ONGC, LOC  ਅਤੇ ਆਇਲ ਇੰਡੀਆ  ਦੇ 2.3 ਅਰਬ ਡਾਲਰ  ਦੇ ਸ਼ੇਅਰ ਵੇਚੇਗੀ ਸਰਕਾਰ

11/17/2018 3:05:15 PM

ਨਵੀਂ  ਦਿੱਲੀ - ਸਰਕਾਰ ਇਸ ਵਿੱਤੀ ਸਾਲ ਦਾ ਵਿਨਿਵੇਸ਼ ਦਾ ਟੀਚਾ ਹਾਸਲ ਕਰਨ  ਲਈ ਓ. ਐੱਨ. ਜੀ. ਸੀ.,  ਆਈ. ਓ. ਸੀ.  ਅਤੇ ਆਇਲ ਇੰਡੀਆ ਲਿਮਟਿਡ  ਦੇ 2.3 ਅਰਬ ਡਾਲਰ   ਦੇ ਸ਼ੇਅਰ ਵੇਚਣ ਦੀ ਯੋਜਨਾ ਬਣਾ ਰਹੀ ਹੈ।  ਇਨ੍ਹਾਂ  ਕੰਪਨੀਆਂ  ਦੇ ਸ਼ੇਅਰ ਬਾਇਬੈਕ ਨਾਲ ਵੀ ਉਸ ਨੂੰ 10,000 ਕਰੋੜ ਰੁਪਏ ਮਿਲਣ ਦੀ ਉਮੀਦ ਹੈ।   ਇਸ ਮਾਮਲੇ ਤੋਂ ਜਾਣਕਾਰ  ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਸਰਕਾਰ ਨੇ ਇਸ ਵਿੱਤੀ  ਸਾਲ ਵਿਚ 80,000 ਕਰੋੜ ਰੁਪਏ ਦਾ ਵਿਨਿਵੇਸ਼ ਟੀਚਾ ਰੱਖਿਆ ਹੈ।  ਵਿੱਤ ਮੰਤਰਾਲਾ  ਸਰਕਾਰੀ  ਤੇਲ ਕੰਪਨੀਆਂ ਰਾਹੀਂ ਇਸ ਵਿਚੋਂ 25 ਫ਼ੀਸਦੀ ਰਾਸ਼ੀ ਹਾਸਲ ਕਰਨ ਦੀ ਯੋਜਨਾ ਬਣਾ ਰਿਹਾ ਹੈ।   ਸਰਕਾਰ ਓ. ਐੱਨ. ਜੀ. ਸੀ. ’ਚ 5 ਫ਼ੀਸਦੀ,  ਆਈ. ਓ. ਸੀ.  ਵਿਚ 3 ਅਤੇ ਆਇਲ ਇੰਡੀਆ ਵਿਚ  10 ਫ਼ੀਸਦੀ ਹਿੱਸੇਦਾਰੀ ਵੇਚ ਸਕਦੀ ਹੈ।  ਵੈਸੇ ਸੂਤਰਾਂ ਨੇ ਇਹ ਵੀ ਕਿਹਾ ਕਿ ਸਟੇਕ ਸੇਲ  ਦੀ ਮਾਤਰਾ ਇਨ੍ਹਾਂ  ਕੰਪਨੀਆਂ  ਦੇ ਆਫਰ ਫਾਰ ਸੇਲ  ਵੇਲੇ ਬਦਲ ਵੀ ਸਕਦੀ ਹੈ।  ਅਜੇ ਇਹ ਪਤਾ ਨਹੀਂ ਲੱਗਾ ਹੈ  ਕਿ ਸਰਕਾਰ ਕੰਪਨੀਆਂ  ਦੇ ਸ਼ੇਅਰ ਕਦੋਂ ਵੇਚੇਗੀ  ਪਰ ਮੰਨਿਆ ਜਾ ਰਿਹਾ ਹੈ ਕਿ  ਇਕ ਮਹੀਨੇ ਵਿਚ ਇਹ ਕੰਮ ਪੂਰਾ ਕੀਤਾ ਜਾ ਸਕਦਾ ਹੈ।  

ਓ. ਐੱਨ. ਜੀ. ਸੀ.  ਦੀ 5 ਫ਼ੀਸਦੀ ਹਿੱਸੇਦਾਰੀ ਵੇਚਣ ਨਾਲ  ਮਿਲਣਗੇ 10,000 ਕਰੋੜ ਰੁਪਏ

ਓ. ਐੱਨ. ਜੀ. ਸੀ.  ਦੇ ਸ਼ੇਅਰ ਦੀ ਮੌਜੂਦਾ ਕੀਮਤ ਨੂੰ ਆਧਾਰ ਮੰਨਿਆ ਜਾਵੇ ਤਾਂ ਇਸ ਵਿਚ 5 ਫ਼ੀਸਦੀ ਹਿੱਸੇਦਾਰੀ  ਵੇਚਣ ਨਾਲ ਸਰਕਾਰ ਨੂੰ 10,000 ਕਰੋੜ ਰੁਪਏ ਮਿਲਣਗੇ।  ਕੰਪਨੀ ਦਾ ਸ਼ੇਅਰ ਵੀਰਵਾਰ ਨੂੰ  1.6 ਫ਼ੀਸਦੀ ਡਿੱਗ ਕੇ 158.45 ਰੁਪਏ ’ਤੇ  ਬੰਦ ਹੋਇਆ।  ਆਈ. ਓ. ਸੀ.  ਵਿਚ 3 ਫ਼ੀਸਦੀ ਹਿੱਸੇਦਾਰੀ ਵੇਚਣ ਨਾਲ 4,200 ਕਰੋੜ ਅਤੇ  ਆਇਲ ਇੰਡੀਆ ਵਿਚ 10 ਫ਼ੀਸਦੀ ਸਟੇਕ ਵੇਚਣ ਨਾਲ 2,300 ਕਰੋੜ ਰੁਪਏ ਮਿਲਣਗੇ।  ਆਈ. ਓ. ਸੀ.   ਦਾ ਸ਼ੇਅਰ ਵੀਰਵਾਰ ਨੂੰ 0.7 ਫ਼ੀਸਦੀ ਚੜ੍ਹ ਕੇ 146.35 ਅਤੇ ਆਇਲ ਇੰਡੀਆ ਦਾ 0.25 ਫ਼ੀਸਦੀ  ਮਜ਼ਬੂਤ ਹੋ ਕੇ 203.50 ਰੁਪਏ ’ਤੇ ਰਿਹਾ।  ਇਸਦਾ ਮਤਲਬ ਇਹ ਹੈ ਕਿ ਮੌਜੂਦਾ ਭਾਅ ’ਤੇ ਇਨ੍ਹਾਂ ਕੰਪਨੀਆਂ ਵਿਚ ਹਿੱਸੇਦਾਰੀ ਵੇਚਣ ਨਾਲ ਸਰਕਾਰ ਨੂੰ 16,500 ਕਰੋੜ ਯਾਨੀ 2.3 ਅਰਬ ਡਾਲਰ ਮਿਲਣਗੇ।


Related News