ਹਮਾਸ-ਇਜ਼ਰਾਈਲ ਜੰਗ ਨੂੰ ਪੂਰੇ ਹੋਏ 6 ਮਹੀਨੇ, ਗਾਜ਼ਾ ’ਚ 33 ਹਜ਼ਾਰ ਲੋਕ ਤੇ ਹਮਾਸ ਦੇ 13 ਹਜ਼ਾਰ ਅੱਤਵਾਦੀ ਮਾਰੇ ਗਏ

Monday, Apr 08, 2024 - 05:51 AM (IST)

ਹਮਾਸ-ਇਜ਼ਰਾਈਲ ਜੰਗ ਨੂੰ ਪੂਰੇ ਹੋਏ 6 ਮਹੀਨੇ, ਗਾਜ਼ਾ ’ਚ 33 ਹਜ਼ਾਰ ਲੋਕ ਤੇ ਹਮਾਸ ਦੇ 13 ਹਜ਼ਾਰ ਅੱਤਵਾਦੀ ਮਾਰੇ ਗਏ

ਤੇਲ ਅਵੀਵ (ਏ. ਐੱਨ. ਆਈ.)– ਫਿਲਸਤੀਨੀ ਅੱਤਵਾਦੀ ਸੰਗਠਨ ਹਮਾਸ ਨਾਲ ਇਜ਼ਰਾਈਲ ਦੀ ਜੰਗ ਐਤਵਾਰ ਨੂੰ ਛੇਵੇਂ ਮਹੀਨੇ ’ਚ ਦਾਖ਼ਲ ਹੋ ਗਈ। ਪਿਛਲੇ ਸਾਲ 7 ਅਕਤੂਬਰ ਨੂੰ ਹਮਾਸ ਦੇ ਅੱਤਵਾਦੀਆਂ ਨੇ ਇਜ਼ਰਾਈਲ ਦੀ ਸਰਹੱਦ ’ਚ ਦਾਖ਼ਲ ਹੋ ਕੇ ਜ਼ੁਲਮ ਢਾਹੁੰਦਿਆਂ ਲਗਭਗ 1200 ਲੋਕਾਂ ਦੀ ਹੱਤਿਆ ਕਰ ਦਿੱਤੀ ਸੀ ਤੇ 253 ਲੋਕਾਂ ਨੂੰ ਅਗਵਾ ਕਰਕੇ ਗਾਜ਼ਾ ਲੈ ਗਏ ਸਨ। ਹਮਾਸ ਵਲੋਂ ਕੀਤੀ ਗਈ ਹਿੰਸਾ ਦਾ ਬਦਲਾ ਲੈਣ ਲਈ ਇਜ਼ਰਾਈਲ ਗਾਜ਼ਾ ’ਚ ਹਮਾਸ ਵਿਰੁੱਧ ਵੱਡੇ ਹਮਲੇ ਕਰ ਰਿਹਾ ਹੈ। ਕੁਝ ਬੰਦੀਆਂ ਦੀ ਰਿਹਾਈ ਤੋਂ ਬਾਅਦ ਹਾਲੇ ਵੀ ਗਾਜ਼ਾ ’ਚ 130 ਬੰਦੀਆਂ ਦੇ ਬਾਕੀ ਰਹਿਣ ਦੀ ਸੂਚਨਾ ਹੈ। ਇਜ਼ਰਾਈਲ ਨੇ ਹਾਲ ਹੀ ’ਚ 34 ਬੰਦੀਆਂ ਨੂੰ ਮ੍ਰਿਤਕ ਐਲਾਨ ਦਿੱਤਾ ਸੀ।

