ਭਾਰਤ ਦੇ ਵਿਦੇਸ਼ੀ ਖਜ਼ਾਨੇ ਦਾ ਨਵਾਂ ਰਿਕਾਰਡ, ਇਹ ਹੋਵੇਗਾ ਵੱਡਾ ਫਾਇਦਾ

01/26/2020 1:28:36 PM

ਮੁੰਬਈ— ਭਾਰਤ ਦਾ ਵਿਦੇਸ਼ੀ ਕਰੰਸੀ ਭੰਡਾਰ 17 ਜਨਵਰੀ ਨੂੰ ਖਤਮ ਹੋਏ ਹਫਤੇ 'ਚ ਨਵਾਂ ਰਿਕਾਰਡ ਪੱਧਰ ਛੂਹ ਚੁੱਕਾ ਹੈ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਡਾਟਾ ਮੁਤਾਬਕ, ਕੁੱਲ ਵਿਦੇਸ਼ੀ ਕਰੰਸੀ ਭੰਡਾਰ ਇਸ ਹਫਤੇ ਦੌਰਾਨ 94.3 ਕਰੋੜ ਡਾਲਰ ਵੱਧ ਕੇ 462.16 ਅਰਬ ਡਾਲਰ 'ਤੇ ਪਹੁੰਚ ਗਿਆ ਹੈ।

ਇਹ ਲਗਾਤਾਰ 17ਵਾਂ ਹਫਤਾ ਹੈ ਜਦੋਂ ਵਿਦੇਸ਼ੀ ਕਰੰਸੀ ਭੰਡਾਰ 'ਚ ਤੇਜ਼ੀ ਦਰਜ ਹੋਈ ਹੈ। ਇਸ ਤੋਂ ਪਹਿਲਾਂ 10 ਜਨਵਰੀ ਨੂੰ ਖਤਮ ਹੋਏ ਹਫਤੇ 'ਚ ਇਹ 5.8 ਕਰੋੜ ਡਾਲਰ ਵੱਧ ਕੇ 461.21 ਅਰਬ ਡਾਲਰ 'ਤੇ ਰਿਹਾ ਸੀ। ਇਸ ਭੰਡਾਰ ਦਾ ਸਭ ਤੋਂ ਵੱਡਾ ਹਿੱਸਾ ਵਿਦੇਸ਼ੀ ਕਰੰਸੀ ਹੈ, ਜੋ 17 ਜਨਵਰੀ ਨੂੰ ਖਤਮ ਹੋਏ ਹਫਤੇ 'ਚ 86.7 ਕਰੋੜ ਡਾਲਰ ਵੱਧ ਕੇ 428.45 ਅਰਬ ਡਾਲਰ 'ਤੇ ਪੁੱਜ ਗਈ ਹੈ। ਹਫਤੇ ਦੌਰਾਨ ਆਰ. ਬੀ. ਆਈ. ਨੇ ਸੋਨੇ ਦੀ ਖਰੀਦ ਵੀ ਕੀਤੀ ਜਿਸ ਨਾਲ ਸਵਰਣ ਭੰਡਾਰ ਵੀ 7 ਕਰੋੜ ਡਾਲਰ ਵੱਧ ਕੇ 28.56 ਅਰਬ ਡਾਲਰ ਦਾ ਹੋ ਗਿਆ। ਕੌਮਾਂਤਰੀ ਕਰੰਸੀ ਫੰਡ ਕੋਲ ਰਿਜ਼ਰਵ ਫੰਡ ਤੇ ਸਪੈਸ਼ਲ ਡਰਾਇੰਗ ਰਾਈਟਸ ਵੀ 30-30 ਲੱਖ ਡਾਲਰ ਵੱਧ ਕੇ ਕ੍ਰਮਵਾਰ 3.70 ਅਰਬ ਡਾਲਰ ਤੇ 1.45 ਅਰਬ ਡਾਲਰ 'ਤੇ ਪਹੁੰਚ ਚੁੱਕਾ ਹੈ।

