ਸਰਕਾਰ ਦੀ ਪ੍ਰਾਈਵੇਟ ਟ੍ਰੇਡ ਰਾਹੀਂ 10 ਲੱਖ ਟਨ ਅਰਹਰ ਦਾਲ ਦੇ ਇੰਪੋਰਟ ਦੀ ਯੋਜਨਾ

Friday, Jan 13, 2023 - 10:32 AM (IST)

ਸਰਕਾਰ ਦੀ ਪ੍ਰਾਈਵੇਟ ਟ੍ਰੇਡ ਰਾਹੀਂ 10 ਲੱਖ ਟਨ ਅਰਹਰ ਦਾਲ ਦੇ ਇੰਪੋਰਟ ਦੀ ਯੋਜਨਾ

ਨਵੀਂ ਦਿੱਲੀ–ਸਰਕਾਰ ਨੇ ਲਗਭਗ 10 ਲੱਖ ਟਨ ਬਿਹਤਰੀਨ ਗੁਣਵੱਤਾ ਵਾਲੀ ਅਰਹਰ ਦਾਲ ਦਾ ਨਿੱਜੀ ਵਪਾਰ (ਪ੍ਰਾਈਵੇਟ ਟ੍ਰੇਡ) ਰਾਹੀਂ ਇੰਪੋਰਟ ਕਰਨ ਦੀ ਪੇਸ਼ਗੀ ਯੋਜਨਾ ਬਣਾਈ ਹੈ। ਅਰਹਰ ਦਾਲ ਦੀ ਕਮੀ ਦੇ ਖਦਸ਼ੇ ਦਰਮਿਆਨ ਸਰਕਾਰ ਨੇ ਇਹ ਕਦਮ ਉਠਾਇਆ ਹੈ। ਜ਼ਰੂਰੀ ਵਸਤਾਂ, ਵਿਸ਼ੇਸ਼ ਤੌਰ ’ਤੇ ਦਾਲ ਅਤੇ ਪਿਆਜ਼ ਦੀਆਂ ਕੀਮਤਾਂ ਦੀ ਸਮੀਖਿਆ ਲਈ ਕੈਬਨਿਟ ਸਕੱਤਰ ਵਲੋਂ ਸੱਦੀ ਗਈ ਉੱਚ ਪੱਧਰੀ ਬੈਠਕ ’ਚ ਇਸ ਮੁੱਦੇ ’ਤੇ ਚਰਚਾ ਕੀਤੀ ਗਈ। ਖੇਤੀਬਾੜੀ ਮੰਤਰਾਲਾ ਦੇ ਸ਼ੁਰੂਆਤੀ ਅਨੁਮਾਨ ਮੁਤਾਬਕ ਫਸਲ ਸਾਲ 2022-23 (ਜੁਲਾਈ-ਜੂਨ) ਵਿਚ ਅਰਹਰ ਦਾ ਉਤਪਾਦਨ ਪਿਛਲੇ ਸਾਲ ਦੇ 43.4 ਟਨ ਤੋਂ ਘਟ ਕੇ 38.9 ਲੱਖ ਟਨ ਰਹਿਣ ਦਾ ਅਨੁਮਾਨ ਹੈ। ਅਰਹਰ ਸਾਉਣੀ ਦੀ ਫਸਲ ਹੈ।
ਖਪਤਕਾਰ ਮਾਮਲਿਆਂ ਦੇ ਸਕੱਤਰ ਰੋਹਿਤ ਕੁਮਾਰ ਸਿੰਘ ਨੇ ਕਿਹਾ ਕਿ ਗੁਲਬਰਗ ਇਲਾਕਿਆਂ (ਕਰਨਾਟਕ ’ਚ) ਵਿਚ ਮੌਸਮ ਅਤੇ ਸੋਕੇ ਦੀ ਬੀਮਾਰੀ ਕਾਰਣ ਅਰਹਰ ਦਾਲ ਦੇ ਉਤਪਾਦਨ ’ਚ ਕਮੀ ਹੋ ਸਕਦੀ ਹੈ। ਇੰਪੋਰਟ ’ਚ ਕਮੀ ਨੂੰ ਪੂਰਾ ਕਰਨ ਲਈ ਯੋਜਨਾ ਬਣਾਈ ਗਈ ਹੈ। ਉਨ੍ਹਾਂ ਨੇ ਕਿਹਾ ਕਿ ਲੋੜੀਂਦੀ ਘਰੇਲੂ ਉਪਲਬਧਤਾ ਯਕੀਨੀ ਕਰਨ ਲਈ ਦੇਸ਼ ਨੂੰ ਚਾਲੂ ਵਿੱਤੀ ਸਾਲ (ਦਸੰਬਰ-ਨਵੰਬਰ) ਦੌਰਾਨ ਲਗਭਗ 10 ਲੱਖ ਟਨ ਅਰਹਰ ਦਾਲ ਦਾ ਇੰਪੋਰਟ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਵਿੱਤੀ ਸਾਲ 2021-22 ਵਿਚ ਕਰੀਬ 7.6 ਲੱਖ ਟਨ ਅਰਹਰ ਦਾਲ ਦਾ ਇੰਪੋਰਟ ਕੀਤਾ ਗਿਆ ਸੀ।
ਭਾਰਤ ਜ਼ਰੂਰੀ ਮਾਤਰਾ ’ਚ ਅਰਹਰ ਦਾਲ ਦਾ ਇੰਪੋਰਟ ਕਰਨ ’ਚ ਹੋਵੇਗਾ ਸਮਰੱਥ
ਅਰਹਰ ਦਾਲ ਦਾ ਸਭ ਤੋਂ ਵੱਧ ਇੰਪੋਰਟ ਪੂਰਬੀ ਅਫਰੀਕੀ ਦੇਸ਼ਾਂ ਤੋਂ ਅਤੇ ਕੁੱਝ ਮਿਆਂਮਾਰ ਤੋਂ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਜ਼ਰੂਰੀ ਮਾਤਰਾ ’ਚ ਅਰਹਰ ਦਾਲ ਦਾ ਇੰਪੋਰਟ ਕਰਨ ’ਚ ਸਮਰੱਥ ਹੋਵੇਗਾ ਕਿਉਂਕਿ ਇਨ੍ਹਾਂ ਦੇਸ਼ਾਂ ’ਚ ਲਗਭਗ 11-12 ਲੱਖ ਟਨ ਦਾਲਾਂ ਦੀ ਉਪਲਬਧਤਾ ਹੋਣ ਦਾ ਅਨੁਮਾਨ ਹੈ।
ਦਾਲਾਂ ਦੇ ਸੁਚਾਰੂ ਇੰਪੋਰਟ ਲਈ ਸਰਕਾਰ ਫਿਊਮੀਗੇਸ਼ਨ ਅਤੇ ਸਵੱਛਤਾ ਮਾਪਦੰਡਾਂ ਨੂੰ ਸੌਖਾਲਾ ਬਣਾਉਣ ’ਤੇ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅਰਹਰ ਦਾਲ ਦੇ ਇੰਪੋਰਟ ਨੂੰ ਪਹਿਲਾਂ ਹੀ 31 ਮਾਰਚ 2024 ਤੱਕ ਖੁੱਲੇ ਆਮ ਲਾਈਸੈਂਸ ਦੇ ਤਹਿਤ ਲਿਆਂਦਾ ਜਾ ਚੁੱਕਾ ਹੈ। ਸਕੱਤਰ ਨੇ ਕਿਹਾ ਕਿ ਪਿਆਜ਼ ਦੇ ਮਾਮਲੇ ’ਚ ਕੀਮਤਾਂ ਹਾਲੇ ਸਥਿਰ ਬਣੀਆਂ ਹੋਈਆਂ ਹਨ। ਸਰਕਾਰ ਆਉਣ ਵਾਲੇ ਮਹੀਨਿਆਂ ’ਚ ਆਪਣੇ ਬਫਰ ਸਟਾਕ ਲਈ ਹਾੜੀ ਫਸਲ ਨਾਲ ਪਿਆਜ਼ ਦੀ ਖਰੀਦ ਕਰੇਗੀ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।


author

Aarti dhillon

Content Editor

Related News