ਟਰੰਪ ਦੀ ਜਿੱਤ ਮਗਰੋਂ ਸੋਨੇ ਦੇ ਭਾਅ ''ਚ 2000 ਰੁਪਏ ਤੇ ਚਾਂਦੀ ''ਚ 4500 ਰੁਪਏ ਦੀ ਗਿਰਾਵਟ

Wednesday, Nov 06, 2024 - 08:54 PM (IST)

ਟਰੰਪ ਦੀ ਜਿੱਤ ਮਗਰੋਂ ਸੋਨੇ ਦੇ ਭਾਅ ''ਚ 2000 ਰੁਪਏ ਤੇ ਚਾਂਦੀ ''ਚ 4500 ਰੁਪਏ ਦੀ ਗਿਰਾਵਟ

ਜਲੰਧਰ (ਵਿਸ਼ੇਸ਼) : ਅਮਰੀਕਾ ਵਿਚ ਡੋਨਾਲਡ ਟਰੰਪ ਦੀ ਜਿੱਤ ਤੋਂ ਬਾਅਦ ਸੋਨੇ-ਚਾਂਦੀ ਦੀਆਂ ਕੀਮਤਾਂ ਵਿਚ ਭਾਰੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਨਿਊਯਾਰਕ ਕਮੋਡਿਟੀ ਐਕਸਚੇਂਜ (COMEX) 'ਤੇ ਸੋਨੇ ਦੀਆਂ ਕੀਮਤਾਂ 'ਚ ਪੌਣੇ ਤਿੰਨ ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ, ਜਦਕਿ ਚਾਂਦੀ ਦੀਆਂ ਕੀਮਤਾਂ 'ਚ 5 ਫੀਸਦੀ ਤੱਕ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਸੋਨਾ 2.80 ਫੀਸਦੀ ਦੀ ਗਿਰਾਵਟ ਨਾਲ 2672 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਿਹਾ ਸੀ, ਜਦਕਿ ਚਾਂਦੀ ਦੀ ਕੀਮਤ ਪੰਜ ਫੀਸਦੀ ਡਿੱਗ ਕੇ 31.35 ਡਾਲਰ 'ਤੇ ਕਾਰੋਬਾਰ ਕਰ ਰਹੀ ਸੀ।

ਅਮਰੀਕਾ 'ਚ ਇਸ ਗਿਰਾਵਟ ਦਾ ਅਸਰ ਭਾਰਤ ਦੇ ਕਮੋਡਿਟੀ ਐਕਸਚੇਂਜ 'ਤੇ ਵੀ ਪਿਆ ਅਤੇ ਮਲਟੀ ਕਮੋਡਿਟੀ ਐਕਸਚੇਂਜ 'ਤੇ ਸੋਨੇ ਦੀਆਂ ਕੀਮਤਾਂ ਕਰੀਬ ਢਾਈ ਫੀਸਦੀ ਤੱਕ ਡਿੱਗ ਗਈਆਂ। ਬੁੱਧਵਾਰ ਸ਼ਾਮ ਨੂੰ ਸੋਨਾ 2.53 ਫੀਸਦੀ ਦੀ ਗਿਰਾਵਟ ਨਾਲ 76517 ਰੁਪਏ 'ਤੇ ਕਾਰੋਬਾਰ ਕਰ ਰਿਹਾ ਸੀ ਅਤੇ 1990 ਰੁਪਏ ਦੀ ਗਿਰਾਵਟ ਦੇਖੀ ਗਈ ਸੀ। ਕਾਰੋਬਾਰੀ ਸੈਸ਼ਨ ਦੌਰਾਨ ਸੋਨਾ 76492 ਦੇ ਹੇਠਲੇ ਪੱਧਰ ਨੂੰ ਛੂਹ ਗਿਆ। ਮੰਗਲਵਾਰ ਰਾਤ ਨੂੰ ਸੋਨਾ 78507 'ਤੇ ਬੰਦ ਹੋਇਆ ਸੀ ਅਤੇ ਬੁੱਧਵਾਰ ਨੂੰ MCX 'ਤੇ 78593 ਦੇ ਉੱਚ ਪੱਧਰ 'ਤੇ ਪਹੁੰਚ ਗਿਆ ਸੀ।

ਇਸੇ ਤਰ੍ਹਾਂ ਚਾਂਦੀ ਦੀ ਕੀਮਤ 'ਚ 4.70 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਅਤੇ ਚਾਂਦੀ ਦੀ ਕੀਮਤ 90108 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਖ਼ਬਰ ਲਿਖੇ ਜਾਣ ਤੱਕ ਚਾਂਦੀ 90197 ਰੁਪਏ 'ਤੇ ਕਾਰੋਬਾਰ ਕਰ ਰਹੀ ਸੀ। ਮੰਗਲਵਾਰ ਨੂੰ ਚਾਂਦੀ 94648 ਰੁਪਏ 'ਤੇ ਬੰਦ ਹੋਈ ਸੀ ਅਤੇ ਬੁੱਧਵਾਰ ਨੂੰ ਚਾਂਦੀ ਦੀ ਵੱਧ ਤੋਂ ਵੱਧ ਕੀਮਤ 94129 ਰੁਪਏ ਸੀ।

ਤਾਂਬਾ, ਪਲੈਟੀਨਮ ਅਤੇ ਹੋਰ ਧਾਤਾਂ ਦੀ ਕੀਮਤ ਵੀ ਡਿੱਗੀ
ਟਰੰਪ ਦੀ ਜਿੱਤ ਨਾਲ ਨਾ ਸਿਰਫ ਕੀਮਤੀ ਧਾਤਾਂ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਆਈ, ਸਗੋਂ ਤਾਂਬੇ ਦੀਆਂ ਕੀਮਤਾਂ 'ਚ ਵੀ 4.82 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਬੁੱਧਵਾਰ ਸ਼ਾਮ ਨੂੰ ਕਾਮੈਕਸ 'ਤੇ ਤਾਂਬਾ 4.25 ਡਾਲਰ 'ਤੇ ਕਾਰੋਬਾਰ ਕਰ ਰਿਹਾ ਸੀ, ਜਦੋਂ ਕਿ ਪਲੈਟੀਨਮ ਦੀ ਕੀਮਤ 'ਚ 3.10 ਫੀਸਦੀ ਅਤੇ ਪਲੇਡੀਅਮ ਦੀ ਕੀਮਤ 'ਚ 3.63 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ।


author

Baljit Singh

Content Editor

Related News