ਤਿਆਰ ਇਸਪਾਤ ਦੀ ਬਰਾਮਦ 36 ਫ਼ੀਸਦੀ, ਦਰਾਮਦ 62 ਫ਼ੀਸਦੀ ਵਧੀ
Monday, Sep 25, 2017 - 02:01 AM (IST)
ਨਵੀਂ ਦਿੱਲੀ- ਦੇਸ਼ ਦੇ ਤਿਆਰ ਇਸਪਾਤ ਦੀ ਬਰਾਮਦ ਅਗਸਤ 'ਚ 36 ਫ਼ੀਸਦੀ ਵਧ ਕੇ 9.23 ਲੱਖ ਟਨ ਰਹੀ ਹੈ। ਅਧਿਕਾਰਕ ਅੰਕੜਿਆਂ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਪਿਛਲੇ ਸਾਲ ਇਸੇ ਮਹੀਨੇ ਇਹ ਅੰਕੜਾ 6.79 ਲੱਖ ਟਨ ਰਿਹਾ ਸੀ। ਚਾਲੂ ਵਿੱਤੀ ਸਾਲ ਦੀ ਅਪ੍ਰੈਲ ਤੋਂ ਅਗਸਤ ਦੀ ਮਿਆਦ 'ਚ ਤਿਆਰ ਇਸਪਾਤ ਦੀ ਬਰਾਮਦ 57.1 ਫ਼ੀਸਦੀ ਵਧ ਕੇ 37.3 ਲੱਖ ਟਨ ਰਹੀ ਹੈ ਜੋ ਇਕ ਸਾਲ ਪਹਿਲਾਂ ਇਸੇ ਮਿਆਦ 'ਚ 23.7 ਲੱਖ ਟਨ ਰਹੀ ਸੀ। ਸਾਂਝਾ ਪਲਾਂਟ ਕਮੇਟੀ (ਜੇ. ਪੀ. ਸੀ.) ਦੀ ਤਾਜ਼ਾ ਰਿਪੋਰਟ ਅਨੁਸਾਰ ਅਗਸਤ 'ਚ ਤਿਆਰ ਇਸਪਾਤ ਦੀ ਦਰਾਮਦ 62 ਫ਼ੀਸਦੀ ਵਧ ਕੇ 9.55 ਲੱਖ ਟਨ ਰਹੀ। ਅਪ੍ਰੈਲ ਤੋਂ ਅਗਸਤ ਦੀ ਮਿਆਦ 'ਚ ਤਿਆਰ ਇਸਪਾਤ ਦੀ ਦਰਾਮਦ 15.9 ਫ਼ੀਸਦੀ ਵਧ ਕੇ 34.58 ਲੱਖ ਟਨ 'ਤੇ ਪਹੁੰਚ ਗਈ, ਜੋ ਇਸ ਤੋਂ ਪਿਛਲੇ ਸਾਲ ਦੀ ਇਸੇ ਮਿਆਦ 'ਚ 29.83 ਲੱਖ ਟਨ ਰਹੀ ਸੀ। ਰਿਪੋਰਟ ਕਹਿੰਦੀ ਹੈ ਕਿ ਅਗਸਤ ਮਹੀਨੇ 'ਚ ਭਾਰਤ ਤਿਆਰ ਇਸਪਾਤ ਦਾ ਸ਼ੁੱਧ ਦਰਾਮਦਕਾਰ ਰਿਹਾ ਹੈ। ਹਾਲਾਂਕਿ ਅਪ੍ਰੈਲ ਤੋਂ ਅਗਸਤ ਦੀ ਮਿਆਦ 'ਚ ਦੇਸ਼ ਦਾ ਸ਼ੁੱਧ ਬਰਾਮਦਕਾਰ ਦਾ ਦਰਜਾ ਕਾਇਮ ਹੈ।
ਬਰਾਮਦ ਕੰਟੇਨਰਾਂ 'ਤੇ ਲਾਜ਼ਮੀ ਸਵੈ-ਸੀਲਿੰਗ 1 ਨਵੰਬਰ ਤੋਂ
ਵਿੱਤ ਮੰਤਰਾਲਾ ਨੇ ਬਰਾਮਦ ਕੰਟੇਨਰਾਂ 'ਤੇ ਲਾਜ਼ਮੀ ਸਵੈ-ਸੀਲਿੰਗ ਅਤੇ ਰੇਡੀਓ ਤਰੰਗ ਪਛਾਣ ਟੈਗ (ਆਰ. ਐੱਫ. ਆਈ. ਡੀ.) ਲਾਉਣ ਦੇ ਫ਼ੈਸਲੇ ਨੂੰ ਇਕ ਮਹੀਨੇ ਲਈ ਟਾਲ ਦਿੱਤਾ ਹੈ। ਹੁਣ ਇਹ 1 ਨਵੰਬਰ ਤੋਂ ਲਾਗੂ ਹੋਵੇਗਾ ਕਿਉਂਕਿ ਕਾਰੋਬਾਰੀਆਂ ਨੂੰ ਟਰੈਕਿੰਗ ਉਪਕਰਨ ਮੁਹੱਈਆ ਕਰਵਾਉਣ ਵਾਲੇ ਵੈਂਡਰਾਂ ਨੂੰ ਲੱਭਣ 'ਚ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਾਰੋਬਾਰ ਸੁਗਮਤਾ ਨੂੰ ਬਿਹਤਰ ਕਰਨ ਲਈ ਮੰਤਰਾਲਾ ਦੇ ਅਧੀਨ ਆਉਣ ਵਾਲੇ ਸੀ. ਬੀ. ਈ. ਸੀ. (ਸੈਂਟਰਲ ਬੋਰਡ ਆਫ ਐਕਸਾਈਜ਼ ਐਂਡ ਕਸਟਮ ਡਿਊਟੀ) ਨੇ ਫ਼ੈਸਲਾ ਕੀਤਾ ਹੈ ਕਿ ਬੋਰਡ ਦੇ ਅਧਿਕਾਰੀਆਂ ਵੱਲੋਂ ਕੀਤੀ ਜਾਣ ਵਾਲੀ ਸੀਲਿੰਗ ਵਿਵਸਥਾ ਨੂੰ ਖਤਮ ਕੀਤਾ ਜਾਵੇ ਅਤੇ ਬਰਾਮਦ ਕੀਤੇ ਜਾਣ ਵਾਲੇ ਸਾਮਾਨਾਂ ਦੇ ਕੰਟੇਨਰਾਂ 'ਤੇ ਸਵੈ-ਸੀਲਿੰਗ ਨੂੰ ਉਤਸ਼ਾਹ ਦਿੱਤਾ ਜਾਵੇ ਜੋ 'ਵਿਸ਼ਵਾਸ ਆਧਾਰਿਤ ਅਨੁਪਾਲਨ ਮਾਹੌਲ' ਦਾ ਨਿਰਮਾਣ ਕਰੇ।
