FPI ਨੇ ਸਤੰਬਰ 'ਚ ਹੁਣ ਤਕ 4 ਹਜ਼ਾਰ ਕਰੋੜ ਤੋਂ ਵੱਧ ਪੈਸੇ ਬਾਜ਼ਾਰ 'ਚੋਂ ਕੱਢੇ

09/22/2019 11:51:51 AM

ਨਵੀਂ ਦਿੱਲੀ— ਵਿਦੇਸ਼ੀ ਨਿਵੇਸ਼ਕਾਂ ਨੇ ਭਾਰਤੀ ਪੂੰਜੀ ਬਾਜ਼ਾਰ 'ਚੋਂ ਇਸ ਮਹੀਨੇ ਹੁਣ ਤਕ ਕੁੱਲ 4,193 ਕਰੋੜ ਰੁਪਏ ਦੀ ਨਿਕਾਸੀ ਕੀਤੀ ਹੈ। ਹਾਲਾਂਕਿ, ਮਾਹਰਾਂ ਦਾ ਮੰਨਣਾ ਹੈ ਕਿ ਸਰਕਾਰ ਵੱਲੋਂ ਕਾਰਪੋਰੇਟ ਜਗਤ ਅਤੇ ਐੱਫ. ਪੀ. ਆਈਜ਼. ਨੂੰ ਦਿੱਤੀ ਗਈ ਰਾਹਤ ਨਾਲ ਇਹ ਰੁਖ਼ ਬਦਲਣ ਦੀ ਉਮੀਦ ਹੈ।

ਸਰਕਾਰ ਨੇ ਸ਼ੁੱਕਰਵਾਰ ਕਾਰਪੋਰੇਟ ਟੈਕਸ ਤਕਰੀਬਨ 10 ਫੀਸਦੀ ਘਟਾਉਣ ਦਾ ਫੈਸਲਾ ਕੀਤਾ ਹੈ ਤੇ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਲਈ ਡੈਰੀਵੇਟਿਵ ਸਮੇਤ ਸਕਿਓਰਿਟੀਜ਼ ਦੀ ਵਿਕਰੀ ਤੋਂ ਹੋਣ ਵਾਲੇ ਪੂੰਜੀਗਤ ਲਾਭ 'ਤੇ ਵਾਧੂ ਸਰਚਾਰਜ ਸਮਾਪਤ ਕਰ ਦਿੱਤਾ ਹੈ।

 

 


ਤਾਜ਼ਾ ਡਿਪਾਜ਼ਿਟਰੀ ਡਾਟਾ ਮੁਤਾਬਕ, ਵਿਦੇਸ਼ੀ ਨਿਵੇਸ਼ਕਾਂ ਨੇ 3 ਸਤੰਬਰ ਤੋਂ 20 ਸਤੰਬਰ ਤਕ ਇਕੁਇਟੀ 'ਚੋਂ 5,577.99 ਕਰੋੜ ਰੁਪਏ ਦੀ ਨਿਕਾਸੀ ਕੀਤੀ ਹੈ ਤੇ ਇਸ ਦੌਰਾਨ ਉਨ੍ਹਾਂ ਨੇ 1,384.71 ਕਰੋੜ ਰੁਪਏ ਬਾਂਡ ਬਾਜ਼ਾਰ 'ਚ ਨਿਵੇਸ਼ ਕੀਤੇ ਹਨ। ਇਸ ਤਰ੍ਹਾਂ ਸਤੰਬਰ 'ਚ ਹੁਣ ਤਕ ਐੱਫ. ਪੀ. ਆਈ. ਦੀ ਸ਼ੁੱਧ ਨਿਕਾਸੀ 4,193.18 ਕਰੋੜ ਰੁਪਏ ਰਹੀ।

ਇਸ ਤੋਂ ਪਹਿਲਾਂ ਅਗਸਤ 'ਚ ਐੱਫ. ਪੀ. ਆਈ. ਨੇ 5,920 ਕਰੋੜ ਰੁਪਏ ਦੀ ਸ਼ੁੱਧ ਨਿਕਾਸੀ ਕੀਤੀ ਸੀ। ਜੁਲਾਈ 'ਚ ਵਿਦੇਸ਼ੀ ਨਿਵੇਸ਼ਕਾਂ ਨੇ 2,985.88 ਕਰੋੜ ਰੁਪਏ ਦੀ ਸ਼ੁੱਧ ਨਿਕਾਸੀ ਕੀਤੀ ਸੀ। ਬਜਟ 'ਚ ਸੁਪਰ ਰਿਚ ਸਰਚਾਰਜ ਦੀ ਘੋਸ਼ਣਾ ਹੋਣ ਤੋਂ ਪਹਿਲਾਂ ਲਗਾਤਾਰ ਪੰਜ ਮਹੀਨੇ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕ ਸ਼ੁੱਧ ਖਰੀਦਦਾਰ ਰਹੇ ਸਨ। ਜੂਨ ਦੌਰਾਨ ਐੱਫ. ਪੀ. ਆਈ. ਨੇ 10,384 ਕਰੋੜ, ਮਈ 'ਚ 9,031 ਕਰੋੜ, ਅਪ੍ਰੈਲ 'ਚ 16,093 ਕਰੋੜ, ਮਾਰਚ 'ਚ 45,981 ਕਰੋੜ ਰੁਪਏ ਤੇ ਫਰਵਰੀ 'ਚ 11,182 ਕਰੋੜ ਰੁਪਏ ਦੀ ਸ਼ੁੱਧ ਖਰੀਦਦਾਰੀ ਕੀਤੀ ਸੀ।


Related News