ਕੀ ਹੁੰਦਾ ਹੈ ਵਿਦੇਸ਼ੀ ਕਰੰਸੀ ਭੰਡਾਰ-
ਸਾਰੇ ਦੇਸ਼ਾਂ ਦੇ ਕੇਂਦਰੀ ਬੈਂਕ ਵਿਦੇਸ਼ੀ ਕਰੰਸੀ ਫੰਡ ਰੱਖਦੇ ਹਨ, ਤਾਂ ਜੋ ਸੰਕਟ ਦੀ ਘੜੀ 'ਚ ਲੋੜ ਪੈਣ 'ਤੇ ਡਾਲਰ ਜਾਂ ਹੋਰ ਪ੍ਰਮੁੱਖ ਕਰੰਸੀ 'ਚ ਵਿਦੇਸ਼ੀ ਖਰੀਦ ਦਾ ਭੁਗਤਾਨ ਆਸਾਨੀ ਨਾਲ ਹੋ ਸਕੇ। ਵਿਦੇਸ਼ੀ ਕਰੰਸੀ ਭੰਡਾਰ 'ਚ ਜ਼ਿਆਦਾਤਰ ਡਾਲਰ ਅਤੇ ਕੁਝ ਹੱਦ ਤੱਕ ਯੂਰੋ ਕਰੰਸੀ ਹੁੰਦੀ ਹੈ।
ਵਿਦੇਸ਼ੀ ਕਰੰਸੀ ਭੰਡਾਰ ਨੂੰ ਫੋਰੈਕਸ ਰਿਜ਼ਰਵ ਜਾਂ ਐੱਫ. ਐਕਸ. ਰਿਜ਼ਰਵ ਵੀ ਕਿਹਾ ਜਾਂਦਾ ਹੈ। ਕੁੱਲ ਮਿਲਾ ਕੇ ਵਿਦੇਸ਼ੀ ਕਰੰਸੀ ਭੰਡਾਰ 'ਚ ਵਿਦੇਸ਼ੀ ਬੈਂਕ ਨੋਟ, ਵਿਦੇਸ਼ੀ ਬੈਂਕ ਜਮ੍ਹਾਂ, ਵਿਦੇਸ਼ੀ ਖਜ਼ਾਨੇ ਦੇ ਬਿੱਲ ਅਤੇ ਸ਼ਾਰਟ ਤੇ ਲਾਂਗ ਟਰਮ ਵਿਦੇਸ਼ੀ ਸਰਕਾਰੀ ਸਕਿਓਰਿਟੀਜ਼ ਦਾ ਭੰਡਾਰ ਹੁੰਦਾ ਹੈ। ਹਾਲਾਂਕਿ, ਸੋਨੇ ਦਾ ਭੰਡਾਰ, ਸਪੈਸ਼ਲ ਡਰਾਇੰਗ ਰਾਈਟਸ (ਐੱਸ. ਡੀ. ਆਰ.) ਤੇ ਕੌਮਾਂਤਰੀ ਕਰੰਸੀ ਫੰਡ (ਆਈ. ਐੱਮ. ਐੱਫ.) ਕੋਲ ਜਮ੍ਹਾਂ ਰਕਮ ਵੀ ਵਿਦੇਸ਼ੀ ਕਰੰਸੀ ਭੰਡਾਰ ਦਾ ਹਿੱਸਾ ਹਨ। ਸਪੈਸ਼ਲ ਡਰਾਇੰਗ ਰਾਈਟਸ ਯਾਨੀ ਸੰਕਟ ਸਮੇਂ ਆਈ. ਐੱਮ. ਐੱਫ. ਤੋਂ ਵਿਦੇਸ਼ੀ ਕਰੰਸੀ ਲੈਣ ਦਾ ਵਿਸ਼ੇਸ਼ ਅਧਿਕਾਰ ਹੁੰਦਾ ਹੈ।


Related News