ਅੱਗ ਵਰ੍ਹਾਊ ਗਰਮੀ ਵਿਚਾਲੇ ਵੱਡੇ ਖ਼ਤਰੇ 'ਚ ਪੰਜਾਬ ਦੇ ਲੋਕ! ਸਿਹਤ ਮੰਤਰੀ ਨੇ ਜਾਰੀ ਕੀਤੀ ਚਿਤਾਵਨੀ

Saturday, Jun 14, 2025 - 09:45 AM (IST)

ਅੱਗ ਵਰ੍ਹਾਊ ਗਰਮੀ ਵਿਚਾਲੇ ਵੱਡੇ ਖ਼ਤਰੇ 'ਚ ਪੰਜਾਬ ਦੇ ਲੋਕ! ਸਿਹਤ ਮੰਤਰੀ ਨੇ ਜਾਰੀ ਕੀਤੀ ਚਿਤਾਵਨੀ

ਮੋਹਾਲੀ (ਰਣਬੀਰ) : ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਸੂਬਾ ਡੇਂਗੂ, ਕੋਵਿਡ-19 ਅਤੇ 'ਲੂ' ਦੇ ਪ੍ਰਭਾਵ ਨਾਲ ਨਜਿੱਠਣ ਲਈ ਵਿਭਾਗ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਡੇਂਗੂ, ਮਲੇਰੀਆ, ਚਿਕੁਨਗੁਨੀਆ, ਕੋਰੋਨਾ ਅਤੇ ਗਰਮੀ ਦੀ ਲਹਿਰ ਤੋਂ ਬਚਾਅ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਡਾ. ਬਲਬੀਰ ਸਿੰਘ ਨੇ ‘ਹਰ ਸ਼ੁੱਕਰਵਾਰ, ਡੇਂਗੂ ’ਤੇ ਵਾਰ’ ਤਹਿਤ ਮੋਹਾਲੀ ਨੇੜਲੇ ਅਰਧ-ਸ਼ਹਿਰੀ ਪਿੰਡ ਬਲੌਂਗੀ ਦਾ ਦੌਰਾ ਕੀਤਾ। ਉਨ੍ਹਾਂ ਘਰ-ਘਰ ਜਾ ਕੇ ਲੋਕਾਂ ਨੂੰ ਦੱਸਿਆ ਕਿ ਕਿਵੇਂ ਏਅਰ ਕੂਲਰ ਦੀ ਟੈਂਕੀ, ਫਰਿੱਜ ਦੇ ਪਿਛਲੇ ਪਾਸੇ ਦੀ ਟਰੇਅ, ਗਮਲੇ ਜਾਂ ਪੰਛੀਆਂ ਲਈ ਰੱਖੇ ਪਾਣੀ ਦੇ ਭਾਂਡੇ ਡੇਂਗੂ ਲਾਰਵਾ ਦੀ ਬਹੁਤਾਤ ’ਚ ਪੈਦਾਵਾਰ ਦੀ ਫੈਕਟਰੀ ਬਣ ਜਾਂਦੇ ਹਨ। ਉਨ੍ਹਾਂ ਕਿਹਾ ਕਿ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਜਿਹੀਆਂ ਬਿਮਾਰੀਆਂ ਤੋਂ ਬਚਾਅ ਸਿਰਫ਼ ਇਕ ਨਿਯਮਿਤ ਆਦਤ ਨਾਲ ਕੀਤਾ ਜਾ ਸਕਦਾ ਹੈ, ਉਹ ਹੈ, ਹਫ਼ਤੇ ’ਚ ਇਕ ਵਾਰੀ ਸਾਰਾ ਜਮ੍ਹਾਂ ਹੋਇਆ ਪਾਣੀ ਖ਼ਾਲੀ ਕਰਨਾ ਕਿਉਂਕਿ ਡੇਂਗੂ ਮੱਛਰ ਦਾ ਲਾਰਵਾ 7 ਦਿਨਾਂ ’ਚ ਮੱਛਰ ਬਣ ਜਾਂਦਾ ਹੈ, ਇਸ ਲਈ ਹਫ਼ਤੇ ’ਚ ਇਕ ਵਾਰੀ, ਖ਼ਾਸ ਕਰ ਕੇ ਸ਼ੁੱਕਰਵਾਰ ਨੂੰ ਇਹ ਕਾਰਵਾਈ ਕਰ ਕੇ ਇਸ ਬਿਮਾਰੀ ਨੂੰ ਰੋਕਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਵਿਦਿਆਰਥੀਆਂ ਲਈ ਛੁੱਟੀਆਂ ਵਿਚਾਲੇ ਆ ਗਈ ਵੱਡੀ ਖ਼ਬਰ, 6ਵੀਂ ਤੋਂ 10ਵੀਂ ਜਮਾਤ ਵਾਲਿਆਂ ਨੂੰ...

