ਸਿਨੇਮਾ ਦੇ ਸ਼ੌਕੀਨਾਂ ਲਈ ਖੁਸ਼ਖਬਰੀ, 1 JAN ਤੋਂ ਸਸਤੀ ਹੋ ਜਾਵੇਗੀ ਟਿਕਟ

Sunday, Dec 23, 2018 - 03:52 PM (IST)

ਸਿਨੇਮਾ ਦੇ ਸ਼ੌਕੀਨਾਂ ਲਈ ਖੁਸ਼ਖਬਰੀ, 1 JAN ਤੋਂ ਸਸਤੀ ਹੋ ਜਾਵੇਗੀ ਟਿਕਟ

ਨਵੀਂ ਦਿੱਲੀ— ਸਿਨੇਮਾ 'ਚ ਫਿਲਮ ਦੇਖਣ ਦਾ ਸ਼ੌਂਕ ਹੈ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਪਹਿਲੀ ਜਨਵਰੀ ਤੋਂ ਦੋਸਤਾਂ-ਮਿੱਤਰਾਂ ਤੇ ਪਰਿਵਾਰ ਨਾਲ ਸਿਨੇਮਾ ਦੇਖਣ ਦਾ ਮਜ਼ਾ ਹੋਰ ਵੀ ਦੁੱਗਣਾ ਹੋਣ ਜਾ ਰਿਹਾ ਹੈ। ਸਰਕਾਰ ਨੇ ਸਿਨੇਮਾ ਟਿਕਟ 'ਤੇ ਜੀ. ਐੱਸ. ਟੀ. ਦਰਾਂ 'ਚ ਕਟੌਤੀ ਕਰ ਦਿੱਤੀ ਹੈ।

ਹੁਣ 100 ਰੁਪਏ ਤੋਂ ਘੱਟ ਦੀ ਟਿਕਟ 'ਤੇ ਸਿਰਫ 12 ਫੀਸਦੀ ਟੈਕਸ ਲੱਗੇਗਾ, ਜੋ ਫਿਲਹਾਲ 18 ਫੀਸਦੀ ਚਾਰਜ ਕੀਤਾ ਜਾ ਰਿਹਾ ਹੈ। ਉੱਥੇ ਹੀ 100 ਰੁਪਏ ਤੋਂ ਮਹਿੰਗੀ ਟਿਕਟ ਵੀ ਹੁਣ ਸਸਤੀ ਹੋ ਜਾਵੇਗੀ ਕਿਉਂਕਿ ਸਰਕਾਰ ਨੇ ਸੌ ਰੁਪਏ ਤੋਂ ਵੱਧ ਕੀਮਤ ਵਾਲੀ ਟਿਕਟ 'ਤੇ ਜੀ. ਐੱਸ. ਟੀ. ਦਰ 28 ਫੀਸਦੀ ਤੋਂ ਘਟਾ ਕੇ 18 ਫੀਸਦੀ ਕਰ ਦਿੱਤੀ ਹੈ। ਇਸ ਦਾ ਸਿੱਧਾ ਫਾਇਦਾ ਸਿਨੇਮਾ 'ਚ ਫਿਲਮ ਦੇਖਣ ਵਾਲਿਆਂ ਨੂੰ ਮਿਲੇਗਾ, ਨਾਲ ਹੀ ਇਹ ਇੰਡਸਟਰੀ ਲਈ ਵੀ ਰਾਹਤ ਹੈ। 
ਇੰਡਸਟਰੀ ਨੂੰ ਉਮੀਦ ਹੈ ਕਿ ਟਿਕਟ ਸਸਤੀ ਹੋਣ ਨਾਲ ਵੱਧ ਤੋਂ ਵੱਧ ਲੋਕ ਸਿਨੇਮਾ 'ਚ ਆ ਕੇ ਫਿਲਮ ਦੇਖਣਗੇ। ਸਰਕਾਰ ਵੱਲੋਂ ਘਟਾਈ ਗਈ ਜੀ. ਐੱਸ. ਟੀ. ਦਰ ਪਹਿਲੀ ਜਨਵਰੀ ਤੋਂ ਲਾਗੂ ਹੋ ਜਾਵੇਗੀ। ਭਾਰਤੀ ਮਲਟੀਪਲੈਕਸ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਸਰਕਾਰ ਦੇ ਇਸ ਕਦਮ ਨਾਲ ਸਿਨੇਮਾ ਦੇਖਣਾ ਸਸਤਾ ਹੋਵੇਗਾ। ਟਿਕਟਾਂ ਦੀ ਕੀਮਤ ਘਟਣ ਨਾਲ ਜ਼ਿਆਦਾ ਤੋਂ ਜ਼ਿਆਦਾ ਲੋਕ ਸਿਨੇਮਾ ਵੱਲ ਆਕਰਸ਼ਤ ਹੋਣਗੇ। ਇਸ ਨਾਲ ਸਰਕਾਰ ਦਾ ਰੈਵੇਨਿਊ ਵੀ ਵਧੇਗਾ। ਐਸੋਸੀਏਸ਼ਨ ਨੇ ਖੁਸ਼ੀ ਜਤਾਈ ਕਿ ਸਰਕਾਰ ਨੇ 100 ਰੁਪਏ ਤੋਂ ਮਹਿੰਗੀ ਟਿਕਟ 'ਤੇ ਜੀ. ਐੱਸ. ਟੀ. ਘਟਾ ਕੇ 18 ਫੀਸਦੀ ਕਰ ਦਿੱਤਾ ਹੈ।


Related News