ਟੈਕਸ ਬਚਾਉਣ ਦੇ ਚੱਕਰ ’ਚ ਦੁਬਈ ਗਏ ਭਾਰਤੀਆਂ ਦੀ ਵਧੀ ਮੁਸੀਬਤ, ਜਾਣੋ ਨਿਵੇਸ਼ ’ਤੇ ਕੀ ਹੋ ਸਕਦੈ ਅਸਰ

Monday, Mar 02, 2026 - 11:12 AM (IST)

ਟੈਕਸ ਬਚਾਉਣ ਦੇ ਚੱਕਰ ’ਚ ਦੁਬਈ ਗਏ ਭਾਰਤੀਆਂ ਦੀ ਵਧੀ ਮੁਸੀਬਤ, ਜਾਣੋ ਨਿਵੇਸ਼ ’ਤੇ ਕੀ ਹੋ ਸਕਦੈ ਅਸਰ

ਬਿਜ਼ਨੈੱਸ ਡੈਸਕ - ਟੈਕਸ ਬਚਾਉਣ ਦੇ ਚੱਕਰ ’ਚ ਦੁਬਈ ਗਏ ਭਾਰਤੀਆਂ ਦੀ ਜਾਨ ਹੁਣ ਮੁਸੀਬਤ ’ਚ ਫਸ ਗਈ ਹੈ। ਅਮਰੀਕਾ ਅਤੇ ਇਜ਼ਰਾਈਲ ਦੇ ਸਾਂਝੇ ਹਮਲੇ ਤੋਂ ਬਾਅਦ ਈਰਾਨ ਦੀ ਜਵਾਬੀ ਕਾਰਵਾਈ ਦੌਰਾਨ ਦੁਬਈ ’ਚ ਹੋਏ ਹਮਲਿਆਂ ਕਾਰਨ ਭਾਰਤੀ ਡਰੇ ਹੋਏ ਹਨ ਅਤੇ ਉਨ੍ਹਾਂ ਨੇ ਆਪਣੇ ਘਰਾਂ ਨੂੰ ਸੰਦੇਸ਼ ਭੇਜੇ ਹਨ। ਹਾਲ ਹੀ ਦੇ ਸਾਲਾਂ ’ਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਭਾਰਤੀ ਦੁਬਈ ’ਚ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ, ਜਿਸ ਕਾਰਨ ਉਥੇ ਪ੍ਰਾਪਰਟੀ ਬਾਜ਼ਾਰ ’ਚ ਗਿਰਾਵਟ ਦੇ ਅਾਸਾਰ ਬਣੇ ਹੋਏ ਹਨ।

ਇਹ ਵੀ ਪੜ੍ਹੋਕੱਲ੍ਹ ਤੋਂ ਬਦਲ ਜਾਣਗੇ ਟਿਕਟ ਬੁਕਿੰਗ, UPI, LPG, WhatsApp ਤੇ Telegram ਨਾਲ ਸਬੰਧਤ ਨਿਯਮ

ਦੱਸ ਦੇਈਏ ਕਿ ਭਾਰਤ ’ਚ ਨਿੱਜੀ ਆਮਦਨ ਕਰ 5 ਤੋਂ 30 ਫੀਸਦੀ ਲੱਗਦਾ ਹੈ ਅਤੇ ਜੀ. ਐੱਸ. ਟੀ. 5 ਤੋਂ 28 ਫੀਸਦੀ ਤੱਕ ਹੈ। ਇਸ ਤੋਂ ਇਲਾਵਾ ਵੀ ਭਾਰਤ ’ਚ ਨਾਗਰਿਕਾਂ ਨੂੰ ਕਈ ਤਰ੍ਹਾਂ ਦੇ ਟੈਕਸ ਦੇਣੇ ਪੈਂਦੇ ਹਨ। ਇਹੀ ਕਾਰਨ ਹੈ ਕਿ ਭਾਰਤੀ ਟੈਕਸ ਬਚਾਉਣ ਦੇ ਚੱਕਰ ’ਚ ਦੁਬਈ ਵੱਲ ਜਾਂਦੇ ਹਨ, ਜਦਕਿ ਹੁਣ ਉਨ੍ਹਾਂ ਦੀ ਜਾਨ ’ਤੇ ਬਣ ਆਈ ਹੈ। ਮੌਜੂਦਾ ਹਾਲਾਤ ’ਚ ਨਵੇਂ ਸੌਦੇ ਕੁਝ ਸਮੇਂ ਲਈ ਟਲਦੇ ਦਿਖਾਈ ਦੇ ਰਹੇ ਹਨ ਅਤੇ ਨਵਾਂ ਨਿਵੇਸ਼ ਵੀ ਰੁਕਦਾ ਨਜ਼ਰ ਆ ਰਿਹਾ ਹੈ। ਬਾਜ਼ਾਰ ਮਾਹਿਰਾਂ ਦਾ ਕਹਿਣਾ ਹੈ ਕਿ ਨਿਵੇਸ਼ਕ ਫਿਲਹਾਲ ‘‘ਵੇਟ ਐਂਡ ਵਾਚ’ ਰਣਨੀਤੀ ਅਪਣਾ ਰਹੇ ਹਨ।

