ਬੰਗਾਲ ਦੇ ਮਾਲਦਾ ਅੰਬ ਦੀ ਬਰਾਮਦ ’ਤੇ ਅਸਰ, ਘਰੇਲੂ ਬਾਜ਼ਾਰ ’ਚ ਮਿਲ ਰਹੀ ਬਿਹਤਰ ਕੀਮਤ

Sunday, Jul 07, 2024 - 01:39 PM (IST)

ਕੋਲਕਾਤਾ (ਭਾਸ਼ਾ) - ਪੱਛਮੀ ਬੰਗਾਲ ਦੇ ਮਾਲਦਾ ਜ਼ਿਲੇ ਤੋਂ ਅੰਬਾਂ ਦੀ ਬਰਾਮਦ ਇਸ ਸਾਲ ਪ੍ਰਭਾਵਿਤ ਹੋਈ ਹੈ, ਕਿਉਂਕਿ ਬਰਾਮਦਕਾਰ ਵਿਦੇਸ਼ੀ ਖਰੀਦਦਾਰਾਂ ਤੋਂ ਬਿਹਤਰ ਕੀਮਤ ਹਾਸਲ ਕਰਨ ’ਚ ਅਸਫਲ ਰਹੇ ਹਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਵਿਕਰੇਤਾਵਾਂ ਨੂੰ ਘਰੇਲੂ ਬਾਜ਼ਾਰ ’ਚ ਆਕਰਸ਼ਕ ਮੁੱਲ ਮਿਲ ਰਹੇ ਹਨ।

ਉਨ੍ਹਾਂ ਨੇ ਕਿਹਾ ਕਿ ਬ੍ਰਿਟੇਨ ਅਤੇ ਯੂ.ਏ.ਈ. ਦੇ ਦਰਾਮਦਕਾਰਾਂ ਨੇ ਸ਼ੁਰੂ ’ਚ ਰੁਚੀ ਦਿਖਾਈ ਸੀ, ਹਾਲਾਂਕਿ ਕੀਮਤ ’ਤੇ ਸਹਿਮਤੀ ਨਹੀਂ ਬਣਨ ਕਾਰਨ ਬਰਾਮਦ ਨਹੀਂ ਕੀਤੀ ਜਾ ਸਕੀ। ਅਧਿਕਾਰੀਆਂ ਨੇ ਕਿਹਾ ਕਿ ਦੂਜੇ ਪਾਸੇ ਵਿਕਰੇਤਾਵਾਂ ਨੂੰ ਘਰੇਲੂ ਬਾਜ਼ਾਰ ’ਚ ਚੰਗੀ ਪ੍ਰਤੀਕਿਰਿਆ ਮਿਲ ਰਹੀ ਹੈ ਅਤੇ ਦਿੱਲੀ ’ਚ ਇਕ ਪ੍ਰਦਰਸ਼ਨੀ ’ਚ ਲੱਗਭਗ 17 ਟਨ ਮਾਲਦਾ ਅੰਬ 100 ਰੁਪਏ ਤੋਂ 150 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਦਰਮਿਆਨ ਵਿਕਿਆ। ਘੱਟ ਫਸਲ ਅਤੇ ਉੱਚ ਗੁਣਵੱਤਾ ਵਾਲੇ ਉਤਪਾਦਨ ਦੇ ਕਾਰਨ ਥੋਕ ਕੀਮਤਾਂ ’ਚ 50-80 ਫੀਸਦੀ ਦਾ ਵਾਧਾ ਹੋਇਆ।

ਮਾਲਦਾ ਦੇ ਬਾਗਵਾਨੀ ਉਪ ਨਿਰਦੇਸ਼ਕ ਸਾਮੰਤ ਲਾਏਕ ਨੇ ਕਿਹਾ, ‘‘ਇਸ ਸਾਲ, ਬ੍ਰਿਟੇਨ ਅਤੇ ਦੁਬਈ ਦੇ ਖਰੀਦਦਾਰਾਂ ਨੇ ਬਰਾਮਦ ਸੌਦੇ ਰੱਦ ਕਰ ਦਿੱਤੇ, ਜਿਨ੍ਹਾਂ ਨੇ ਸ਼ੁਰੂ ’ਚ ਰੁਚੀ ਦਿਖਾਈ ਸੀ। ਅਸੀਂ ਜੋ ਕੀਮਤ ਮੰਗ ਰਹੇ ਸੀ, ਉਹ ਉਸ ਨੂੰ ਪੂਰਾ ਨਹੀਂ ਕਰ ਸਕੇ।’’ ਪੱਛਮੀ ਬੰਗਾਲ ਬਰਾਮਦਕਾਰ ਤਾਲਮੇਲ ਕਮੇਟੀ ਦੇ ਜਨਰਲ ਸਕੱਤਰ ਉੱਜਵਲ ਸਾਹਾ ਨੇ ਕਿਹਾ ਕਿ ਪਿਛਲੇ ਪੜਾਅ ’ਚ ਹਿਮਸਾਗਰ ਕਿਸਮ ਦੇ 13 ਕੁਇੰਟਲ ਬਰਾਮਦ ਲਈ ਕੁਝ ਤਰੱਕੀ ਹੋਈ ਸੀ, ਪਰ ਦਰਾਮਦਕਾਰ ਗੱਲਬਾਤ ਦੇ ਅੰਤਿਮ ਪੜਾਅ ’ਚ ਕੀਮਤ ’ਤੇ ਸਹਿਮਤ ਨਹੀਂ ਹੋ ਸਕੇ।

ਲਾਏਕ ਨੇ ਕਿਹਾ ਕਿ ਇਸ ਸਾਲ ਗਰਮੀ ਅਤੇ ਬੇਸੌਮਸ ਬਾਰਿਸ਼ ਕਾਰਨ ਉਤਪਾਦਨ ’ਚ ਭਾਰੀ ਗਿਰਾਵਟ ਕਾਰਨ ਅੰਬ ਦੀਆਂ ਕੀਮਤਾਂ ਵੱਧ ਗਈਆਂ ਹਨ। ਮਾਲਦਾ ’ਚ ਅੰਬ ਦੀਆਂ ਕਈ ਕਿਸਮਾਂ ਉਪਲਬਧ ਹਨ, ਜਿਵੇਂ ਕਿ ਫਾਜਲੀ, ਹਿਮਸਾਗਰ, ਲਕਸ਼ਮਣਭੋਗ, ਲੰਗੜਾ ਅਤੇ ਆਮਰਪੱਲੀ।


Harinder Kaur

Content Editor

Related News