ਫਿਚ ਨੇ ਕਿਹਾ, ਆਰਥਿਕ ਸਰਗਰਮੀਆਂ ਘਟੀਆਂ ਪਰ 2020 ਨਾਲੋਂ ਘੱਟ ਗੰਭੀਰ
Monday, May 10, 2021 - 02:30 PM (IST)
ਨਵੀਂ ਦਿੱਲੀ- ਭਾਰਤ ਵਿਚ ਕੋਵਿਡ ਮਹਾਮਾਰੀ ਦੀ ਦੂਜੀ ਲਹਿਰ ਕਾਰਨ ਅਪ੍ਰੈਲ-ਮਈ ਵਿਚ ਆਰਥਿਕ ਸਰਗਰਮੀਆਂ ਘਟੀਆਂ ਹਨ ਪਰ ਇਹ ਝਟਕਾ 2020 ਦੇ ਮੁਕਾਬਲੇ ਘੱਟ ਗੰਭੀਰ ਹੋਵੇਗਾ। ਫਿਚ ਰੇਟਿੰਗਸ ਨੇ ਸੋਮਵਾਰ ਨੂੰ ਇਹ ਗੱਲ ਆਖੀ। ਹਾਲਾਂਕਿ, ਰੇਟਿੰਗ ਏਜੰਸੀ ਨੇ ਕਿਹਾ ਕਿ ਇਸ ਦੇ ਮੱਦੇਨਜ਼ਰ ਸੁਧਾਰ ਵਿਚ ਦੇਰੀ ਹੋਣ ਦੀ ਸੰਭਾਵਨਾ ਹੈ।
ਗਲੋਬਲ ਰੇਟਿੰਗ ਏਜੰਸੀ ਨੇ ਕਿਹਾ ਕਿ ਅਜਿਹੇ ਸੰਕੇਤ ਵੱਧ ਰਹੇ ਹਨ ਕਿ ਕੋਵਿਡ ਸੰਕਰਮਣ ਦੀ ਦੂਜੀ ਲਹਿਰ ਕਾਰਨ ਵਿੱਤੀ ਸੰਸਥਾਨਾਂ ਲਈ ਜੋਖ਼ਮ ਵੱਧ ਰਹੇ ਹਨ ਅਤੇ ਅਨੁਮਾਨ ਹੈ ਕਿ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਵਿੱਤੀ ਖੇਤਰ ਦੀ ਮਦਦ ਲਈ ਹੋਰ ਉਪਾਅ ਕਰ ਸਕਦਾ ਹੈ।
ਫਿਚ ਨੇ ਇਕ ਰਿਪੋਰਟ ਵਿਚ ਕਿਹਾ, 'ਸਾਨੂੰ ਉਮੀਦ ਹੈ ਕਿ ਭਾਰਤ ਵਿਚ ਕੋਰੋਨਾ ਮਹਾਮਾਰੀ ਦੀ ਨਵੀਨਤਮ ਲਹਿਰ 2020 ਨਾਲੋਂ ਆਰਥਿਕ ਸਰਗਰਮੀਆਂ ਨੂੰ ਘੱਟ ਨੁਕਸਾਨ ਪਹੁੰਚਾਏਗੀ, ਭਾਵੇਂ ਹੀ ਲਾਗ ਦਾ ਪ੍ਰਕੋਪ ਪਹਿਲਾਂ ਨਾਲੋਂ ਜ਼ਿਆਦਾ ਹੈ। ਹਾਲਾਂਕਿ, ਫਿਰ ਵੀ ਅਪ੍ਰੈਲ-ਮਈ ਦੀਆਂ ਸਰਗਰਮੀਆਂ ਵਿਚ ਕਮੀ ਦੇ ਸੰਕੇਤ ਹਨ, ਜਿਸ ਕਾਰਨ ਰਿਕਵਰੀ ਵਿਚ ਦੇਰੀ ਹੋ ਸਕਦੀ।'' ਗੌਰਤਲਬ ਹੈ ਕਿ ਲਗਾਤਾਰ ਚਾਰ ਦਿਨ ਕੋਰੋਨਾ ਪੀੜਤਾਂ ਦੇ 4 ਲੱਖ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਉਣ ਮਗਰੋਂ ਸੋਮਵਾਰ ਨੂੰ ਇਕ ਦਿਨ ਵਿਚ 3,66,161 ਮਾਮਲੇ ਦਰਜ ਹੋਏ ਹਨ। ਸਿਹਤ ਮੰਤਰਾਲਾ ਵੱਲੋਂ ਸੋਮਵਾਰ ਸਵੇਰੇ 8 ਵਜੇ ਤੱਕ ਜਾਰੀ ਅੰਕੜਿਆਂ ਅਨੁਸਾਰ, 3,754 ਹੋਰ ਲੋਕਾਂ ਦੀ ਕੋਰੋਨਾ ਸੰਕਰਮਣ ਕਾਰਨ ਮੌਤ ਹੋਣ ਨਾਲ ਦੇਸ਼ ਵਿਚ ਮ੍ਰਿਤਕਾਂ ਦੀ ਕੁੱਲ ਗਿਣਤੀ ਵੱਧ ਕੇ 2,46,116 ਹੋ ਗਈ ਹੈ।