ਬ੍ਰੈਂਟ ਨੇ ਵਧਾਈ ਚਿੰਤਾ, ਪੰਜਾਬ ''ਚ ਵੀ 100 ਰੁ: ''ਤੇ ਪਹੁੰਚ ਸਕਦਾ ਹੈ ਪੈਟਰੋਲ!

Monday, Feb 22, 2021 - 05:03 PM (IST)

ਬ੍ਰੈਂਟ ਨੇ ਵਧਾਈ ਚਿੰਤਾ, ਪੰਜਾਬ ''ਚ ਵੀ 100 ਰੁ: ''ਤੇ ਪਹੁੰਚ ਸਕਦਾ ਹੈ ਪੈਟਰੋਲ!

ਨਵੀਂ ਦਿੱਲੀ- ਪੈਟਰੋਲ-ਡੀਜ਼ਲ ਕੀਮਤਾਂ ਨੂੰ ਲੈ ਕੇ ਦੇਸ਼ ਭਰ ਵਿਚ ਹਾਹਾਕਾਰ ਮਚੀ ਹੋਈ ਹੈ। ਰਾਜਸਥਾਨ ਦੇ ਸ੍ਰੀਗੰਗਾਨਗਰ ਵਿਚ ਤਾਂ ਪੈਟਰੋਲ ਪਹਿਲਾਂ ਹੀ 100 ਰੁਪਏ ਪ੍ਰਤੀ ਲਿਟਰ ਤੋਂ ਪਾਰ ਹੋ ਚੁੱਕਾ ਹੈ। ਪੰਜਾਬ ਵਿਚ ਵੀ ਇਹ ਇਸ ਪੱਧਰ ਨੂੰ ਛੂਹ ਸਕਦਾ ਹੈ ਕਿਉਂਕਿ ਕੌਮਾਂਤਰੀ ਬਾਜ਼ਾਰ ਵਿਚ ਕੱਚਾ ਤੇਲ ਮਹਿੰਗਾ ਹੋ ਰਿਹਾ ਹੈ, ਲਿਹਾਜਾ ਕੰਪਨੀਆਂ ਨੂੰ ਕੀਮਤਾਂ ਵਿਚ ਫਿਰ ਵਾਧਾ ਕਰਨਾ ਪੈ ਸਕਦਾ ਹੈ। ਜੇਕਰ ਸੂਬਾ ਜਾਂ ਕੇਂਦਰੀ ਪੱਧਰ 'ਤੇ ਟੈਕਸ ਵਿਚ ਕੋਈ ਕਟੌਤੀ ਨਾ ਹੋਈ ਤਾਂ ਲੋਕਾਂ ਨੂੰ ਇਸ ਦਾ ਭਾਰੀ ਬੋਝ ਚੁੱਕਣਾ ਪਵੇਗਾ।

ਕੌਮਾਂਤਰੀ ਬਾਜ਼ਾਰ ਵਿਚ ਬ੍ਰੈਂਟ ਦੀ ਕੀਮਤ 63 ਡਾਲਰ ਪ੍ਰਤੀ ਬੈਰਲ ਤੋਂ ਪਾਰ ਹੋ ਗਈ ਹੈ। ਗੋਲਡਮੈਨ ਸਾਕਸ ਮੁਤਾਬਕ, ਓਪੇਕ ਪਲੱਸ, ਸ਼ੇਲ ਤੇ ਈਰਾਨ ਵੱਲੋਂ ਸਪਲਾਈ ਦੇ ਮੁਕਾਬਲੇ ਗਲੋਬਲ ਮੰਗ ਜ਼ਿਆਦਾ ਹੋ ਗਈ ਹੈ ਅਤੇ ਤੇਲ ਕੀਮਤਾਂ ਵਿਚ ਪਹਿਲਾਂ ਦੇ ਅਨੁਮਾਨ ਦੀ ਤੁਲਨਾ ਵਿਚ ਤੇਜ਼ੀ ਨਾਲ ਉਛਾਲ ਆਉਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ- ਵੱਡੀ ਖ਼ਬਰ! ਸਰਕਾਰ ਇਸ ਬੀਮਾ ਕੰਪਨੀ ਦਾ ਕਰ ਸਕਦੀ ਹੈ ਨਿੱਜੀਕਰਨ