ਇਸ ਦੌਰਾਨ ਸਿਹਤ ਮੰਤਰੀ ਨੇ ਏਅਰ ਕੂਲਰ ਦੀ ਟੈਂਕੀ ’ਚ ਲਾਰਵਾ ਲੱਭਣ ਵਾਲੀਆਂ ਆਸ਼ਾ ਵਰਕਰਾਂ ਸੋਮਪ੍ਰੀਤ ਕੌਰ ਅਤੇ ਸਰੋਜ ਨੂੰ 500-500 ਰੁਪਏ ਦੇ ਨਕਦ ਇਨਾਮ ਵੀ ਦਿੱਤੇ। ਉਨ੍ਹਾਂ ਦੱਸਿਆ ਕਿ ਸੂਬੇ ਭਰ ’ਚ ਹਰ ਸ਼ੁੱਕਰਵਾਰ ਨੂੰ 50 ਹਜ਼ਾਰ ਤੋਂ ਵੱਧ ਟੀਮਾਂ, ਜਿਨ੍ਹਾਂ ’ਚ ਨਰਸਿੰਗ ਵਿਦਿਆਰਥੀ, ਆਸ਼ਾ ਵਰਕਰ, ਮਲਟੀਪਰਪਜ਼ ਸਿਹਤ ਵਰਕਰ, ਸਕੂਲ ਅਧਿਆਪਕ ਅਤੇ ਬ੍ਰੀਡਰ ਚੈੱਕਰ ਸ਼ਾਮਲ ਹਨ, ਘਰ-ਘਰ ਜਾ ਕੇ ਡੇਂਗੂ ਲਾਰਵਾ ਦੀ ਜਾਂਚ ਅਤੇ ਲੋਕਾਂ ਨੂੰ ਸਿੱਖਿਅਕ/ਜਾਗਰੂਕ ਕਰ ਰਹੀਆਂ ਹਨ। ਉਨ੍ਹਾਂ ਵੱਧ ਰਹੇ ਤਾਪਮਾਨ ਅਤੇ 'ਲੂ' ਦੇ ਖ਼ਤਰੇ ਸਬੰਧੀ ਲੋਕਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਦੁਪਹਿਰ 12 ਤੋਂ 3 ਵਜੇ ਤੱਕ ਬਾਹਰ ਜਾਣ ਤੋਂ ਗੁਰੇਜ਼ ਕਰੋ। ਕੋਰੋਨਾ ਸਬੰਧੀ ਪੁੱਛੇ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਹਾਲਾਂਕਿ ਹਰਿਆਣਾ ਅਤੇ ਦਿੱਲੀ ’ਚ ਕੁੱਝ ਵਾਧਾ ਹੋਇਆ ਹੈ, ਪੰਜਾਬ ’ਚ ਹੁਣ ਤੱਕ ਸਿਰਫ 31 ਕੇਸ ਸਾਹਮਣੇ ਆਏ ਹਨ, ਜੋ ਕਿ ਬਿਨਾਂ-ਲੱਛਣ ਵਾਲੇ ਅਤੇ ਮਾਈਲਡ ਵੇਰੀਅੰਟ ਹਨ।

ਇਹ ਵੀ ਪੜ੍ਹੋ : ਪੰਜਾਬ ਦੇ ਕਿਸਾਨਾਂ ਲਈ Good News, ਇਹ ਸਕੀਮ ਅਪਲਾਈ ਕਰਨ ਲਈ ਵੱਧ ਗਈ ਤਾਰੀਖ਼

ਰਿਪੋਰਟ ਹੋਈਆਂ ਦੋ ਮੌਤਾਂ ਬਾਰੇ ਉਨ੍ਹਾਂ ਕਿਹਾ ਕਿ ਇਹ ਪੂਰੀ ਤਰ੍ਹਾਂ ਕੋਵਿਡ ਕਾਰਨ ਨਹੀਂ ਮੰਨੀਆਂ ਜਾ ਸਕਦੀਆਂ, ਕਿਉਂਕਿ ਰੋਗੀਆਂ ਨੂੰ ਹੋਰ ਗੰਭੀਰ ਬਿਮਾਰੀਆਂ ਵੀ ਸਨ। ਇਸ ਮੌਕੇ ਉਨ੍ਹਾਂ ਨਾਲ ਸਿਹਤ ਵਿਭਾਗ ਦੀ ਡਾਇਰੈਕਟਰ ਡਾ. ਹਤਿੰਦਰ ਕੌਰ, ਐੱਸ. ਡੀ. ਐੱਮ. ਦਮਨਦੀਪ ਕੌਰ, ਸਿਵਲ ਸਰਜਨ ਡਾ. ਸੰਗੀਤਾ ਜੈਨ, ਰਾਜ ਪੱਧਰੀ ਕਾਰਜਕਾਰੀ ਅਧਿਕਾਰੀ ਡਾ. ਅਰਸ਼ਦੀਪ ਕੌਰ, ਜ਼ਿਲ੍ਹਾ ਮਹਾਂਮਾਰੀ ਰੋਕੂ ਅਫ਼ਸਰ ਡਾ. ਅਨਾਮਿਕਾ ਸੋਨੀ ਅਤੇ ਡਾ. ਹਰਮਨ ਬਰਾੜ, ਨਰਸਿੰਗ ਵਿਦਿਆਰਥੀ, ਆਸ਼ਾ ਵਰਕਰ, ਮਲਟੀ ਪਰਪਜ਼ ਹੈਲਥ ਵਰਕਰ, ਪੰਚਾਇਤ ਮੈਂਬਰ ਅਤੇ ਸਰਪੰਚ ਵੀ ਮੌਜੂਦ ਸਨ। ਸਿਹਤ ਮੰਤਰੀ ਨੇ ਐੱਸ. ਡੀ. ਐੱਮ. ਨੂੰ ਪਿੰਡ ਦੇ ਛੱਪੜ ਦੀ ਸਫ਼ਾਈ ਯਕੀਨੀ ਬਣਾਉਣ ਲਈ ਵੀ ਨਿਰਦੇਸ਼ ਦਿੱਤੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News