ਇਕ ਮਹੀਨੇ 'ਚ 10 ਰੁਪਏ ਸਸਤਾ ਹੋਇਆ ਖ਼ੁਰਾਕੀ ਤੇਲ, ਕੀਮਤਾਂ ਹੋਰ ਘਟਣ ਦੇ ਆਸਾਰ
Sunday, Dec 12, 2021 - 10:54 AM (IST)
ਨਵੀਂ ਦਿੱਲੀ (ਭਾਸ਼ਾ) – ਖਾਣ ਵਾਲੇ ਤੇਲ ਯਾਨੀ ਐਡੀਬਲ ਆਇਲ ਦੀਆਂ ਕੀਮਤਾਂ ’ਚ ਪਿਛਲੇ ਕੁੱਝ ਦਿਨਾਂ ’ਚ ਕਮੀ ਦੇਖਣ ਨੂੰ ਮਿਲੀ ਹੈ। ਦਰਅਸਲ ਦਰਾਮਦ ਡਿਊਟੀ ’ਚ ਕਮੀ ਕਾਰਨ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ ’ਚ ਪਿਛਲੇ ਇਕ ਮਹੀਨੇ ’ਚ 8-10 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਗਿਰਾਵਟ ਆਈ ਹੈ। ਇੰਡਸਟਰੀ ਬਾਡੀ ਸਾਲਵੈਂਟ ਐਕਸਟ੍ਰੈਕਟਰਜ਼ ਐਸੋਸੀਏਸ਼ਨ ਯਾਨੀ ਐੱਸ. ਈ. ਏ. ਮੁਤਾਬਕ ਆਉਣ ਵਾਲੇ ਮਹੀਨਿਆਂ ’ਚ ਤਿਲਹਨ ਦੇ ਵਧੇਰੇ ਘਰੇਲੂ ਪ੍ਰੋਡਕਸ਼ਨ ਅਤੇ ਗਲੋਬਲ ਮਾਰਕੀਟ ’ਚ ਮੰਦੀ ਦੇ ਰੁਖ ਕਾਰਨ ਖਾਣ ਵਾਲੇ ਤੇਲਾਂ ਦੇ ਰੇਟ 3-4 ਰੁਪਏ ਪ੍ਰਤੀ ਕਿਲੋ ਹੋਰ ਹੇਠਾਂ ਆ ਸਕਦੇ ਹਨ। ਯਾਨੀ ਮਹਿੰਗਾਈ ਤੋਂ ਕੁੱਝ ਰਾਹਤ ਮਿਲ ਸਕਦੀ ਹੈ।
ਇਹ ਵੀ ਪੜ੍ਹੋ : ਵਿਦੇਸ਼ਾਂ ਤੋਂ ਕਰੋੜਾਂ ਦੇ ਲੈਣ-ਦੇਣ ਨੂੰ ਲੈ ਕੇ RBI ਸਖ਼ਤ, ਬਣਾਇਆ ਇਹ ਨਿਯਮ
ਐੱਸ. ਈ. ਏ. ਦੇ ਪ੍ਰਧਾਨ ਅਤੁਲ ਚਤੁਰਵੇਦੀ ਨੇ ਕਿਹਾ ਕਿ ਪਾਮ, ਸੋਇਆ ਅਤੇ ਸੂਰਜਮੁਖੀ ਵਰਗੇ ਸਾਰੇ ਤੇਲਾਂ ਦੀਆਂ ਬਹੁਤ ਜ਼ਿਆਦਾ ਉੱਚੀਆਂ ਕੀਮਤਾਂ ਕਾਰਨ ਪਿਛਲੇ ਕੁੱਝ ਮਹੀਨੇ ਭਾਰਤੀ ਖੁਰਾਕ ਤੇਲ ਕੰਜਿਊਜ਼ਮਰ ਲਈ ਕਾਫੀ ਪ੍ਰੇਸ਼ਾਨੀ ਭਰੇ ਰਹੇ ਹਨ। ਐੱਸ.ਈ. ਏ. ਨੇ ਦੀਵਾਲੀ ਤੋਂ ਪਹਿਲਾਂ ਆਪਣੇ ਮੈਂਬਰਾਂ ਨੂੰ ਕੀਮਤਾਂ ਨੂੰ ਜਿੰਨਾ ਸੰਭਵ ਹੋ ਸਕੇ, ਘੱਟ ਕਰਨ ਦੀ ਸਲਾਹ ਦਿੱਤੀ ਸੀ।