ਇਹ ਵੀ ਪੜ੍ਹੋ :   ਵਿੱਤ ਮੰਤਰੀ ਦੀ ਬੈਂਕਾਂ ਨੂੰ ਵੱਡੀ ਚਿਤਾਵਨੀ; 1 ਜੁਲਾਈ ਤੋਂ ਲਾਗੂ ਹੋਣਗੇ ਸਖ਼ਤ ਨਿਯਮ

84,000 ਕਰੋੜ ਰੁਪਏ ਦਾ ਪ੍ਰਾਪਰਟੀ ’ਚ ਨਿਵੇਸ਼

ਮੱਧ-ਪੂਰਬ ’ਚ ਈਰਾਨ ਅਤੇ ਅਮਰੀਕਾ-ਇਜ਼ਰਾਈਲ ਵਿਚਾਲੇ ਵਧਦੇ ਤਣਾਅ ਦਾ ਅਸਰ ਹੁਣ ਖਾੜੀ ਦੇ ਕਾਰੋਬਾਰੀ ਕੇਂਦਰ ਦੁਬਈ ਤੱਕ ਮਹਿਸੂਸ ਕੀਤਾ ਜਾਣ ਲੱਗਾ ਹੈ। ਦੁਬਈ ਦੇ ਰੀਅਲ ਅਸਟੇਟ ਬਾਜ਼ਾਰ ’ਚ ਭਾਰਤੀ ਨਿਵੇਸ਼ਕਾਂ ਦੀ ਹਿੱਸੇਦਾਰੀ ਲਗਾਤਾਰ ਮਜ਼ਬੂਤ ਰਹੀ ਹੈ। ਸਾਲ 2024 ਦੇ ਅੰਕੜਿਆਂ ਮੁਤਾਬਕ ਭਾਰਤੀਆਂ ਨੇ ਦੁਬਈ ’ਚ ਅੰਦਾਜ਼ਨ ਕਰੀਬ 84,000 ਕਰੋੜ ਰੁਪਏ (ਲੱਗਭਗ 10 ਅਰਬ ਡਾਲਰ ਤੋਂ ਵੱਧ) ਦੀ ਪ੍ਰਾਪਰਟੀ ਖਰੀਦੀ ਹੈ। ਇਸ ਤੋਂ ਇਲਾਵਾ 2020 ਤੋਂ 2023 ਦੇ ਵਿਚਕਾਰ ਭਾਰਤੀ ਨਿਵੇਸ਼ਕਾਂ ਵੱਲੋਂ ਅਰਬਾਂ ਡਾਲਰ ਦਾ ਨਿਵੇਸ਼ ਵਪਾਰ, ਆਈ. ਟੀ., ਰਿਟੇਲ, ਮੈਨੂਫੈਕਚਰਿੰਗ ਅਤੇ ਸਟਾਰਟਅਪ ਖੇਤਰ ’ਚ ਹੋਇਆ। ਰਿਪੋਰਟ ਮੁਤਾਬਕ ਰੀਅਲ ਅਸਟੇਟ ਤੋਂ ਇਲਾਵਾ ਭਾਰਤੀ ਕੰਪਨੀਆਂ ਅਤੇ ਕਾਰੋਬਾਰੀਆਂ ਨੇ ਦੁਬਈ ਅਤੇ ਪੂਰੇ ਯੂ. ਏ. ਈ. ’ਚ 4 ਅਰਬ ਡਾਲਰ ਤੋਂ ਵੱਧ ਨਿਵੇਸ਼ ਕੀਤਾ ਹੈ।

