ਮਾਰਚ 'ਚ ਜੀ. ਐੱਸ. ਟੀ. ਤੋਂ ਰਿਕਾਰਡ 1.24 ਲੱਖ ਕਰੋੜ ਰੁਪਏ ਦੀ ਕਮਾਈ

Thursday, Apr 01, 2021 - 02:54 PM (IST)

ਮਾਰਚ 'ਚ ਜੀ. ਐੱਸ. ਟੀ. ਤੋਂ ਰਿਕਾਰਡ 1.24 ਲੱਖ ਕਰੋੜ ਰੁਪਏ ਦੀ ਕਮਾਈ

ਨਵੀਂ ਦਿੱਲੀ- ਸਰਕਾਰ ਲਈ ਜੀ. ਐੱਸ. ਟੀ. ਮਾਲੀਏ ਦੇ ਮਾਮਲੇ ਵਿਚ ਰਾਹਤ ਭਰੀ ਖ਼ਬਰ ਹੈ। ਇਸ ਸਾਲ ਮਾਰਚ ਵਿਚ ਹੁਣ ਤੱਕ ਦਾ ਰਿਕਾਰਡ 1,23,902 ਕਰੋੜ ਰੁਪਏ ਜੀ. ਐੱਸ. ਟੀ. ਮਾਲੀਆ ਇਕੱਤਰ ਹੋਇਆ ਹੈ। ਇਸ ਦੇ ਨਾਲ ਹੀ ਲਗਾਤਾਰ 6ਵੇਂ ਮਹੀਨੇ ਜੀ. ਐੱਸ. ਟੀ. ਮਾਲੀਆ 1 ਲੱਖ ਕਰੋੜ ਰੁਪਏ ਤੋਂ ਵੱਧ ਰਿਹਾ। ਪਿਛਲੇ ਸਾਲ ਕੋਰੋਨਾ ਦੇ ਮੱਦੇਨਜ਼ਰ ਲਾਈ ਗਈ ਤਾਲਾਬੰਦੀ ਖੁੱਲ੍ਹਣ ਤੋਂ ਬਾਅਦ ਆਰਥਿਕ ਸਰਗਰਮੀਆਂ ਵਿਚ ਆ ਰਹੀ ਤੇਜ਼ੀ ਨਾਲ ਜੀ. ਐੱਸ. ਟੀ. ਮਾਲੀਏ ਵਿਚ ਉਛਾਲ ਆ ਰਿਹਾ ਹੈ।

ਇਸ ਤੋਂ ਪਹਿਲਾਂ ਅਕਤੂਬਰ 2020 ਵਿਚ ਜੀ. ਐੱਸ. ਟੀ. ਰੈਵੇਨਿਊ 105,155 ਕਰੋੜ ਰੁਪਏ, ਨਵੰਬਰ ਵਿਚ 104,963 ਕਰੋੜ ਰੁਪਏ, ਦਸੰਬਰ 2020 ਵਿਚ ਕਰੋੜ 115,174 ਰੁਪਏ ਅਤੇ ਇਸ ਸਾਲ ਜਨਵਰੀ ਵਿਚ 119,875 ਕਰੋੜ ਰੁਪਏ ਅਤੇ ਫਰਵਰੀ ਵਿਚ 113,143 ਕਰੋੜ ਰੁਪਏ ਰਿਹਾ ਸੀ। ਉੱਥੇ ਹੀ, ਮਾਰਚ 2020 ਵਿਚ ਜੀ. ਐੱਸ. ਟੀ. ਰੈਵੇਨਿਊ ਪਿਛਲੇ ਸਾਲ ਦੇ ਮਾਰਚ ਮਹੀਨੇ ਨਾਲੋਂ 27 ਫ਼ੀਸਦੀ ਜ਼ਿਆਦਾ ਹੈ।

ਵਿੱਤ ਮੰਤਰੀ ਮੁਤਾਬਕ, ਮਾਰਚ 2021 ਵਿਚ ਇਕੱਤਰ ਹੋਏ ਜੀ. ਐੱਸ. ਟੀ. ਵਿਚ ਸੀ. ਜੀ. ਐੱਸ. ਟੀ. 22,973 ਕਰੋੜ ਰੁਪਏ, ਐੱਸ. ਜੀ. ਐੱਸ. ਟੀ. 29,329 ਕਰੋੜ ਰੁਪਏ, ਆਈ. ਜੀ. ਐੱਸ. ਟੀ. 62,842 ਕਰੋੜ ਰੁਪਏ ਅਤੇ 8,757 ਕਰੋੜ ਰੁਪਏ ਸੈੱਸ ਦੇ ਸ਼ਾਮਲ ਹਨ। ਆਈ. ਜੀ. ਐੱਸ. ਟੀ. ਵਿਚ 31,097 ਕਰੋੜ ਰੁਪਏ ਅਤੇ ਸੈੱਸ ਵਿਚ 660 ਕਰੋੜ ਰੁਪਏ ਦਰਾਮਦ ਵਸਤੂਆਂ ਤੋਂ ਇਕੱਤਰ ਕਰ ਸ਼ਾਮਲ ਹੈ। ਸਰਕਾਰ ਨੇ ਆਈ. ਜੀ. ਐੱਸ. ਟੀ. ਵਿਚੋੰ 21,879 ਕਰੋੜ ਰੁਪਏ ਸੀ. ਜੀ. ਐੱਸ. ਟੀ. ਵਿਚ ਅਤੇ 17,230 ਕਰੋੜ ਰੁਪਏ ਐੱਸ. ਜੀ. ਐੱਸ. ਟੀ. ਵਿਚ ਟਰਾਂਸਫਰ ਕੀਤੇ ਹਨ। ਸਰਕਾਰ ਨੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ 28 ਹਜ਼ਾਰ ਕਰੋੜ ਰੁਪਏ ਦਾ ਭੁਗਤਾਨ ਕੀਤਾ ਹੈ।


author

Sanjeev

Content Editor

Related News