FCI ਨੇ ਈ-ਨੀਲਾਮੀ ਦੇ ਪਹਿਲੇ ਦਿਨ ਥੋਕ ਖਪਤਕਾਰਾਂ ਨੂੰ 8.88 ਲੱਖ ਟਨ ਕਣਕ ਵੇਚੀ
Friday, Feb 03, 2023 - 12:04 PM (IST)
ਨਵੀਂ ਦਿੱਲੀ–ਸਰਕਾਰੀ ਮਲਕੀਅਤ ਵਾਲੇ ਭਾਰਤੀ ਖੁਰਾਕ ਨਿਗਮ (ਐੱਫ. ਸੀ. ਆਈ.) ਨੇ 22 ਸੂਬਿਆਂ ’ਚ ਈ-ਨੀਲਾਮੀ ਦੇ ਪਹਿਲੇ ਦਿਨ ਆਟਾ ਚੱਕੀ ਮਾਲਕਾਂ ਵਰਗੇ ਥੋਕ ਖਪਤਕਾਰਾਂ ਨੂੰ 8.88 ਲੱਖ ਟਨ ਕਣਕ ਵੇਚੀ ਹੈ। ਖੁਰਾਕ ਮੰਤਰਾਲਾ ਨੇ ਇਹ ਜਾਣਕਾਰੀ ਦਿੱਤੀ। ਐੱਫ. ਸੀ. ਆਈ. ਨੇ ਕਣਕ ਦੀ ਘਰੇਲੂ ਉਪਲਬਧਤਾ ਨੂੰ ਵਧਾਉਣਾ ਅਤੇ ਵਧਦੀਆਂ ਕੀਮਤਾਂ ’ਤੇ ਰੋਕ ਲਾਉਣ ਲਈ ਥੋਕ ਖਪਤਕਾਰਾਂ ਨੂੰ ਕਣਕ ਵੇਚਣ ਦੇ ਟੀਚੇ ਨਾਲ ਮੁਕਤ ਬਾਜ਼ਾਰ ਵਿਕਰੀ ਯੋਜਨਾ (ਓ. ਐੱਮ. ਐੱਸ. ਐੱਸ.) ਦੇ ਤਹਿਤ ਇਕ ਫਰਵਰੀ ਨੂੰ ਕਣਕ ਦੀ ਈ-ਨੀਲਾਮੀ ਸ਼ੁਰੂ ਕੀਤੀ। ਪਹਿਲੇ ਦਿਨ ਇਸ ਨੇ ਓ. ਐੱਮ. ਐੱਸ. ਐੱਸ. ਦੇ ਤਹਿਤ ਨਿਰਧਾਰਤ 25 ਲੱਖ ਟਨ ਦੇ ਮੁਕਾਬਲੇ ਲਗਭਗ 22 ਲੱਖ ਟਨ ਕਣਕ ਦੀ ਵਿਕਰੀ ਦੀ ਪੇਸ਼ਕਸ਼ ਕੀਤੀ।
ਮੰਤਰਾਲਾ ਨੇ ਕਿਹਾ ਕਿ ਪਹਿਲੀ ਈ-ਨੀਲਾਮੀ ’ਚ ਹਿੱਸਾ ਲੈਣ ਲਈ 1,100 ਤੋਂ ਵੱਧ ਬੋਲੀ ਲਾਉਣ ਵਾਲੇ ਅੱਗੇ ਆਏ। ਈ-ਨੀਲਾਮੀ ਦੇ ਪਹਿਲੇ ਦਿਨ 22 ਸੂਬਿਆਂ ’ਚ 8.88 ਲੱਖ ਟਨ ਕਣਕ ਦੀ ਵਿਕਰੀ ਕੀਤੀ ਗਈ। ਕਣਕ ਦੀ ਅੱਗੇ ਦੀ ਵਿਕਰੀ ਹਰੇਕ ਬੁੱਧਵਾਰ ਨੂੰ ਪੂਰੇ ਦੇਸ਼ ’ਚ ਈ-ਨੀਲਾਮੀ ਦੇ ਮਾਧਿਅਮ ਰਾਹੀਂ 15 ਮਾਰਚ ਤੱਕ ਜਾਰੀ ਰਹੇਗੀ। ਕਣਕ ਨੂੰ 2,350 ਰੁਪਏ ਪ੍ਰਤੀ ਕੁਇੰਟਲ ਦੇ ਰਾਖਵੇਂ ਮੁੱਲ ਅਤੇ ਢੁਆਈ ਫੀਸ ਦੇ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਇਕ ਖਰੀਦਦਾਰ ਵੱਧ ਤੋਂ ਵੱਧ 3,000 ਟਨ ਅਤੇ ਘੱਟ ਤੋਂ ਘੱਟ 10 ਟਨ ਲਈ ਬੋਲੀ ਲਾ ਸਕਦਾ ਹੈ।