ਮਹਿੰਗਾ ਹੋਵੇਗਾ ਹਵਾਈ ਸਫਰ, ਕਿਰਾਏ ਦੀ ਸੀਮਾ ਹੁਣ 15 ਦਿਨ ਹੀ ਰਹੇਗੀ ਲਾਗੂ
Sunday, Sep 19, 2021 - 08:18 AM (IST)
ਨਵੀਂ ਦਿੱਲੀ- ਮਹਾਮਾਰੀ ਦਾ ਪ੍ਰਕੋਪ ਘੱਟ ਹੋਣ ਦੇ ਨਾਲ ਹੀ ਸਰਕਾਰ ਨੇ ਹਵਾਈ ਸੇਵਾ ਕੰਪਨੀਆਂ ਨੂੰ ਯਾਤਰੀ ਸਮਰੱਥਾ 72.5 ਫ਼ੀਸਦੀ ਤੋਂ ਵਧਾ ਕੇ 85 ਫ਼ੀਸਦੀ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ, ਨਾਲ ਹੀ ਕਿਰਾਏ ਨਾਲ ਸਬੰਧਤ ਨਿਯਮ ਵਿਚ ਵੀ ਤਬਦੀਲੀ ਕੀਤੀ ਹੈ। ਹਵਾਈ ਕਿਰਾਏ ਦੀ ਹੇਠਲੀ ਤੇ ਉੱਪਰੀ ਸੀਮਾ ਮਹੀਨੇ ਵਿਚ ਹੁਣ ਸਿਰਫ 15 ਦਿਨ ਲਾਗੂ ਰਹੇਗੀ। ਇਹ ਮਹੀਨੇ ਵਿਚ ਕਿਸੇ ਵੀ ਸਮੇਂ ਪੰਦਰਾਂ ਦਿਨਾਂ ਤੱਕ ਲਾਗੂ ਹੋਵੇਗੀ ਤੇ ਕੰਪਨੀਆਂ 16ਵੇਂ ਦਿਨ ਤੋਂ ਬਿਨਾਂ ਕਿਸੇ ਸੀਮਾ ਦੇ ਕਿਰਾਏ ਲੈਣ ਲਈ ਸੁਤੰਤਰ ਹੋਣਗੀਆਂ। ਇਸ ਨਾਲ ਹਵਾਈ ਸਫਰ ਮਹਿੰਗਾ ਹੋ ਸਕਦਾ ਹੈ।
ਗੌਰਤਲਬ ਹੈ ਕਿ ਕੋਵਿਡ-19 ਮਹਾਮਾਰੀ ਦੌਰਾਨ ਹਵਾਈ ਸਫਰ ਕਰਨ ਵਾਲੇ ਲੋਕਾਂ ਕੋਲੋਂ ਕੰਪਨੀਆਂ ਮਨਮਰਜ਼ੀ ਦੇ ਕਿਰਾਏ ਨਾ ਵਸੂਲਣ ਇਸ ਲਈ ਕਿਰਾਏ ਕੰਟਰੋਲ ਕੀਤੇ ਗਏ ਸਨ।
ਸਰਕਾਰ ਨੇ ਤਾਲਾਬੰਦੀ ਪਿੱਛੋਂ 25 ਮਈ 2020 ਨੂੰ ਉਡਾਣਾਂ ਸ਼ੁਰੂ ਕਰਨ ਦੀ ਮਨਜ਼ੂਰੀ ਦੇਣ ਦੇ ਨਾਲ ਹੀ ਹਵਾਈ ਯਾਤਰਾ ਦੀ ਮਿਆਦ ਦੇ ਆਧਾਰ 'ਤੇ ਕਿਰਾਏ ਦੀ ਹੇਠਲੀ ਤੇ ਉੱਪਰਲੀ ਸੀਮਾ ਨਿਰਧਾਰਤ ਕੀਤੀ ਸੀ। ਲੋਕਾਂ ਦੀ ਆਵਜਾਈ ਵਧਣ ਦੇ ਮੱਦੇਨਜ਼ਰ ਸਰਕਾਰ ਨੇ ਇਸ ਸਾਲ 12 ਅਗਸਤ ਨੂੰ ਕਿਰਾਏ ਦੀ ਹੇਠਲੀ ਤੇ ਉੱਪਰਲੀ ਸੀਮਾ ਵਿਚ 9.83 ਤੋਂ 12.82 ਫ਼ੀਸਦੀ ਵਾਧਾ ਕੀਤਾ ਸੀ।
ਇਸ ਸਮੇਂ 40 ਮਿੰਟ ਤੋਂ ਘੱਟ ਸਮੇਂ ਦੀ ਉਡਾਣ ਲਈ ਘੱਟੋ-ਘੱਟ ਕਿਰਾਇਆ 2,900 ਰੁਪਏ ਅਤੇ ਵੱਧ ਤੋਂ ਵੱਧ 8,800 ਰੁਪਏ ਹੈ। 180 ਤੋਂ 210 ਮਿੰਟ ਦੀ ਉਡਾਣ ਦੀ ਮਿਆਦ ਲਈ ਘੱਟੋ-ਘੱਟ ਕਿਰਾਇਆ 9,800 ਰੁਪਏ ਅਤੇ ਵੱਧ ਤੋਂ ਵੱਧ 27,200 ਰੁਪਏ ਹੈ। ਜੇਕਰ ਟਿਕਟ 15 ਦਿਨ ਪਹਿਲਾਂ ਬੁੱਕ ਕੀਤੀ ਜਾਂਦੀ ਹੈ ਤਾਂ ਇਹ ਕਿਰਾਏ ਦੀ ਸੀਮਾ ਲਾਗੂ ਹੋਵੇਗੀ। ਜੇਕਰ ਇਕ ਮਹੀਨਾ ਪਹਿਲਾਂ ਟਿਕਟ ਬੁੱਕ ਕੀਤੀ ਜਾਂਦੀ ਹੈ ਤਾਂ ਇਸ 'ਤੇ ਕੋਈ ਸੀਮਾ ਨਹੀਂ ਹੋਵੇਗੀ। ਇਸ ਦਾ ਮਤਲਬ ਹੈ ਕਿ ਏਅਰਲਾਈਨਜ਼ ਆਪਣੇ ਹਿਸਾਬ ਨਾਲ ਕਿਰਾਇਆ ਵਸੂਲਣਗੀਆਂ।