1 ਜਨਵਰੀ ਤੋਂ ਸਾਰੇ ਵਾਹਨਾਂ ''ਚ ਫਾਸਟੈਗ ਲਾਜ਼ਮੀ, ਨਕਦ ''ਚ ਨਹੀਂ ਕੱਟੇਗਾ ਟੋਲ

12/30/2020 11:11:33 PM

ਨਵੀਂ ਦਿੱਲੀ- ਸਰਕਾਰ ਨੇ 1 ਜਨਵਰੀ, 2021 ਤੋਂ ਸਾਰੇ ਵਾਹਨਾਂ ਲਈ ਫਾਸਟੈਗ ਲਾਜ਼ਮੀ ਕਰ ਦਿੱਤਾ ਹੈ। ਹਾਲਾਂਕਿ, ਇਹ ਵੀ ਖ਼ਬਰਾਂ ਹਨ ਕਿ ਸਰਕਾਰ ਫਾਸਟੈਗ ਲਈ ਤਾਰੀਖ਼ ਵਧਾ ਸਕਦੀ ਹੈ। ਕੇਂਦਰੀ ਸੜਕ ਅਤੇ ਆਵਾਜਾਈ ਮੰਤਰਾਲਾ ਨੇ ਸਾਰੇ ਪੁਰਾਣੇ ਵਾਹਨਾਂ ਲਈ ਵੀ ਫਾਸਟੈਗ ਨੂੰ ਜ਼ਰੂਰੀ ਕਰ ਦਿੱਤਾ ਹੈ।

ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ (ਐੱਨ. ਐੱਚ. ਏ. ਆਈ.) ਨੇ ਵੀ ਕਿਹਾ ਹੈ ਕਿ 1 ਜਨਵਰੀ, 2021 ਤੋਂ ਨਕਦ (ਕੈਸ਼) ਵਿਚ ਟੋਲ ਇਕੱਤਰ ਕਰਨਾ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਜਾਵੇਗਾ। ਸਾਰੇ ਰਾਸ਼ਟਰੀ ਰਾਜਮਾਰਗਾਂ ਦੇ ਟੋਲ ਪਲਾਜ਼ਿਆਂ 'ਤੇ ਹੁਣ ਫਾਸਟੈਗ ਜ਼ਰੀਏ ਟੋਲ ਇਕੱਤਰ ਕੀਤਾ ਜਾਵੇਗਾ। ਸਰਕਾਰ ਨੂੰ ਉਮੀਦ ਹੈ ਕਿ ਇਸ ਨਾਲ ਟੋਲ ਵਸੂਲੀ ਵੀ ਵਧੇਗੀ ਅਤੇ ਟੋਲ ਪਲਾਜ਼ਿਆਂ ‘ਤੇ ਵਾਹਨਾਂ ਦੀ ਕਤਾਰ ਵੀ ਖ਼ਤਮ ਹੋ ਜਾਵੇਗੀ।

ਫਾਸਟੈਗ ਨੂੰ ਤੁਸੀਂ ਕਿਸੇ ਵੀ ਟੋਲ ਪਲਾਜ਼ਾ ਤੋਂ ਖ਼ਰੀਦ ਸਕਦੇ ਹੋ। ਇਸ ਲਈ ਤੁਹਾਨੂੰ ਗੱਡੀ ਦੀ ਆਰ. ਸੀ. ਦਿਖਾਉਣੀ ਹੁੰਦੀ ਹੈ। ਫਾਸਟੈਗ ਲਈ ਇਹ ਜ਼ਰੂਰੀ ਕੇ. ਵਾਈ. ਸੀ. ਪ੍ਰਕਿਰਿਆ ਹੈ। ਫਾਸਟੈਗ ਬੈਂਕਾਂ, ਐਮਾਜ਼ੋਨ, ਪੇਟੀਐੱਮ, ਏਅਰਟੈੱਲ ਪੇਮੈਂਟ ਬੈਂਕ ਤੋਂ ਵੀ ਖ਼ਰੀਦ ਸਕਦੇ ਹੋ। ਫਾਸਟੈਗ ਦੀ ਕੀਮਤ ਦੋ ਚੀਜ਼ਾਂ 'ਤੇ ਨਿਰਭਰ ਕਰਦੀ ਹੈ। ਪਹਿਲਾ ਇਹ ਕਿ ਤੁਸੀਂ ਕਿਹੜੀ ਸ਼੍ਰੇਣੀ ਦੇ ਵਾਹਨ ਲਈ ਫਾਸਟੈਗ ਖ਼ਰੀਦ ਰਹੇ ਹੋ, ਯਾਨੀ ਕਾਰ, ਬੱਸ, ਟਰੱਕ, ਜੀਪ ਜਾਂ ਕਿਸੇ ਹੋਰ ਵਾਹਨ ਲਈ ਖ਼ਰੀਦ ਰਹੇ ਹੋ। ਹਰ ਬੈਂਕ ਦੀ ਫਾਸਟੈਗ ਦੀ ਫ਼ੀਸ ਅਤੇ ਸਕਿਓਰਿਟੀ ਜਮ੍ਹਾ ਨੂੰ ਲੈ ਕੇ ਵੱਖ-ਵੱਖ ਨੀਤੀ ਹੈ।

FASTag ਨੂੰ ਰੀਚਾਰਜ ਕਿਵੇਂ ਕਰੀਏ?
ਫਾਸਟੈਗ ਨੂੰ ਰੀਚਾਰਜ ਕਰਨ ਦੇ ਦੋ ਤਰੀਕੇ ਹਨ। ਪਹਿਲਾ ਤਰੀਕਾ ਹੈ ਕਿ ਬੈਂਕ ਵੱਲੋਂ ਬਣਾਏ ਗਏ ਫਾਸਟੈਗ ਵਾਲਿਟ ਨੂੰ ਸਮਾਰਟ ਫੋਨ ਵਿਚ ਡਾਊਨਲੋਡ ਕਰ ਲਓ ਅਤੇ ਇੰਟਰਨੈੱਟ ਬੈਂਕਿੰਗ, ਕ੍ਰੈਡਿਟ ਕਾਰਡ ਜਾਂ ਡੈਬਿਟ ਕਾਰਡ ਨਾਲ ਰੀਚਾਰਜ ਕਰੋ। ਦੂਜਾ ਤਰੀਕਾ ਇਹ ਹੈ ਕਿ ਤੁਸੀਂ ਇਸ ਨੂੰ ਪੇਟੀਐਮ, ਫੋਨਪੀ ਵਰਗੇ ਮੋਬਾਈਲ ਵਾਲਿਟ ਜ਼ਰੀਏ ਰੀਚਾਰਜ ਕਰੋ। ਇਸ ਤੋਂ ਇਲਾਵਾ ਤੁਸੀਂ ਐਮਾਜ਼ਾਨ ਪੇ ਤੇ ਗੂਗਲ ਪੇ ਨਾਲ ਵੀ ਰੀਚਾਰਜ ਕਰ ਸਕਦੇ ਹੋ।


Sanjeev

Content Editor

Related News