''ਟੇਸਲਾ'' ਸ਼ੇਅਰਧਾਰਕਾਂ ਦੇ ਇੱਕ ਸਮੂਹ ਨੇ ਮਸਕ ਦੇ ਖ਼ਿਲਾਫ਼ ਦਾਇਰ ਕੀਤਾ ਮੁਕੱਦਮਾ , ਜਾਣੋ ਵਜ੍ਹਾ
Monday, Apr 18, 2022 - 12:45 PM (IST)
ਡੇਟ੍ਰੋਇਟ (ਅਮਰੀਕਾ) - ਟੇਸਲਾ ਕੰਪਨੀ ਦੇ ਸ਼ੇਅਰਧਾਰਕਾਂ ਦੇ ਇੱਕ ਸਮੂਹ ਨੇ ਕੰਪਨੀ ਦੇ ਨਿੱਜੀਕਰਨ ਬਾਰੇ 2018 ਦੇ ਕੁਝ ਟਵੀਟਾਂ ਨੂੰ ਲੈ ਕੇ ਸੀਈਓ ਏਲੋਨ ਮਸਕ 'ਤੇ ਮੁਕੱਦਮਾ ਦਰਜ ਕੀਤਾ ਹੈ ਅਤੇ ਫੈਡਰਲ ਜੱਜ ਨੂੰ ਇਸ ਮਾਮਲੇ 'ਤੇ ਟਿੱਪਣੀ ਕਰਨ ਤੋਂ ਰੋਕਣ ਲਈ ਮਸਕ ਨੂੰ ਆਦੇਸ਼ ਦੇਣ ਦੀ ਬੇਨਤੀ ਕੀਤੀ ਗਈ ਹੈ। ਅਦਾਲਤੀ ਦਸਤਾਵੇਜ਼ਾਂ ਵਿੱਚ, ਟੈਕਸਾਸ-ਅਧਾਰਤ ਕੰਪਨੀ ਦੇ ਸ਼ੇਅਰ ਧਾਰਕਾਂ ਦੇ ਵਕੀਲਾਂ ਨੇ ਕਿਹਾ ਕਿ ਕੇਸ ਵਿੱਚ ਇੱਕ ਜੱਜ ਨੇ ਫੈਸਲਾ ਦਿੱਤਾ ਕਿ ਟੇਸਲਾ ਨੂੰ ਨਿੱਜੀ ਬਣਾਉਣ ਲਈ 'ਫੰਡਾਂ ਨੂੰ ਸੁਰੱਖ਼ਿਅਤ ਰੱਖਣ' ਨਾਲ ਜੁੜੇ ਮਸਕ ਦੇ ਟਵੀਟ ਝੂਠੇ ਸਨ ਅਤੇ ਉਨ੍ਹਾਂ ਦੀ ਟਿੱਪਣੀ 2018 ਦੇ ਅਦਾਲਤੀ ਸਮਝੌਤੇ ਦਾ ਵੀ ਉਲੰਘਣ ਕਰਦੀ ਹੈ। ਸਮਝੌਤੇ ਦੇ ਤਹਿਤ, ਮਸਕ ਅਤੇ ਟੇਸਲਾ ਨੇ ਦੋ-ਦੋ ਕਰੋੜ ਡਾਲਰ ਦਾ ਜੁਰਮਾਨਾ ਦੇਣ 'ਤੇ ਸਹਿਮਤੀ ਜ਼ਾਹਰ ਕੀਤੀ ਸੀ।
ਮਹੱਤਵਪੂਰਨ ਗੱਲ ਇਹ ਹੈ ਕਿ ਮਸਕ ਨੇ ਵੀਰਵਾਰ ਨੂੰ 'ਟੇਡ 2022' ਕਾਨਫਰੰਸ 'ਚ ਇਕ ਇੰਟਰਵਿਊ ਦੌਰਾਨ ਕਿਹਾ ਕਿ ਉਨ੍ਹਾਂ ਕੋਲ 2018 'ਚ ਟੇਸਲਾ ਨੂੰ ਪ੍ਰਾਈਵੇਟ ਬਣਾਉਣ ਲਈ ਪੈਸਾ ਸੀ। ਉਸਨੇ ਕਿਹਾ ਕਿ ਉਹ ਸਿਰਫ ਇਸ ਲਈ ਸਮਝੌਤਾ ਕਰਨ ਲਈ ਤਿਆਰ ਹੋਏ ਕਿਉਂਕਿ ਬੈਂਕ ਅਧਿਕਾਰੀਆਂ ਨੇ ਉਨ੍ਹਾਂ ਨੂੰ ਕਿਹਾ ਕਿ ਜੇਕਰ ਉਹ ਅਜਿਹਾ ਨਹੀਂ ਕਰਦੇ, ਤਾਂ ਉਹ ਫੰਡ ਪ੍ਰਦਾਨ ਕਰਨਾ ਬੰਦ ਕਰ ਦੇਣਗੇ ਅਤੇ ਟੇਸਲਾ ਕੰਪਨੀ ਦੀਵਾਲੀਆ ਹੋ ਜਾਵੇਗੀ।
ਇਹ ਵੀ ਪੜ੍ਹੋ : 5% ਟੈਕਸ ਸਲੈਬ ਨੂੰ ਹਟਾ ਸਕਦੀ ਹੈ GST ਕੌਂਸਲ, ਕੁਝ ਉਤਪਾਦਾਂ ਲਈ ਨਵੀਆਂ ਦਰਾਂ ਸੰਭਵ
