ਸੋਨਾ 33 ਹਜ਼ਾਰ ਦੇ ਪਾਰ, ਚਾਂਦੀ 250 ਰੁਪਏ ਹੋਈ ਸਸਤੀ

01/22/2019 3:10:40 PM

ਨਵੀਂ ਦਿੱਲੀ— ਨਿਵੇਸ਼ਕਾਂ ਲਈ ਸੋਨਾ ਚੰਗਾ ਸਾਬਤ ਹੋ ਰਿਹਾ ਹੈ। ਹਾਲਾਂਕਿ ਨਵੇਂ ਖਰੀਦਦਾਰਾਂ ਲਈ ਇਸ 'ਚ ਪੈਸਾ ਲਾਉਣਾ ਹੋਰ ਵੀ ਮੁਸ਼ਕਲ ਦਿਸ ਰਿਹਾ ਹੈ। ਮੰਗਲਵਾਰ ਸੋਨੇ 'ਚ ਤੇਜ਼ੀ ਅਤੇ ਚਾਂਦੀ ਦੀ ਕੀਮਤ 'ਚ ਗਿਰਾਵਟ ਦਰਜ ਕੀਤੀ ਗਈ।

ਵਿਦੇਸ਼ੀ ਬਾਜ਼ਾਰਾਂ 'ਚ ਰਹੀ ਗਿਰਾਵਟ ਵਿਚਕਾਰ ਘਰੇਲੂ ਪੱਧਰ 'ਤੇ ਵਿਆਹਾਂ-ਸ਼ਾਦੀਆਂ ਲਈ ਜਿਊਲਰੀ ਦੀ ਮੰਗ ਵਧਣ ਨਾਲ ਦਿੱਲੀ ਸਰਾਫਾ ਬਾਜ਼ਾਰ 'ਚ ਸੋਨੇ ਦੀ ਕੀਮਤ 125 ਰੁਪਏ ਚੜ੍ਹ ਕੇ 7 ਸਾਲਾਂ ਦੇ ਉੱਚੇ ਪੱਧਰ 33,325 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਈ। ਉੱਥੇ ਹੀ ਉਦਯੋਗਿਕ ਅਤੇ ਸਿੱਕਾ ਨਿਰਮਾਤਾਵਾਂ ਦੀ ਮੰਗ ਘੱਟ ਹੋਣ ਕਾਰਨ ਚਾਂਦੀ 250 ਰੁਪਏ ਡਿੱਗ ਕੇ 39,850 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਸੋਨਾ ਭਟੂਰ 125 ਰੁਪਏ ਮਹਿੰਗਾ ਹੋ ਕੇ 33,175 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਰਿਹਾ। ਹਾਲਾਂਕਿ 8 ਗ੍ਰਾਮ ਵਾਲੀ ਗਿੰਨੀ 25,500 ਰੁਪਏ 'ਤੇ ਜਿਉਂ ਦੀ ਤਿਉਂ ਟਿਕੀ ਰਹੀ।

ਵਿਦੇਸ਼ੀ ਬਾਜ਼ਾਰਾਂ 'ਚ ਅਮਰੀਕੀ ਸੋਨਾ 0.13 ਫੀਸਦੀ ਡਿੱਗ ਕੇ 1,278.90 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਦੁਨੀਆ ਦੀਆਂ ਹੋਰ ਪ੍ਰਮੁੱਖ ਕਰੰਸੀਆਂ ਦੀ ਬਾਸਕਿਟ 'ਚ ਡਾਲਰ ਦੀ ਮਜਬੂਤ ਸਥਿਤੀ ਕਾਰਨ ਕੌਮਾਂਤਰੀ ਪੱਧਰ 'ਤੇ ਕੀਮਤਾਂ 'ਚ ਗਿਰਾਵਟ ਦਰਜ ਹੋਈ। ਡਾਲਰ ਮਹਿੰਗਾ ਹੋਣ ਨਾਲ ਖਰੀਦਦਾਰਾਂ ਲਈ ਸੋਨਾ ਮਹਿੰਗਾ ਰਿਹਾ, ਜਿਸ ਕਾਰਨ ਇਸ ਦੀ ਖਰੀਦਦਾਰੀ ਘੱਟ ਹੋਈ। ਕੌਮਾਂਤਰੀ ਬਾਜ਼ਾਰ 'ਚ ਚਾਂਦੀ ਹਾਜ਼ਰ 0.46 ਫੀਸਦੀ ਡਿੱਗ ਕੇ 15.26 ਡਾਲਰ ਪ੍ਰਤੀ ਔਂਸ 'ਤੇ ਰਹੀ।


Related News