Flipkart ਦੇ ਸਹਿ-ਸੰਸਥਾਪਕ ਸਚਿਨ ਬਾਂਸਲ ਖਿਲਾਫ ਦਾਜ ਉਤਪੀੜਨ ਦਾ ਕੇਸ ਦਰਜ
Thursday, Mar 05, 2020 - 12:34 PM (IST)
ਨਵੀਂ ਦਿੱਲੀ — ਈ-ਕਾਮਰਸ ਕੰਪਨੀ ਫਲਿੱਪਕਾਰਟ ਦੇ ਸਹਿ-ਸੰਸਥਾਪਕ ਸਚਿਨ ਬਾਂਸਲ ਘਰੇਲੂ ਵਿਵਾਦ 'ਚ ਫੱਸ ਗਏ ਹਨ। ਸਚਿਨ ਦੀ ਪਤਨੀ ਪ੍ਰਿਆ ਬੰਸਲ ਨੇ ਉਨ੍ਹਾਂ ਦੇ ਖਿਲਾਫ ਦਾਜ ਉਤਪੀੜਨ ਦਾ ਮੁਕੱਦਮਾ ਦਰਜ ਕਰਵਾਇਆ ਹੈ। ਆਪਣੀ ਸ਼ਿਕਾਇਤ ਵਿਚ ਪ੍ਰਿਆ ਬਾਂਸਲ ਨੇ ਸਚਿਨ ਦੇ ਪਿਤਾ, ਮਾਂ ਅਤੇ ਭਰਾ 'ਤੇ ਵੀ ਦੋਸ਼ ਲਗਾਏ ਹਨ। ਜ਼ਿਕਰਯੋਗ ਹੈ ਕਿ ਸਚਿਨ ਬਾਂਸਲ ਅਤੇ ਪ੍ਰਿਆ ਦਾ ਵਿਆਹ 2008 'ਚ ਹੋਇਆ ਸੀ।
ਪੇਸ਼ੇ ਤੋਂ ਡੈਂਟਿਸਟ ਪ੍ਰਿਆ ਨੇ ਬੈਂਗਲੁਰੂ ਦੇ ਕੋਰਮੰਗਲਾ ਪੁਲਸ ਸਟੇਸ਼ਨ 'ਚ ਦਿੱਤੀ ਗਈ ਸ਼ਿਕਾਇਤ ਵਿਚ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੇ ਵਿਆਹ ਲਈ 50 ਲੱਖ ਰੁਪਏ ਖਰਚ ਕੀਤੇ ਸਨ ਅਤੇ ਕਾਰ ਦੀ ਥਾਂ 11 ਲੱਖ ਰੁਪਏ ਨਕਦ ਦਿੱਤੇ ਸਨ। ਇਸਦੇ ਬਾਵਜੂਦ ਸਚਿਨ ਉਨ੍ਹਾਂ ਕੋਲੋਂ ਹੋਰ ਪੈਸੇ ਦੀ ਮੰਗ ਕਰਦੇ ਸਨ। ਸਚਿਨ ਨੇ ਕਥਿਤ ਤੌਰ 'ਤੇ ਉਸ ਨਾਲ ਕੁੱਟਮਾਰ ਕਰਦੇ ਹੋਏ ਕਿਹਾ ਕਿ ਉਹ ਆਪਣੀ ਸਾਰੀ ਜਾਇਦਾਦ ਉਸ ਦੇ ਨਾਮ ਕਰ ਦੇਵੇ। ਪ੍ਰਿਆ ਨੇ ਦੋਸ਼ ਲਗਾਇਆ ਕਿ ਜਦੋਂ ਉਨ੍ਹਾਂ ਨੇ ਆਪਣੀ ਜਾਇਦਾਦ ਸਚਿਨ ਦੇ ਨਾਮ ਕਰਨ ਤੋਂ ਮਨ੍ਹਾਂ ਕਰ ਦਿੱਤਾ ਤਾਂ ਉਨ੍ਹਾਂ ਦੇ ਪਰਿਵਾਰ ਅਤੇ ਭਰਾ ਨੇ ਉਨ੍ਹਾਂ ਨਾਲ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ।
ਪ੍ਰਿਆ ਨੇ ਸਚਿਨ ਦੇ ਖਿਲਾਫ ਦੋ ਧਾਰਾਵਾਂ-498 ਏ(ਦਾਜ ਉਤਪੀੜਨ), 34(ਅਪਰਾਧਿਕ ਇਰਾਦਾ) ਅਤੇ ਦਾਜ ਐਕਟ ਦੀ ਧਾਰਾ 3 ਅਤੇ 4 ਦੇ ਤਹਿਤ ਇਕ ਐਫ.ਆਈ.ਆਰ. ਦਰਜ ਕੀਤੀ ਹੈ, ਜਿਸ ਵਿਚ ਸਚਿਨ ਦੇ ਪਿਤਾ ਸੱਤਿਆਪ੍ਰਕਾਸ਼ ਅਗਰਵਾਲ, ਮਾਤਾ ਕਿਰਨ ਬਾਂਸਲ ਅਤੇ ਭਰਾ ਨਿਤਿਨ ਬਾਂਸਲ ਦਾ ਨਾਮ ਵੀ ਸ਼ਾਮਲ ਹੈ। ਪੇਸ਼ੇ ਤੋਂ ਡੈਂਟਿਸਟ ਪ੍ਰਿਆ ਬੈਂਗਲੁਰੂ 'ਚ ਇਕ ਕਲੀਨਿਕ ਚਲਾਉਂਦੀ ਹੈ ਅਤੇ ਉਨ੍ਹਾਂ ਦਾ ਇਕ 10 ਸਾਲ ਦਾ ਬੇਟਾ ਹੈ। ਦੂਜੇ ਪਾਸੇ ਸਚਿਨ ਦੀ ਮਾਤਾ ਕਿਰਨ ਬਾਂਸਲ ਨੇ ਆਪਣੀ ਨੂੰਹ ਦੇ ਖਿਲਾਫ ਕੁਝ ਹਫਤੇ ਪਹਿਲਾਂ ਹੀ ਪਹਿਲਾ ਮਾਮਲਾ ਦਰਜ ਕਰਵਾਇਆ ਹੈ।
ਇਹ ਵੀ ਪੜ੍ਹੋ ਖਾਸ ਖਬਰ : ਕੋਰੋਨਾ ਮਰੀਜ਼ਾਂ ਨੂੰ ਬੀਮਾ ਕਵਰ ਦੇਣ ਦੀ ਤਿਆਰੀ 'ਚ ਭਾਰਤ, IRDA ਨੇ ਜਾਰੀ ਕੀਤਾ ਸਰਕੂਲਰ