ਜੰਗ ਦੇ ਛੇਵੇਂ ਮਹੀਨੇ ’ਚ ਦਾਖ਼ਲ ਹੋਣ ਦੇ ਮੌਕੇ ’ਤੇ ਆਈ. ਡੀ. ਐੱਫ. ਨੇ ਗਾਜ਼ਾ ਪੱਟੀ, ਵੈਸਟ ਬੈਂਕ ਤੇ ਲੇਬਨਾਨ ’ਚ ਆਪਣੀਆਂ ਫੌਜੀ ਕਾਰਵਾਈਆਂ ਦੇ ਨਵੇਂ ਅੰਕੜੇ ਪ੍ਰਕਾਸ਼ਿਤ ਕੀਤੇ ਹਨ, ਜਿਸ ’ਚ ਮਾਰੇ ਗਏ ਅੱਤਵਾਦੀ ਕਾਰਕੁੰਨਾਂ ਦੀ ਗਿਣਤੀ ਤੋਂ ਲੈ ਕੇ ਹਮਲਿਆਂ ਰਾਹੀਂ ਨਿਸ਼ਾਨਾ ਬਣਾਏ ਗਏ ਸਥਾਨਾਂ ਦੀ ਗਿਣਤੀ ਤੱਕ ਸਭ ਕੁਝ ਦੱਸਿਆ ਗਿਆ ਹੈ। ਜੰਗ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਗਾਜ਼ਾ ਪੱਟੀ ’ਚ ਲਗਭਗ 32,000 ਟੀਚਿਆਂ ’ਤੇ ਹਮਲੇ ਕੀਤੇ ਗਏ ਹਨ, ਜਿਨ੍ਹਾਂ ’ਚ 3,600 ਤੋਂ ਵੱਧ ਉਹ ਸ਼ਾਮਲ ਹਨ, ਜੋ ਲੜਾਈ ਦੌਰਾਨ ਹਮਾਸ ਦੇ ਟਿਕਾਣਿਆਂ ਵਜੋਂ ਲੱਭੇ ਗਏ ਸਨ।

ਅੰਕੜਿਆਂ ਅਨੁਸਾਰ ਜੰਗ ਦੀ ਸ਼ੁਰੂਆਤ ਤੋਂ ਹੀ ਗਾਜ਼ਾ ਪੱਟੀ ’ਚ ਆਈ. ਡੀ. ਐੱਫ. ਵਲੋਂ ਹਮਾਸ ਦੇ 13,000 ਤੋਂ ਵੱਧ ਕਾਰਕੁੰਨ ਤੇ ਹੋਰ ਅੱਤਵਾਦੀ ਸਮੂਹਾਂ ਦੇ ਮੈਂਬਰ ਮਾਰੇ ਗਏ ਹਨ। ਇਸ ਤੋਂ ਇਲਾਵਾ 7 ਅਕਤੂਬਰ ਨੂੰ ਇਜ਼ਰਾਈਲ ਅੰਦਰ ਕਰੀਬ 1,000 ਅੱਤਵਾਦੀ ਮਾਰੇ ਗਏ ਹਨ।

ਆਈ. ਡੀ. ਐੱਫ. ਦੇ ਅੰਕੜਿਆਂ ਮੁਤਾਬਕ ਫੌਜ ਨੇ ਹਮਾਸ ਦੇ 5 ਬ੍ਰਿਗੇਡ ਕਮਾਂਡਰਾਂ ਤੇ ਬਰਾਬਰ ਰੈਂਕ ਦੇ ਕਮਾਂਡਰਾਂ ਦੇ ਨਾਲ-ਨਾਲ 20 ਤੋਂ ਵੱਧ ਬਟਾਲੀਅਨ ਕਮਾਂਡਰਾਂ ਨੂੰ ਵੀ ਮਾਰ ਦਿੱਤਾ ਹੈ। ਇਸ ਤੋਂ ਇਲਾਵਾ ਹਮਾਸ ਦੇ 100 ਤੋਂ ਵੱਧ ਕੰਪਨੀ ਕਮਾਂਡਰ ਤੇ ਬਰਾਬਰ ਰੈਂਕ ਦੇ ਆਪ੍ਰੇਟਿਵ ਵੀ ਮਾਰੇ ਗਏ ਹਨ। ਲੇਬਨਾਨ ’ਚ 330 ਤੋਂ ਵੱਧ ਅੱਤਵਾਦੀ ਮਾਰੇ ਗਏ ਹਨ, ਜਿਨ੍ਹਾਂ ’ਚੋਂ ਜ਼ਿਆਦਾਤਰ ਈਰਾਨ ਸਮਰਥਿਤ ਹਿਜ਼ਬੁੱਲਾ ਦੇ ਮੈਂਬਰ ਹਨ। ਇਸ ਗਿਣਤੀ ’ਚ 30 ਹਿਜ਼ਬੁੱਲਾ ਕਮਾਂਡਰ ਸ਼ਾਮਲ ਹਨ।