ਇਹ ਵੀ ਪੜ੍ਹੋ :     1 ਅਪ੍ਰੈਲ ਤੋਂ ਬਦਲ ਜਾਣਗੇ PAN, Tax ਤੇ ITR ਨਿਯਮ, ਆਮ ਆਦਮੀ 'ਤੇ ਪਵੇਗਾ ਸਿੱਧਾ ਅਸਰ

ਰੀਅਲ ਅਸਟੇਟ ’ਚ ਹਲਕੀ ਸੁਸਤੀ, ਕੀਮਤਾਂ ’ਤੇ ਸੀਮਤ ਦਬਾਅ

ਦੁਬਈ ਦੇ ਪ੍ਰਾਪਰਟੀ ਬਾਜ਼ਾਰ ’ਚ ਭਾਰਤੀ ਖਰੀਦਦਾਰਾਂ ਦੀ ਹਿੱਸੇਦਾਰੀ ਕਾਫ਼ੀ ਵੱਡੀ ਹੈ। ਜੇਕਰ ਤਣਾਅ ਲੰਬਾ ਖਿੱਚਿਆ ਜਾਂਦਾ ਹੈ ਤਾਂ ਟ੍ਰਾਂਸਜ਼ੈਕਸ਼ਨ ਦੇ ਅੰਕੜੇ ’ਚ 10 ਤੋਂ 20 ਫੀਸਦੀ ਤੱਕ ਗਿਰਾਵਟ ਆ ਸਕਦੀ ਹੈ। ਹਾਲਾਂਕਿ ਕੀਮਤਾਂ ’ਚ ਤੁਰੰਤ ਵੱਡੀ ਗਿਰਾਵਟ ਦੀ ਸੰਭਾਵਨਾ ਘੱਟ ਮੰਨੀ ਜਾ ਰਹੀ ਹੈ। ਕਿਰਾਏ ਤੋਂ ਹੋਣ ਵਾਲੀ ਕਮਾਈ ’ਤੇ ਵੀ ਫਿਲਹਾਲ ਵੱਡਾ ਅਸਰ ਨਹੀਂ ਦਿਸ ਰਿਹਾ ਕਿਉਂਕਿ ਦੁਬਈ ’ਚ ਪ੍ਰਵਾਸੀ ਆਬਾਦੀ ਅਤੇ ਰਿਹਾਇਸ਼ ਦੀ ਮੰਗ ਸਥਿਰ ਬਣੀ ਹੋਈ ਹੈ।

ਇਹ ਵੀ ਪੜ੍ਹੋ :   ਹੁਣ ਸੋਨੇ ਦੇ ਬਦਲੇ ਮਿਲੇਗਾ ਵੱਧ ਪੈਸਾ! RBI ਨੇ ਬਦਲੇ ਗੋਲਡ ਲੋਨ ਦੇ ਨਿਯਮ, ਚਾਂਦੀ 'ਤੇ ਵੀ ਮਿਲੇਗਾ

ਤੇਲ ਦੀਆਂ ਕੀਮਤਾਂ ਬਣੀਆਂ ਵੱਡਾ ਫੈਕਟਰ

ਜੰਗ ਦੇ ਕਾਰਨ ਕੱਚੇ ਤੇਲ ਦੀਆਂ ਕੀਮਤਾਂ ’ਚ ਉਛਾਲ ਦਾ ਖਦਸ਼ਾ ਰਹਿੰਦਾ ਹੈ। ਤੇਲ ਮਹਿੰਗਾ ਹੋਣ ਨਾਲ ਗਲੋਬਲ ਮਹਿੰਗਾਈ ਵਧ ਸਕਦੀ ਹੈ, ਜਿਸ ਦਾ ਅਸਰ ਭਾਰਤੀ ਨਿਵੇਸ਼ਕਾਂ ਦੀ ਵਿਦੇਸ਼ੀ ਨਿਵੇਸ਼ ਸਮਰੱਥਾ ’ਤੇ ਪੈ ਸਕਦਾ ਹੈ। ਹਾਲਾਂਕਿ ਉਤਪਾਦਕ ਦੇਸ਼ਾਂ ਨੂੰ ਉੱਚੀਆਂ ਕੀਮਤਾਂ ਤੋਂ ਮਾਲੀਆ ਲਾਭ ਵੀ ਮਿਲਦਾ ਹੈ, ਜਿਸ ਨਾਲ ਸਥਾਨਕ ਅਰਥਵਿਵਸਥਾ ਨੂੰ ਕੁਝ ਸਹਾਰਾ ਮਿਲ ਸਕਦਾ ਹੈ।

