪੋਰਟ ਪ੍ਰਮੋਸ਼ਨ ਕੌਂਸਲ (ਜੀ. ਜੇ. ਈ. ਪੀ. ਸੀ.) ਦੇ ਅੰਕੜਿਆਂ ਮੁਤਾਬਕ ਭਾਰਤ ਤੋਂ ਰਤਨ ਅਤੇ ਗਹਿਣਿਆਂ ਦਾ ਕੁੱਲ ਐਕਸਪੋਰਟ ਅਕਤੂਬਰ 2022 ’ਚ 22.44 ਫੀਸਦੀ ਡਿਗ ਕੇ 3,134.85 ਮਿਲੀਅਨ ਡਾਲਰ (25,843.8 ਕਰੋੜ ਰੁਪਏ) ਹੋ ਗਿਆ ਹੈ ਜਦ ਕਿ ਪਿਛਲੇ ਸਾਲ ਇਸੇ ਮਿਆਦ ’ਚ ਇਹ 4,041.60 ਮਿਲੀਅਨ ਡਾਲਰ (30,274.64 ਕਰੋੜ ਰੁਪਏ) ਸੀ। ਕੱਟੇ ਅਤੇ ਪਾਲਿਸ਼ ਕੀਤੇ ਗਏ ਹੀਰਿਆਂ ਦਾ ਕੁੱਲ ਐਕਸਪੋਰਟ ਮਹੀਨੇ ’ਚ 26 ਫੀਸਦੀ ਤੋਂ ਵੱਧ ਘਟ ਕੇ 1,891.20 ਮਿਲੀਅਨ ਡਾਲਰ (15,594.49 ਕਰੋੜ ਰੁਪਏ) ਹੋ ਿਗਆ ਹੈ ਜਦ ਕਿ ਇਕ ਸਾਲ ਪਹਿਲਾਂ ਦੀ ਮਿਆਦ ’ਚ ਇਹ 2,559.82 ਮਿਲੀਅਨ ਡਾਲਰ (19,175.16 ਕਰੋੜ) ਸੀ। ਜਿੱਥੋਂ ਤੱਕ ਚਾਲੂ ਵਿੱਤੀ ਸਾਲ ਦੀ ਪਹਿਲੀ ਛਿਮਾਹੀ ਦਾ ਸਬੰਧ ਹੈ, ਕੱਟੇ ਅਤੇ ਪਾਲਿਸ਼ ਕੀਤੇ ਗਏ ਹੀਰਿਆਂ ਦਾ ਐਕਸਪੋਰਟ 5.9 ਫੀਸਦੀ ਡਿਗ ਕੇ 14,106.67 ਮਿਲੀਅਨ ਡਾਲਰ (1.11 ਟ੍ਰਿਲੀਅਨ) ਰਹਿ ਗਿਆ।

ਲਾਕਡਾਊਨ ਤੋਂ ਬਾਅਦ ਵੀ ਨਹੀਂ ਸੁਧਰੇ ਹਾਲਾਤ

ਗੁਜਰਾਤ ਦੇ ਹੀਰਾ ਈਕੋ ਸਿਸਟਮ ’ਚ ਛੋਟੀਆਂ ਇਕਾਈਅਾਂ ’ਤੇ ਹੀ ਨਹੀਂ, ਵੱਡੀਆਂ ਇਕਾਈਆਂ ਵੀ ਭਾਰੀ ਦਬਾਅ ’ਚ ਹਨ ਕਿਉਂਕਿ ਕੌਮਾਂਤਰੀ ਮੰਗ ’ਚ ਗਿਰਾਵਟ ਆਈ ਹੈ। ਇੰਡੀਅਨ ਡਾਇਮੰਡ ਇੰਸਟੀਚਿਊਟ ਦੇ ਚੇਅਰਮੈਨ ਦਿਨੇਸ਼ ਨਵਾਡੀਆ ਕਹਿੰਦੇ ਹਨ ਕਿ ਚੀਨ ਤੋਂ ਮੰਗ ’ਚ ਕੋਈ ਉਛਾਲ ਨਹੀਂ ਹੈ ਜੋ ਪੂਰੇ ਗੁਜਰਾਤ ਤੋਂ ਹੋਣ ਵਾਲੇ ਕੁੱਲ ਹੀਰਾ ਐਕਸਪੋਰਟ ਦਾ ਲਗਭਗ 35 ਫੀਸਦੀ ਹੈ।

