FD ''ਤੇ ਵਧੇਗਾ ਵਿਆਜ, ਬੈਂਕ ਜਲਦ ਦੇ ਸਕਦੇ ਹਨ ਤੋਹਫਾ

02/06/2019 3:47:09 PM

ਮੁੰਬਈ— ਬੈਂਕ 'ਚ ਫਿਕਸਡ ਡਿਪਾਜ਼ਿਟ ਰਾਹੀਂ ਚੰਗਾ ਵਿਆਜ ਕਮਾਉਣ ਦੀ ਸੋਚ ਰਹੇ ਹੋ ਤਾਂ ਤੁਹਾਨੂੰ ਜਲਦ ਹੀ ਇਹ ਖੁਸ਼ਖਬਰੀ ਮਿਲ ਸਕਦੀ ਹੈ। ਸਾਲ 2019-20 'ਚ ਕਰਜ਼ ਦੀ ਮੰਗ ਪੂਰੀ ਕਰਨ ਲਈ ਬੈਂਕਾਂ ਨੂੰ ਇਕ ਵੱਡੀ ਰਕਮ ਦੀ ਜ਼ਰੂਰਤ ਹੋਵੇਗੀ, ਜਿਸ ਲਈ ਐੱਫ. ਡੀ. 'ਤੇ ਵਿਆਜ ਦਰਾਂ ਨੂੰ ਵਧਾਇਆ ਜਾ ਸਕਦਾ ਹੈ। ਰੇਟਿੰਗ ਏਜੰਸੀ ਕ੍ਰਿਸਿਲ ਮੁਤਾਬਕ, 13-14 ਫੀਸਦੀ ਦੀ ਲੋਨ ਗ੍ਰੋਥ ਨੂੰ ਪੂਰਾ ਕਰਨ ਲਈ ਬੈਂਕਾਂ ਨੂੰ ਤਕਰੀਬਨ 20 ਲੱਖ ਕਰੋੜ ਰੁਪਏ ਦੇ ਤਾਜ਼ਾ ਡਿਪਾਜ਼ਿਟਸ ਦੀ ਜ਼ਰੂਰਤ ਹੋਵੇਗੀ।

ਇਹ ਪਿਛਲੇ ਕੁਝ ਸਾਲਾਂ 'ਚ 7 ਲੱਖ ਕਰੋੜ ਰੁਪਏ ਦੇ ਔਸਤ ਸਾਲਾਨਾ ਡਿਪਾਜ਼ਿਟ ਤੋਂ ਕਾਫੀ ਉੱਪਰ ਹੋਵੇਗਾ, ਯਾਨੀ ਬੈਂਕਾਂ ਨੂੰ ਜਮ੍ਹਾਂ ਰਾਸ਼ੀ ਇਕੱਠੀ ਕਰਨ ਲਈ ਵਿਆਜ ਦਰਾਂ 'ਚ ਵਾਧਾ ਕਰਨਾ ਪੈ ਸਕਦਾ ਹੈ। 4 ਜਨਵਰੀ 2019 ਤਕ ਬੈਂਕਾਂ 'ਚ ਜਮ੍ਹਾਂ ਰਾਸ਼ੀ 9.9 ਫੀਸਦੀ ਵਧੀ ਹੈ, ਜਦੋਂ ਕਿ ਲੋਨ ਦੀ ਡਿਮਾਂਡ 14.5 ਫੀਸਦੀ ਵਧੀ ਹੈ। ਰੇਟਿੰਗ ਏਜੰਸੀ ਮੁਤਾਬਕ, ਬੈਂਕਾਂ ਨੂੰ 25 ਲੱਖ ਕਰੋੜ ਰੁਪਏ ਦੀ ਲੋੜ ਹੋਵੇਗੀ ਜਿਨ੍ਹਾਂ 'ਚੋਂ 5-6 ਲੱਖ ਕਰੋੜ ਐੱਸ. ਐੱਲ. ਆਰ. ਫੰਡਾਂ ਰਾਹੀਂ ਉਪਲੱਬਧ ਹੋਣ ਦੀ ਉਮੀਦ ਹੈ, 20 ਲੱਖ ਕਰੋੜ ਰੁਪਏ ਨਵੀਂ ਜਮ੍ਹਾਂ ਰਾਸ਼ੀ ਜ਼ਰੀਏ ਪੂਰੀ ਕਰਨ ਦੀ ਜ਼ਰੂਰਤ ਹੈ।
ਕ੍ਰਿਸਿਲ ਨੇ ਕਿਹਾ ਕਿ ਵਿੱਤੀ ਸਾਲ 2019-20 ਦੌਰਾਨ ਭਾਰਤ 'ਚ ਬੈਂਕ ਲੋਨ ਦੀ ਡਿਮਾਂਡ 13-14 ਫੀਸਦੀ ਦੀ ਰਫਤਾਰ ਨਾਲ ਵਧੇਗੀ, ਜੋ 2008 ਦੀ 8 ਫੀਸਦੀ ਦੀ ਤੁਲਨਾ 'ਚ ਕਾਫੀ ਵੱਧ ਹੈ। ਇਸ ਲਈ ਬੈਂਕਾਂ ਨੂੰ ਡਿਪਾਜ਼ਿਟ ਯੋਜਨਾਵਾਂ 'ਚ ਤਬਦੀਲੀ ਲਈ ਮਜ਼ਬੂਰ ਹੋਣਾ ਪੈ ਸਕਦਾ ਹੈ।


Related News