ਅੰਕੜਿਆਂ ਮੁਤਾਬਕ ਜੰਗ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਗਾਜ਼ਾ ਤੋਂ ਲਗਭਗ 9,100 ਤੇ ਲੇਬਨਾਨ ਤੋਂ 3,100 ਤੇ ਸੀਰੀਆ ਤੋਂ 35 ਮਿਜ਼ਾਈਲਾਂ ਦਾਗੀਆਂ ਗਈਆਂ ਹਨ। ਵੈਸਟ ਬੈਂਕ ’ਚ ਆਈ. ਡੀ. ਐੱਫ. ਨੇ 3,700 ਤੋਂ ਵੱਧ ਫਿਲਸਤੀਨੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ’ਚ 1,600 ਤੋਂ ਵੱਧ ਹਮਾਸ ਨਾਲ ਸਬੰਧਤ ਹਨ। ਫੌਜੀਆਂ ਨੇ ਵੈਸਟ ਬੈਂਕ ’ਚ 420 ਬੰਦੂਕਧਾਰੀਆਂ ਨੂੰ ਵੀ ਮਾਰ ਦਿੱਤਾ ਹੈ।

ਗਾਜ਼ਾ ’ਚ ਸਿਹਤ ਮੰਤਰਾਲੇ ਨੇ ਕਿਹਾ ਕਿ ਜੰਗ ਸ਼ੁਰੂ ਹੋਣ ਤੋਂ ਬਾਅਦ 33,175 ਲੋਕ ਮਾਰੇ ਜਾ ਚੁੱਕੇ ਹਨ। ਮੰਤਰਾਲੇ ਮੁਤਾਬਕ ਮਰਨ ਵਾਲਿਆਂ ’ਚ ਦੋ ਤਿਹਾਈ ਬੱਚੇ ਤੇ ਔਰਤਾਂ ਹਨ। ਹੋਰ 75,886 ਜ਼ਖ਼ਮੀ ਹੋਏ ਹਨ। 7 ਅਕਤੂਬਰ ਤੋਂ ਹੁਣ ਤੱਕ 604 ਇਜ਼ਰਾਈਲੀ ਫੌਜੀ ਲੜਾਈ ’ਚ ਮਾਰੇ ਗਏ ਹਨ, ਜਿਨ੍ਹਾਂ ’ਚ 260 ਗਾਜ਼ਾ ’ਚ ਜ਼ਮੀਨੀ ਜੰਗ ’ਚ ਮਾਰੇ ਗਏ।

ਇਹ ਖ਼ਬਰ ਵੀ ਪੜ੍ਹੋ : ਸ੍ਰੀ ਅਨੰਦਪੁਰ ਸਾਹਿਬ ਤੋਂ ਪਰਤ ਰਹੇ ਸ਼ਰਧਾਲੂਆਂ ਨਾਲ ਵਾਪਰ ਗਿਆ ਭਾਣਾ, ਭਿਆਨਕ ਹਾਦਸੇ 'ਚ 4 ਲੋਕਾਂ ਦੀ ਹੋਈ ਮੌਤ