ਸੂਰਤ ਦੇ ਵਰਾਛਾ ਇਲਾਕੇ ’ਚ ਇਕ ਵੱਡੇ ਆਕਾਰ ਦੀ ਹੀਰਾ ਇਕਾਈ ਚਲਾਉਣ ਵਾਲੇ ਨੀਲੇਸ਼ ਬੋਡਕੀ ਦਾ ਦਾਅਵਾ ਹੈ ਕਿ ਵਾਲਿਊਮ ਦੇ ਲਿਹਾਜ ਨਾਲ ਕਾਰੋਬਾਰ ਲਗਭਗ 40 ਫੀਸਦੀ ਹੇਠਾਂ ਹੈ ਅਤੇ ਨੇੜਲੀ ਮਿਆਦ ਦੀਆਂ ਸੰਭਾਵਨਾਵਾਂ ’ਤੇ ਵੀ ਅਨਿਸ਼ਚਿਤਤਾ ਮੰਡਰਾ ਰਹੀ ਹੈ। ਬੋਡਕੀ ਕਹਿੰਦੇ ਹਨ ਕਿ ਅਪ੍ਰੈਲ 2020 ’ਚ ਲਾਕਡਾਊਨ ਤੋਂ ਬਾਅਦ ਹੀਰਾ ਉਦਯੋਗ ਲਗਾਤਾਰ ਉਤਰਾਅ-ਚੜਾਅ ਦੇਖ ਰਿਹਾ ਹੈ। ਜੁਲਾਈ 2020 ’ਚ ਉਦੋਗ ਹੀਰੇ ਦੀ ਬੇਮਿਸਾਲ ਕੌਮਾਂਤਰੀ ਮੰਗ ਤੋਂ ਉਤਸ਼ਾਹਿਤ ਸੀ ਪਰ ਮੁੜ ਰੂਸ-ਯੂਕ੍ਰੇਨ ਜੰਗ ਕਾਰਨ ਮੰਗ ’ਚ ਗਿਰਾਵਟ ਆਈ ਅਤੇ ਬਾਜ਼ਾਰ ਹਾਲੇ ਵੀ ਠੀਕ ਨਹੀਂ ਹੋ ਰਿਹਾ ਹੈ।

ਕਾਰੀਗਰਾਂ ਦੀ ਮਜ਼ਦੂਰੀ ਵੀ ਘਟੀ

ਡਾਇਮੰਡ ਵਰਕਰਸ ਯੂਨੀਅਨ-ਗੁਜਰਾਤ ਦੇ ਮੁਖੀ ਭਾਵੇਸ਼ ਦਾ ਕਹਿਣਾ ਹੈ ਕਿ ਸੂਬੇ ’ਚ ਪਹਿਲਾਂ ਲਾਕਡਾਊਨ ਤੋਂ ਬਾਅਦ ਘੱਟ ਤੋਂ ਘੱਟ 1,00,000 ਹੀਰਾ ਮਜ਼ਦੂਰਾਂ ਦੀ ਨੌਕਰੀ ਚਲੀ ਗਈ ਹੈ। ਇਨ੍ਹਾਂ ’ਚੋਂ ਕਈ ਦੀਵਾਲੀ ਦੀਆਂ ਛੁੱਟੀਆਂ ਤੋਂ ਬਾਅਦ ਪਿੰਡਾਂ ਤੋਂ ਨਹੀਂ ਪਰਤੇ ਹਨ। ਜਿਨ੍ਹਾਂ ਕਾਰੀਗਰਾਂ ਨੇ ਹੋਮ ਲੋਨ ਲਿਆ ਹੈ, ਉਨ੍ਹਾਂ ਦੀ ਸਥਿਤੀ ਹੋਰ ਵੀ ਗੰਭੀਰ ਹੈ ਕਿਉਂਕਿ ਉਨ੍ਹਾਂ ਕੋਲ ਕਿਸ਼ਤਾਂ ਅਦਾ ਕਰਨ ਲਈ ਪੈਸੇ ਨਹੀਂ ਹਨ। ਉਨ੍ਹਾਂ ਮਜ਼ਦੂਰਾਂ ਦੀ ਮਜ਼ਦੂਰੀ ਵੀ ਕਰੀਬ 20 ਫੀਸਦੀ ਘੱਟ ਹੋ ਗਈ ਹੈ ਜੋ ਹਾਲੇ ਵੀ ਕੰਮ ਕਰ ਰਹੇ ਹਨ।

ਭਾਵੇਸ਼ ਨੇ ਕਿਹਾ ਕਿ ਪਿਛਲੇ ਕੁੱਝ ਮਹੀਨਿਆਂ ’ਚ ਖੇਤਰ ’ਚ ਘੱਟ ਤੋਂ ਘੱਟ 20 ਹੀਰਾ ਇਕਾਈਆਂ ਬੰਦ ਹੋ ਗਈਆਂ ਹਨ। ਇਕੱਲੇ ਸੂਰਤ ’ਚ 6,000 ਤੋਂ ਵੱਧ ਇਕਾਈਆਂ ਕੰਮ ਕਰ ਰਹੀਆਂ ਹਨ। ਇਨ੍ਹਾਂ ’ਚੋਂ ਜ਼ਿਆਦਾਤਰ ਵਰਾਛਾ, ਕਟਾਰ ਗਾਮ ਅਤੇ ਇੱਛਾਪੁਰ ਖੇਤਰਾਂ ’ਚ ਹਨ। ਦੱਖਣੀ ਗੁਜਰਾਤ ’ਚ ਨਵਸਾਰੀ, ਬਾਰਡੋਲੀ, ਵਿਆਰਾ, ਉੱਤਰੀ ਗੁਜਰਾਤ ’ਚ ਅਹਿਮਦਾਬਾਦ ਅਤੇ ਬਨਾਸਕਾਂਠਾ, ਸੌਰਾਸ਼ਟਰ ਖੇਤਰ ਦੇ ਭਾਵਨਗਰ, ਬੋਟਾਡ, ਅਮਰੇਲੀ, ਜੂਨਾਗੜ੍ਹ ਅਤੇ ਰਾਜਕੋਟ ਜ਼ਿਲਿਆਂ ’ਚ ਵੀ ਇੰਨੀਆਂ ਹੀ ਇਕਾਈਆਂ ਚਾਲੂ ਹਨ।


author

Aarti dhillon

Content Editor

Related News