FPIs ਨੇ ਫਰਵਰੀ 'ਚ ਹੁਣ ਤੱਕ 24 ਹਜ਼ਾਰ ਕਰੋੜ ਤੋਂ ਵੱਧ ਕੀਤਾ ਨਿਵੇਸ਼

02/16/2020 12:52:52 PM

ਨਵੀਂ ਦਿੱਲੀ— ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ ਦਾ ਰੁਝਾਨ ਸਕਾਰਾਤਮਕ ਦਿਸ ਰਿਹਾ ਹੈ। ਫਰਵਰੀ 'ਚ ਹੁਣ ਤੱਕ ਵਿਦੇਸ਼ੀ ਨਿਵੇਸ਼ਕਾਂ (ਐੱਫ. ਪੀ. ਆਈਜ਼.) ਨੇ 24,617 ਕਰੋੜ ਰੁਪਏ ਦਾ ਭਾਰੀ ਭਰਕਮ ਨਿਵੇਸ਼ ਕੀਤਾ ਹੈ।

ਤਾਜ਼ਾ ਡਿਪਾਜ਼ਿਟਰੀ ਡਾਟਾ ਮੁਤਾਬਕ, ਐੱਫ. ਪੀ. ਆਈਜ਼. ਨੇ 3 ਫਰਵਰੀ ਤੇ 14 ਫਰਵਰੀ ਵਿਚਕਾਰ ਇਕੁਇਟੀ 'ਚ 10,246 ਕਰੋੜ ਰੁਪਏ ਤੇ ਬਾਂਡ ਬਾਜ਼ਾਰ 'ਚ 14,191 ਕਰੋੜ ਰੁਪਏ ਦੀ ਖਰੀਦਦਾਰੀ ਕੀਤੀ ਹੈ। ਸਤੰਬਰ 2019 ਤੋਂ ਬਾਅਦ ਤੋਂ ਐੱਫ. ਪੀ. ਆਈ. ਭਾਰਤੀ ਬਾਜ਼ਾਰਾਂ 'ਚ ਸ਼ੁੱਧ ਖਰੀਦਦਾਰ ਬਣੇ ਹੋਏ ਹਨ।

ਗਲੋਬਲ ਸੰਕੇਤਾਂ, ਬਜਟ ਪ੍ਰਸਤਾਵਾਂ ਅਤੇ ਭਾਰਤੀ ਰਿਜ਼ਰਵ ਬੈਂਕ ਵੱਲੋਂ ਪਾਲਿਸੀ ਦਰਾਂ ਨੂੰ ਬਾਜ਼ਾਰ ਉਮੀਦਾਂ ਮੁਤਾਬਕ ਬਰਕਰਾਰ ਰੱਖਣ ਨਾਲ ਵਿਦੇਸ਼ੀ ਨਿਵੇਸ਼ਕ ਬਾਜ਼ਾਰ 'ਚ ਨਿਵੇਸ਼ ਕਰ ਰਹੇ ਹਨ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ 'ਚ ਕੰਪਨੀਆਂ 'ਤੇ ਡਿਵੀਡੈਂਟ ਡਿਸਟ੍ਰੀਬਿਊਸ਼ਨ ਟੈਕਸ (ਡੀ. ਡੀ. ਟੀ.) ਹਟਾਉਣ ਦਾ ਪ੍ਰਸਤਾਵ ਦਿੱਤਾ ਸੀ। ਇਸ ਨਾਲ ਟੈਕਸ ਦਾ ਬੋਝ ਡਿਵੀਡੈਂਟ ਪ੍ਰਾਪਤ ਕਰਨ ਵਾਲਿਆਂ 'ਤੇ ਟਰਾਂਸਫਰ ਹੋ ਗਿਆ ਹੈ। ਇਸ ਤੋਂ ਇਲਾਵਾ ਬਜਟ 'ਚ ਵਿਦੇਸ਼ੀ ਨਿਵੇਸ਼ਕਾਂ ਨੂੰ ਕੁਝ ਸਰਕਾਰੀ ਸਕਿਓਰਿਟੀਜ਼ 'ਚ ਨਿਵੇਸ਼ ਕਰਨ ਦੀ ਛੋਟ ਤੇ ਕਾਰਪੋਰੇਟ ਬਾਂਡ 'ਚ ਨਿਵੇਸ਼ ਦੀ ਲਿਮਟ ਨੂੰ 9 ਫੀਸਦੀ ਤੋਂ 15 ਫੀਸਦੀ ਕਰਨ ਦੀ ਵੀ ਘੋਸ਼ਣਾ ਕੀਤੀ ਗਈ ਹੈ। ਬਾਜ਼ਾਰ ਮਾਹਰਾਂ ਮੁਤਾਬਕ, ਬਾਂਡ ਬਾਜ਼ਾਰ 'ਚ ਨਿਵੇਸ਼ ਦਾ ਮੁੱਖ ਕਾਰਨ ਆਰ. ਬੀ. ਆਈ. ਦਾ ਹਾਲ ਹੀ ਦੀ ਕਰੰਸੀ ਨੀਤੀ ਸਮੀਖਿਆ 'ਚ ਨਰਮ ਰੁਖ ਅਪਣਾਉਣਾ ਹੈ।


Related News