ਜੂਨ ਤਿਮਾਹੀ 'ਚ ਐੱਫ. ਪੀ. ਆਈ. ਨੇ ਭਾਰਤੀ ਇਕਵਿਟੀ 'ਚ 4 ਅਰਬ ਡਾਲਰ ਦਾ ਕੀਤਾ ਨਿਵੇਸ਼

Saturday, Aug 22, 2020 - 02:24 AM (IST)

ਜੂਨ ਤਿਮਾਹੀ 'ਚ ਐੱਫ. ਪੀ. ਆਈ. ਨੇ ਭਾਰਤੀ ਇਕਵਿਟੀ 'ਚ 4 ਅਰਬ ਡਾਲਰ ਦਾ ਕੀਤਾ ਨਿਵੇਸ਼

ਮੁੰਬਈ (ਭਾਸ਼ਾ)–ਮਾਰਨਿੰਗਸਟਾਰ ਦੀ ਇਕ ਰਿਪੋਰਟ ਮੁਤਾਬਕ ਮਾਰਚ ਤਿਮਾਹੀ 'ਚ ਭਾਰੀ ਵਿਕਰੀ ਕਰਨ ਤੋਂ ਬਾਅਦ ਵਿਦੇਸ਼ੀ ਨਿਵੇਸ਼ਕਾਂ ਨੇ ਜੂਨ ਤਿਮਾਹੀ ਦੌਰਾਨ ਆਕਰਸ਼ਕ ਮੁਲਾਂਕਣ ਕਾਰਣ ਭਾਰਤੀ ਇਕਵਿਟੀ 'ਚ ਕਰੀਬ 4 ਅਰਬ ਅਮਰੀਕੀ ਡਾਲਰ ਦਾ ਨਿਵੇਸ਼ ਕੀਤਾ। ਰਿਪੋਰਟ 'ਚ ਕਿਹਾ ਗਿਆ ਹੈ ਕਿ ਲਾਕਡਾਊਨ ਦੌਰਾਨ ਲਗਾਈਆਂ ਗਈਆਂ ਪਾਬੰਦੀਆਂ 'ਚ ਰਾਹਤ ਦੇਣ ਅਤੇ ਆਰਥਿਕ ਗਤੀਵਿਧੀਆਂ ਨੂੰ ਬਹਾਲ ਕਰਨ ਦੇ ਸਰਕਾਰੀ ਉਪਾਅ ਕਾਰਣ ਵਿਦੇਸ਼ੀ ਨਿਵੇਸ਼ਕਾਂ ਦੀ ਧਾਰਣਾ ਮਜ਼ਬੂਤ ਹੋਈ।

ਭਾਰਤੀ ਇਕਵਿਟੀ 'ਚ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਦੀਆਂ ਜਾਇਦਾਦਾਂ 'ਚ ਜੂਨ ਤਿਮਾਹੀ ਦੌਰਾਨ ਤੇਜ਼ੀ ਨਾਲ ਵਾਧਾ ਹੋਇਆ, ਜਦੋਂ ਕਿ ਇਸ ਤੋਂ ਪਿਛਲੀ ਤਿਮਾਹੀ ਦੌਰਾਨ ਇਸ 'ਚ ਭਾਰੀ ਗਿਰਾਵਟ ਆਈ ਸੀ। ਰਿਪੋਰਟ ਮੁਤਾਬਕ ਜੂਨ 2020 ਨੂੰ ਖਤਮ ਹੋਈ ਤਿਮਾਹੀ ਦੌਰਾਨ ਭਾਰਤੀ ਸ਼ੇਅਰ ਬਾਜ਼ਾਰ 'ਚ ਐੱਫ. ਪੀ. ਆਈ. ਦੇ ਨਿਵੇਸ਼ 'ਚ ਜ਼ਿਕਰਯੋਗ ਵਾਧਾ ਹੋਇਆ।

ਰਿਪੋਰਟ ਮੁਤਾਬਕ ਜੂਨ 2020 ਦੇ ਅਖੀਰ 'ਚ ਭਾਰਤੀ ਇਕਵਿਟੀ 'ਚ ਐੱਫ. ਪੀ. ਆਈ. ਨਿਵੇਸ਼ ਲਗਭਗ 344 ਅਰਬ ਅਮਰੀਕੀ ਡਾਲਰ ਸੀ ਜੋ ਇਸ ਤੋਂ ਪਿਛਲੀ ਤਿਮਾਹੀ ਦੇ 281 ਅਰਬ ਡਾਲਰ ਦੇ ਮੁਕਾਬਲੇ 23 ਫੀਸਦੀ ਵੱਧ ਹੈ। ਮਾਰਨਿੰਗਸਟਾਰ ਦੀ ਰਿਪੋਰਟ ਮੁਤਾਬਕ ਜੂਨ ਤਿਮਾਹੀ ਦੌਰਾਨ ਐੱਫ. ਪੀ. ਆਈ. ਨੇ ਭਾਰਤੀ ਇਕਵਿਟੀ ਬਾਜ਼ਾਰਾਂ 'ਚ 3.91 ਅਰਬ ਡਾਲਰ ਦੀ ਸ਼ੁੱਧ ਖਰੀਦਦਾਰੀ ਕੀਤੀ ਜਦੋਂ ਕਿ ਇਸ ਤੋਂ ਪਿਛਲੀ ਤਿਮਾਹੀ ਦੌਰਾਨ ਉਨ੍ਹਾਂ ਨੇ 6.38 ਅਰਬ ਡਾਲਰ ਦੀ ਸ਼ੁੱਧ ਵਿਕਰੀ ਕੀਤੀ ਸੀ।


author

Karan Kumar

Content Editor

Related News