ਇਹ ਵੀ ਪੜ੍ਹੋ :   Gold-Silver ਦੀਆਂ ਕੀਮਤਾਂ 'ਚ ਭਾਰੀ ਵਾਧੇ ਦੀ ਸੰਭਾਵਨਾ, 25,000 ਰੁਪਏ ਮਹਿੰਗਾ ਹੋ ਸਕਦੈ ਸੋਨਾ

ਸ਼ੇਅਰ ਬਾਜ਼ਾਰ ਅਤੇ ਕਾਰੋਬਾਰ ’ਤੇ ਅਸਰ

ਤਣਾਅ ਵਧਣ ਨਾਲ ਖਾੜੀ ਅਤੇ ਏਸ਼ੀਆਈ ਸ਼ੇਅਰ ਬਾਜ਼ਾਰਾਂ ’ਚ ਉਤਾਰ-ਚੜ੍ਹਾਅ ਤੇਜ਼ ਹੋ ਸਕਦਾ ਹੈ। ਇਸ ਨਾਲ ਨਿਵੇਸ਼ਕਾਂ ਦੇ ਧਾਰਨਾ ’ਤੇ ਅਸਰ ਪੈਂਦਾ ਹੈ ਅਤੇ ਵੱਡੇ ਫ਼ੈਸਲੇ ਟਾਲ ਦਿੱਤੇ ਜਾਂਦੇ ਹਨ। ਦੁਬਈ ਦਾ ਕਾਰੋਬਾਰੀ ਮਾਹੌਲ ਮਜ਼ਬੂਤ ਹੈ ਪਰ ਭੂ-ਸਿਆਸੀ ਅਨਿਸ਼ਚਿਤਤਾ ਥੋੜ੍ਹੇ ਸਮੇਂ ਲਈ ਅਸਥਿਰਤਾ ਜ਼ਰੂਰ ਪੈਦਾ ਕਰ ਸਕਦੀ ਹੈ।

ਇਹ ਵੀ ਪੜ੍ਹੋ :    5 ਰੁਪਏ ਦਾ ਇਹ ਨੋਟ ਬਣਾ ਦੇਵੇਗਾ ਲੱਖਪਤੀ? ਜਾਣੋ ਵਾਇਰਲ ਖ਼ਬਰ ਸੱਚ ਹੈ ਜਾਂ ਫਰਜ਼ੀ

ਕੀ ਲੰਬੀ ਜੰਗ ਨਾਲ ਜੋਖਮ ਵਧੇਗਾ?

ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਟਕਰਾਅ ਸੀਮਤ ਦਾਇਰੇ ’ਚ ਰਹਿੰਦਾ ਹੈ ਤਾਂ ਅਸਰ ਆਰਜ਼ੀ ਰਹੇਗਾ ਪਰ ਜੇਕਰ ਹਾਲਾਤ ਵਿਗੜਦੇ ਹਨ ਅਤੇ ਖਾੜੀ ਖੇਤਰ ਸਿੱਧੇ ਤੌਰ ’ਤੇ ਪ੍ਰਭਾਵਿਤ ਹੁੰਦਾ ਹੈ ਤਾਂ ਨਿਵੇਸ਼ ਗਤੀਵਿਧੀਆਂ ’ਚ 20-25 ਫੀਸਦੀ ਤੱਕ ਗਿਰਾਵਟ ਸੰਭਵ ਹੈ।

ਕੁੱਲ ਮਿਲਾ ਕੇ ਦੁਬਈ ’ਚ ਭਾਰਤੀ ਨਿਵੇਸ਼ ’ਤੇ ਫਿਲਹਾਲ ਸਿੱਧਾ ਵੱਡਾ ਝਟਕਾ ਨਹੀਂ, ਸਗੋਂ ਮਾਨਸਿਕ ਦਬਾਅ ਜ਼ਿਆਦਾ ਹੈ। ਲੰਬੇ ਸਮੇਂ ’ਚ ਦੁਬਈ ਦੀ ਮਜ਼ਬੂਤ ਆਰਥਿਕ ਬੁਨਿਆਦ ਨਿਵੇਸ਼ ਨੂੰ ਸੰਭਾਲ ਸਕਦੀ ਹੈ ਪਰ ਮੌਜੂਦਾ ਹਾਲਾਤ ’ਚ ਚੌਕਸੀ ਹੀ ਨਿਵੇਸ਼ਕਾਂ ਦੀ ਪਹਿਲੀ ਪਸੰਦ ਬਣੀ ਹੋਈ ਹੈ।