ਸੁਰੰਗ ਤੋਂ ਨਿਕਲ ਕੇ ਹਮਾਸ ਅੱਤਵਾਦੀਆਂ ਨੇ ਕੀਤਾ ਹਮਲਾ, 4 ਇਜ਼ਰਾਈਲੀ ਫੌਜੀਆਂ ਦੀ ਮੌਤ
ਜੰਗ ਦੇ ਛੇਵੇਂ ਮਹੀਨੇ ’ਚ ਦਾਖ਼ਲ ਹੋਣ ਵਾਲੇ ਦਿਨ ਹਮਾਸ ਦੀ ਸੁਰੰਗ ਇਕ ਵਾਰ ਫਿਰ ਇਜ਼ਰਾਈਲੀ ਫੌਜੀਆਂ ਲਈ ਤਬਾਹੀ ਬਣ ਗਈ। ਸ਼ਨੀਵਾਰ ਨੂੰ ਇਜ਼ਰਾਈਲੀ ਫੌਜੀ ਗਾਜ਼ਾ ਅੰਦਰ ਇਕ ਮਿਲਟਰੀ ਸਪਲਾਈ ਕੋਰੀਡੋਰ ਦੀ ਰਾਖੀ ਕਰ ਰਹੇ ਸਨ ਤੇ ਤਬਾਹ ਹੋਈਆਂ ਇਮਾਰਤਾਂ ਦੇ ਇਕ ਖ਼ੇਤਰ ’ਚ ਗਸ਼ਤ ਕਰ ਰਹੇ, ਉਦੋਂ ਹਮਾਸ ਦੇ ਅੱਤਵਾਦੀ ਅਚਾਨਕ ਇਕ ਸੁਰੰਗ ਤੋਂ ਬਾਹਰ ਆਏ ਤੇ ਨੇੜਿਓਂ ਇਜ਼ਰਾਈਲੀ ਫੌਜੀਆਂ ’ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਅਚਾਨਕ ਹੋਏ ਹਮਲੇ ’ਚ 4 ਇਜ਼ਰਾਈਲੀ ਫੌਜੀਆਂ ਦੀ ਮੌਤ ਹੋ ਗਈ। ਹਮਲੇ ਤੋਂ ਬਾਅਦ ਹਮਾਸ ਦੇ ਅੱਤਵਾਦੀ ਸੁਰੰਗ ’ਚ ਵਾਪਸ ਭੱਜ ਗਏ। ਇਸ ਹਮਲੇ ’ਚ ਇਜ਼ਰਾਈਲੀ ਫੌਜ ਨੂੰ ਇਕੋ ਸਮੇਂ ਆਪਣੇ 4 ਫੌਜੀਆਂ ਨੂੰ ਗੁਆਉਣ ਨਾਲ ਵੱਡਾ ਨੁਕਸਾਨ ਹੋਇਆ ਹੈ। ਫੌਜ ਨੇ ਕਿਹਾ ਕਿ ਉਹ ਜਾਂਚ ਕਰ ਰਹੀ ਹੈ ਕਿ ਇਹ ਹਾਦਸਾ ਕਿਵੇਂ ਵਾਪਰਿਆ।

4 ਮਹੀਨਿਆਂ ਦੀ ਲੜਾਈ ਤੋਂ ਬਾਅਦ ਗਾਜ਼ਾ ਪੱਟੀ ਤੋਂ ਸਾਰੇ ਜ਼ਮੀਨੀ ਇਜ਼ਰਾਈਲੀ ਫੌਜੀ ਪਰਤੇ
ਇਜ਼ਰਾਈਲੀ ਰੱਖਿਆ ਬਲਾਂ ਨੇ ਖ਼ਾਨ ਯੂਨਿਸ ਖ਼ੇਤਰ ’ਚ 4 ਮਹੀਨਿਆਂ ਦੀ ਲੜਾਈ ਤੋਂ ਬਾਅਦ ਦੱਖਣੀ ਗਾਜ਼ਾ ਪੱਟੀ ਤੋਂ ਸਾਰੀਆਂ ਜ਼ਮੀਨੀ ਫੌਜਾਂ ਨੂੰ ਵਾਪਸ ਬੁਲਾ ਲਿਆ ਹੈ। ਆਈ. ਡੀ. ਐੱਫ. ਨੇ ਸ਼ਨੀਵਾਰ ਰਾਤ ਨੂੰ ਆਪਣੀਆਂ ਫੌਜਾਂ ਨੂੰ ਵਾਪਸ ਲੈ ਲਿਆ। ਸਿਰਫ਼ ਇਕ ਬ੍ਰਿਗੇਡ ‘ਨਾਹਲ ਬ੍ਰਿਗੇਡ’ ਇਸ ਸਮੇਂ ਗਾਜ਼ਾ ਪੱਟੀ ’ਚ ਹੈ। ਨਾਹਲ ਬ੍ਰਿਗੇਡ ਨੂੰ ਨੇਟਜ਼ਾਰਿਮ ਕੋਰੀਡੋਰ ਨੂੰ ਸੁਰੱਖਿਅਤ ਕਰਨ ਦਾ ਕੰਮ ਸੌਂਪਿਆ ਗਿਆ ਹੈ। ਇਹ ਕੋਰੀਡੋਰ ਆਈ. ਡੀ. ਐੱਫ. ਨੂੰ ਉੱਤਰੀ ਤੇ ਮੱਧ ਗਾਜ਼ਾ ’ਚ ਛਾਪੇਮਾਰੀ ਕਰਨ ਦੇ ਯੋਗ ਬਣਾਉਂਦਾ ਹੈ ਤੇ ਫਿਲਸਤੀਨੀਆਂ ਨੂੰ ਪੱਟੀ ਦੇ ਉੱਤਰੀ ਹਿੱਸੇ ’ਚ ਵਾਪਸ ਜਾਣ ਤੋਂ ਰੋਕਦਾ ਹੈ।