75 ਡਾਲਰ ਤੱਕ ਜਾਏਗਾ ਬ੍ਰੈਂਟ-
ਬੈਂਕ ਨੇ ਇਕ ਨੋਟ ਵਿਚ ਕਿਹਾ ਕਿ ਖ਼ਪਤ ਜੁਲਾਈ ਦੇ ਅਖੀਰ ਤੱਕ ਵਾਇਰਸ ਤੋਂ ਪਹਿਲਾਂ ਦੇ ਪੱਧਰ 'ਤੇ ਵਾਪਸ ਆ ਜਾਵੇਗੀ, ਜਦੋਂ ਕਿ ਸਪਲਾਈ ਸੀਮਤ ਰਹਿਣ ਦੀ ਸੰਭਾਵਨਾ ਹੈ। ਗੋਲਡਮੈਨ ਸਾਕਸ ਮੁਤਾਬਕ, ਅਗਲੀ ਤਿਮਾਹੀ ਤੱਕ ਬ੍ਰੈਂਟ ਲਗਭਗ 10 ਡਾਲਰ ਮਹਿੰਗਾ ਹੋ ਕੇ 70 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਸਕਦਾ ਹੈ ਅਤੇ ਇਸ ਤੋਂ ਅਗਲੇ ਤਿੰਨ ਮਹੀਨਿਆਂ ਵਿਚ 75 ਡਾਲਰ ਪ੍ਰਤੀ ਬੈਰਲ ਦੇ ਪੱਧਰ ਨੂੰ ਛੂਹ ਸਕਦਾ ਹੈ। ਗੋਲਡਮੈਨ ਨੇ ਕਿਹਾ ਕਿ ਇਸ ਸਾਲ ਹੁਣ ਤੱਕ ਬ੍ਰੈਂਟ ਤੇਲ ਦੀ ਕੀਮਤ ਲਗਭਗ 22 ਫ਼ੀਸਦੀ ਵੱਧ ਚੁੱਕੀ ਹੈ। ਬੈਂਕ ਨੇ ਕਿਹਾ ਕਿ ਤੇਲ ਦੀ ਸਪਲਾਈ ਕਈ ਕਾਰਨਾਂ ਕਰਕੇ ਮੰਗ ਤੋਂ ਪਿੱਛੇ ਰਹੇਗੀ। ਸੰਯੁਕਤ ਰਾਜ ਅਮਰੀਕਾ ਵੱਲੋਂ ਈਰਾਨ 'ਤੇ ਲਾਈ ਪਾਬੰਦੀ ਵਿਚ ਜਲਦ ਢਿੱਲ ਨਾ ਦਿੱਤੇ ਜਾਣ ਦੇ ਸੰਕੇਤਾਂ ਨਾਲ ਨੇੜਲੇ ਭਵਿੱਖ ਵਿਚ ਈਰਾਨੀ ਉਤਪਾਦਨ ਵਧਣ ਦੀ ਸੰਭਾਵਨਾ ਵੀ ਨਹੀਂ ਹੈ।

PunjabKesari

ਗੌਰਤਲਬ ਹੈ ਕਿ ਪੈਟਰੋਲ-ਡੀਜ਼ਲ ਕੀਮਤਾਂ ਹਾਲ ਹੀ ਵਿਚ ਲਗਾਤਾਰ 12 ਦਿਨ ਵਧੀਆਂ ਹਨ, ਹਾਲਾਂਕਿ ਸੋਮਵਾਰ ਨੂੰ ਲਗਾਤਾਰ ਦੂਜੇ ਦਿਨ ਤੇਲ ਕੀਮਤਾਂ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ। ਇਸ ਸਮੇਂ ਪੰਜਾਬ ਵਿਚ ਪੈਟਰੋਲ ਲਗਭਗ 92 ਰੁਪਏ ਅਤੇ ਡੀਜ਼ਲ ਤਕਰੀਬਨ 83 ਰੁਪਏ ਪ੍ਰਤੀ ਲਿਟਰ ਵਿਕ ਰਿਹਾ ਹੈ।

ਇਹ ਵੀ ਪੜ੍ਹੋ- ਵੱਡੀ ਖ਼ੁਸ਼ਖ਼ਬਰੀ! ਪਾਸਪੋਰਟ ਲਈ ਸਰਕਾਰ ਨੇ ਲਾਂਚ ਕੀਤੀ ਇਹ ਨਵੀਂ ਸਕੀਮ 

ਬ੍ਰੈਂਟ ਮਹਿੰਗਾ ਹੋਣ ਨਾਲ ਤੇਲ ਕੀਮਤਾਂ 'ਤੇ ਹੋਣ ਵਾਲੇ ਅਸਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


author

Sanjeev

Content Editor

Related News