ਟੇਸਲਾ ਸ਼ੇਅਰ ਧਾਰਕਾਂ ਦੇ ਵਕੀਲਾਂ ਨੇ ਸ਼ੁੱਕਰਵਾਰ ਦਾਇਰ ਕੀਤੇ ਅਦਾਲਤੀ ਦਸਤਾਵੇਜ਼ਾਂ ਵਿੱਚ ਦੋਸ਼ ਲਾਇਆ ਕਿ ਮਸਕ ਮੁਕੱਦਮੇ ਵਿੱਚ ਸੰਭਾਵੀ ਜਿਊਰੀ ਮੈਂਬਰਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਵਕੀਲਾਂ ਦਾ ਕਹਿਣਾ ਹੈ ਕਿ ਮਸਕ ਸੰਭਾਵੀ ਜਿਊਰੀ ਮੈਂਬਰਾਂ ਨੂੰ ਪ੍ਰਭਾਵਿਤ ਕਰਨ ਲਈ ਮੁਹਿੰਮ ਚਲਾ ਰਿਹਾ ਹੈ ਕਿਉਂਕਿ ਕੇਸ ਦੀ ਸੁਣਵਾਈ ਜਲਦੀ ਸ਼ੁਰੂ ਹੋਣ ਵਾਲੀ ਹੈ। ਉਸਨੇ ਦਲੀਲ ਦਿੱਤੀ ਕਿ ਮਸਕ ਨੇ 2018 ਦੇ ਇੱਕ ਟਵੀਟ ਵਿੱਚ ਟੇਸਲਾ ਨੂੰ ਨਿੱਜੀ ਬਣਾਉਣ ਲਈ 420 ਡਾਲਰ ਪ੍ਰਤੀ ਸ਼ੇਅਰ ਦੀ ਕੀਮਤ ਸਿਰਫ਼ ਸ਼ੇਅਰ ਦੀਆਂ ਕੀਮਤਾਂ ਵਿੱਚ ਹੇਰਾਫੇਰੀ ਕਰਨ ਲਈ ਦੱਸੀ ਗਈ ਸੀ।
ਵਕੀਲਾਂ ਨੇ ਸੈਨ ਫਰਾਂਸਿਸਕੋ ਵਿੱਚ ਜੱਜ ਐਡਵਰਡ ਐੱਮ. ਚੇਨ ਨੂੰ ਅਪੀਲ ਕੀਤੀ ਕਿ ਸੁਣਵਾਈ ਪੂਰੀ ਹੋਣ ਤੱਕ ਮਸਕ ਨੂੰ ਇਸ ਮੁੱਦੇ 'ਤੇ ਹੋਰ ਜਨਤਕ ਟਿੱਪਣੀ ਕਰਨ ਤੋਂ ਰੋਕਿਆ ਜਾਵੇ। ਇਸ ਤੋਂ ਬਾਅਦ ਚੇਨ ਨੇ ਮਸਕ ਦੇ ਵਕੀਲਾਂ ਨੂੰ ਬੁੱਧਵਾਰ ਤੱਕ ਇਸ ਮਾਮਲੇ 'ਤੇ ਆਪਣਾ ਸਟੈਂਡ ਸਪੱਸ਼ਟ ਕਰਨ ਲਈ ਕਿਹਾ। ਇਹ ਮੁਕੱਦਮਾ ਅਜਿਹੇ ਸਮੇਂ ਦਾਇਰ ਕੀਤਾ ਗਿਆ ਹੈ ਜਦੋਂ ਮਸਕ ਪਿਛਲੇ ਕੁਝ ਦਿਨਾਂ ਤੋਂ ਟਵਿਟਰ ਖਰੀਦਣ ਦੀ ਆਪਣੀ ਪੇਸ਼ਕਸ਼ ਨੂੰ ਲੈ ਕੇ ਇਕ ਵਾਰ ਫਿਰ ਸੁਰਖੀਆਂ 'ਚ ਹੈ। ਮਸਕ ਨੇ ਹਰੇਕ ਟਵਿੱਟਰ ਸ਼ੇਅਰ ਲਈ 54.20 ਡਾਲਰ ਦੀ ਪੇਸ਼ਕਸ਼ ਕੀਤੀ ਹੈ। ਕੁੱਲ ਮਿਲਾ ਕੇ ਇਹ ਪੇਸ਼ਕਸ਼ 43 ਅਰਬ ਡਾਲਰ ਤੋਂ ਵੱਧ ਦੀ ਹੈ।
ਇਹ ਵੀ ਪੜ੍ਹੋ : ਮਹਿੰਗਾਈ ਤੋਂ ਪ੍ਰੇਸ਼ਾਨ ਲੋਕਾਂ ਨੇ ਖਰਚਿਆਂ ’ਚ ਕੀਤੀ ਕਟੌਤੀ, ਕੀਮਤਾਂ ਹੋਰ ਵਧਣ ਦੀ ਜਾਰੀ ਹੋਈ ਚਿਤਾਵਨੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।