ਮਨੁੱਖੀ ਆਧਾਰ ’ਤੇ ਟਕਰਾਅ ਨੂੰ ਰੋਕਿਆ ਜਾਵੇ : ਸੁਨਕ
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਮਾਸੂਮ ਬੱਚਿਆਂ ਦੀ ਖ਼ਾਤਰ ਗਾਜ਼ਾ ’ਚ ਚੱਲ ਰਹੇ ਇਜ਼ਰਾਈਲ-ਹਮਾਸ ਸੰਘਰਸ਼ ਨੂੰ ਮਨੁੱਖੀ ਆਧਾਰ ’ਤੇ ਬੰਦ ਕਰਨ ਦੇ ਆਪਣੇ ਸੱਦੇ ਨੂੰ ਦੁਹਰਾਇਆ। ਬ੍ਰਿਟੇਨ ਨੇ 6 ਮਹੀਨਿਆਂ ਦੇ ਸੰਘਰਸ਼ ਦੇ ਪੂਰਾ ਹੋਣ ’ਤੇ ਗਾਜ਼ਾ ਲਈ ਇਕ ਸਮੁੰਦਰੀ ਸਹਾਇਤਾ ਕੋਰੀਡੋਰ ਸਥਾਪਤ ਕਰਨ ਲਈ ਫੌਜੀ ਤੇ ਨਾਗਰਿਕ ਸਹਾਇਤਾ ਦੇ ਇਕ ਨਵੇਂ ਪੈਕੇਜ ਦਾ ਐਲਾਨ ਕੀਤਾ।

ਈਰਾਨੀ ਅਧਿਕਾਰੀ ਨੇ ਦਿੱਤੀ ਚਿਤਾਵਨੀ, ਦੁਨੀਆ ਭਰ ’ਚ ਇਜ਼ਰਾਈਲੀ ਦੂਤਘਰ ਸੁਰੱਖਿਅਤ ਨਹੀਂ
ਇਕ ਚੋਟੀ ਦੇ ਈਰਾਨੀ ਫੌਜੀ ਸਲਾਹਕਾਰ ਨੇ ਇਜ਼ਰਾਈਲ ਨੂੰ ਚਿਤਾਵਨੀ ਦਿੱਤੀ ਹੈ ਕਿ ਦਮਿਸ਼ਕ ’ਚ ਪਿਛਲੇ ਹਫ਼ਤੇ ਹੋਏ ਹਮਲੇ ਤੋਂ ਬਾਅਦ ਉਸ ਦਾ ਕੋਈ ਵੀ ਦੂਤਘਰ ਸੁਰੱਖਿਅਤ ਨਹੀਂ ਹੈ। ਇਸ ਹਮਲੇ ’ਚ 2 ਮਸ਼ਹੂਰ ਈਰਾਨੀ ਜਨਰਲਾਂ ਸਮੇਤ 12 ਲੋਕ ਮਾਰੇ ਗਏ ਸਨ। ਜਨਰਲ ਰਹੀਮ ਸਫਾਵੀ ਦੀਆਂ ਟਿੱਪਣੀਆਂ ਤੋਂ ਸੰਕੇਤ ਮਿਲਦਾ ਹੈ ਕਿ ਕੂਟਨੀਤਕ ਮਿਸ਼ਨ ’ਤੇ ਹਮਲੇ ਨਾਲ ਵੀ ਇਸੇ ਤਰ੍ਹਾਂ ਦੀ ਪ੍ਰਤੀਕਿਰਿਆ ਦਿੱਤੀ ਜਾ ਸਕਦੀ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਇਜ਼ਰਾਈਲ ਕਿਸੇ ਵੀ ਜਵਾਬ ਲਈ ਤਿਆਰ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News