ਕੁੱਲ ਨਿਵੇਸ਼ ’ਤੇ ਕੀ ਹੋ ਸਕਦੈ ਅਸਰ

ਜੇਕਰ ਰੀਅਲ ਅਸਟੇਟ ਅਤੇ ਵਪਾਰਕ ਨਿਵੇਸ਼ ਨੂੰ ਮਿਲਾ ਕੇ ਵੇਖਿਆ ਜਾਵੇ ਤਾਂ ਦੁਬਈ ’ਚ ਭਾਰਤੀ ਨਿਵੇਸ਼ ਕਈ ਅਰਬ ਡਾਲਰ ਦੇ ਪੱਧਰ ’ਤੇ ਪਹੁੰਚ ਚੁੱਕਾ ਹੈ। ਵੱਡੀ ਗਿਣਤੀ ’ਚ ਭਾਰਤੀ ਕਾਰੋਬਾਰੀ, ਮਾਹਿਰ ਅਤੇ ਅਮੀਰ ਸ਼ਖ਼ਸੀਅਤਾਂ ਉਥੇ ਸਰਗਰਮ ਹਨ। ਸੌਖੇ ਵਪਾਰਕ ਨਿਯਮਾਂ, ਟੈਕਸ ਛੋਟਾਂ ਅਤੇ ਗਲੋਬਲ ਕੁਨੈਕਟੀਵਿਟੀ ਨੇ ਦੁਬਈ ਨੂੰ ਭਾਰਤੀ ਨਿਵੇਸ਼ਕਾਂ ਲਈ ਖਿੱਚ ਦਾ ਕੇਂਦਰ ਬਣਾਇਆ ਹੈ।

ਕੁੱਲ ਮਿਲਾ ਕੇ ਦੁਬਈ ਦੀ ਅਰਥਵਿਵਸਥਾ ’ਚ ਭਾਰਤੀ ਪੂੰਜੀ ਦੀ ਭਾਗੀਦਾਰੀ ਬੇਹੱਦ ਅਹਿਮ ਹੈ। ਰੀਅਲ ਅਸਟੇਟ ’ਚ ਭਾਰੀ ਖਰੀਦੋ, ਵਪਾਰਕ ਨਿਵੇਸ਼ ਅਤੇ ਲਗਾਤਾਰ ਵਧਦੀ ਮੌਜੂਦਗੀ ਇਹ ਦਿਖਾਉਂਦੀ ਹੈ ਕਿ ਭਾਰਤੀ ਨਿਵੇਸ਼ਕ ਉਥੇ ਲੰਬੇ ਸਮੇਂ ਦੇ ਮੌਕੇ ਵੇਖ ਰਹੇ ਸਨ। ਹਾਲਾਂਕਿ ਹੁਣ ਦੁਨੀਆਭਰ ਦੇ ਅਮੀਰਾਂ ਲਈ ਪਸੰਦੀਦਾ ਦੁਬਈ ਅਸਟੇਟ ਇਸ ਸਮੇਂ ਸੰਕਟ ’ਚ ਹੈ। ਈਰਾਨ ਵੱਲੋਂ ਅਮਰੀਕੀ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਮਿਜ਼ਾਈਲ ਹਮਲਿਆਂ ਨੇ ਇਸ ਰੀਅਲ ਅਸਟੇਟ ਮਾਰਕੀਟ ’ਚ ਭੜਥੂ ਪਾ ਦਿੱਤਾ ਹੈ। ਜਾਣਕਾਰਾਂ ਦਾ ਮੰਨਣਾ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਜਿਸ ਰਫ਼ਤਾਰ ਨਾਲ ਪ੍ਰਾਪਰਟੀ ਦੀ ਮੰਗ ਵਧ ਰਹੀ ਸੀ, ਹੁਣ ਉਸ ’ਤੇ ਬ੍ਰੇਕ ਲੱਗ ਸਕਦੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News