‘ਇੰਡੀਆ’ ਗੱਠਜੋੜ ਦੀ ਸਰਕਾਰ ਬਣੀ ਤਾਂ ਪੂਰਾ ਸਮਰਥਨ ਦੇਵਾਂਗੀ : ਮਮਤਾ

Tuesday, May 14, 2024 - 12:36 PM (IST)

‘ਇੰਡੀਆ’ ਗੱਠਜੋੜ ਦੀ ਸਰਕਾਰ ਬਣੀ ਤਾਂ ਪੂਰਾ ਸਮਰਥਨ ਦੇਵਾਂਗੀ : ਮਮਤਾ

ਕੋਲਕਾਤਾ, (ਇੰਟ.)– ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਦੀ ਪ੍ਰਧਾਨ ਮਮਤਾ ਬੈਨਰਜੀ ਨੇ ਕਿਹਾ ਹੈ ਕਿ ਜੇਕਰ ਚੋਣਾਂ ਤੋਂ ਬਾਅਦ ਕੇਂਦਰ ਵਿਚ ‘ਇੰਡੀਆ’ ਗੱਠਜੋੜ ਦੀ ਸਰਕਾਰ ਬਣਦੀ ਹੈ ਤਾਂ ਉਹ ਉਸ ਨੂੰ ਪੂਰਾ ਸਮਰਥਨ ਦੇਵੇਗੀ। ਇਸ ਦੇ ਨਾਲ ਹੀ ਉਨ੍ਹਾਂ ਦਾਅਵਾ ਕੀਤਾ ਕਿ ਕੇਂਦਰ ਵਿਚ ਮੌਜੂਦਾ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਨੂੰ 543 ਸੀਟਾਂ ਵਿਚੋਂ 195 ਤੋਂ ਵੱਧ ਸੀਟਾਂ ਨਹੀਂ ਮਿਲਣਗੀਆਂ।

ਜਦੋਂ ਮਮਤਾ ਨੇ ਉੱਤਰੀ 24 ਪਰਗਨਾ ਜ਼ਿਲੇ ਦੇ ਬੋਨਗਾਂਵ ਅਤੇ ਬੈਰਕਪੁਰ ਹਲਕਿਆਂ ਵਿਚ 2 ਰੈਲੀਆਂ ਵਿਚ ਇਹ ਟਿੱਪਣੀਆਂ ਕੀਤੀਆਂ ਤਾਂ ਚੌਥੇ ਪੜਾਅ ਵਿਚ ਪੱਛਮੀ ਬੰਗਾਲ ਦੇ ਹੋਰ ਜ਼ਿਲਿਆਂ ਦੀਆਂ 8 ਲੋਕ ਸਭਾ ਸੀਟਾਂ ਲਈ ਵੋਟਿੰਗ ਚੱਲ ਰਹੀ ਸੀ। ਬੈਰਕਪੁਰ ਦੀ ਰੈਲੀ ਵਿਚ ਟੀ. ਐੱਮ. ਸੀ. ਸੁਪਰੀਮੋ ਨੇ ਕਿਹਾ, ‘‘ਬੰਗਾਲ ਰਸਤਾ ਦਿਖਾਏਗਾ। ਬੰਗਾਲ ਕੇਂਦਰ ਵਿਚ ਸਰਕਾਰ ਬਣਾਉਣ ਵਿਚ ਪੂਰਾ ਸਮਰਥਨ ਦੇਵੇਗਾ। ਸਾਨੂੰ ਕੁਝ ਨਹੀਂ ਚਾਹੀਦਾ। ਬੱਸ ਲੋਕਾਂ ਨੂੰ ਜੀਣ ਦਿਓ। ਦੇਸ਼ ਬਚਣਾ ਚਾਹੀਦਾ ਹੈ ਤਾਂ ਜੋ ਲੋਕ ਸ਼ਾਂਤੀ ਨਾਲ ਰਹਿਣ। ਦੇਸ਼ ਵਿਕਣਾ ਨਹੀਂ ਚਾਹੀਦਾ। ਸੰਵਿਧਾਨ ਨਹੀਂ ਵਿਕਣਾ ਚਾਹੀਦਾ। ਮਾਨਵਤਾ ਨਹੀਂ ਵਿਕਣੀ ਚਾਹੀਦੀ। ’’


author

Rakesh

Content Editor

Related News