ਉਨ੍ਹਾਂ ਨੇ ਕਿਹਾ ਕਿ ਕੇਂਦਰ ਨੇ ਖਾਣ ਵਾਲੇ ਤੇਲਾਂ ’ਤੇ ਦਰਾਮਦ ਡਿਊਟੀ ਵੀ ਘੱਟ ਕਰ ਦਿੱਤੀ ਹੈ। ਸਾਨੂੰ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਕਈ ਉਪਾਅ ਕਾਰਨ 30 ਦਿਨਾਂ ’ਚ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ ’ਚ ਲਗਭਗ 8-10 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਕਮੀ ਆਈ ਹੈ।
ਇਹ ਵੀ ਪੜ੍ਹੋ : ‘ਜੈੱਫ ਬੇਜ਼ੋਸ ਦੀਆਂ ਵਧੀਆਂ ਮੁਸ਼ਕਲਾਂ, ਅਮਰੀਕਾ ’ਚ ਲੱਗਾ ਗਾਹਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼’
ਵਧੇਗਾ ਸਰ੍ਹੋਂ ਦੇ ਤੇਲ ਦਾ ਉਤਪਾਦਨ
ਲਗਭਗ 120 ਲੱਖ ਟਨ ਸੋਇਆਬੀਨ ਦੀ ਫਸਲ ਅਤੇ 80 ਲੱਖ ਟਨ ਤੋਂ ਵੱਧ ਮੂੰਗਫਲੀ ਦੀ ਫਸਲ ਨਾਲ ਚਤੁਰਵੇਦੀ ਨੇ ਉਮੀਦ ਪ੍ਰਗਟਾਈ ਕਿ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ ਹੁਣ ਕੰਟਰੋਲ ’ਚ ਰਹਿਣਗੀਆਂ। ਉਨ੍ਹਾਂ ਨੇ ਕਿਹਾ ਕਿ ਸਰੋਂ ਦੇ ਤੇਲ ਦੀ ਖਲ ਦੀ ਇੰਨੀ ਮੰਗ ਹੈ ਕਿ ਕਿਸਾਨਾਂ ਨੂੰ ਚੰਗਾ ਰੇਟ ਮਿਲਣ ਨਾਲ ਸਪਲਾਈ ਦੀ ਸਥਿਤੀ ਬਿਹਤਰ ਹੋਈ ਹੈ ਅਤੇ ਉਨ੍ਹਾਂ ਨੇ (ਕਿਸਾਨਾਂ ਨੇ) ਹੁਣ ਤੱਕ ਦੇ ਸਭ ਤੋਂ ਵੱਧ ਰਕਬੇ (ਕਰੀਬ 77.62 ਲੱਖ ਹੈਕਟੇਅਰ) ਵਿਚ ਸਰ੍ਹੋਂ ਦੀ ਬਿਜਾਈ ਕੀਤੀ ਹੈ। ਇਹ ਅੰਕੜਾ ਪਹਿਲਾਂ ਦੇ ਮੁਕਾਬਲੇ ਲਗਭਗ 30 ਫੀਸਦੀ ਵੱਧ ਹੈ ਅਤੇ ਆਉਣ ਵਾਲੇ ਸਾਲ ’ਚ ਘਰੇਲੂ ਸਰ੍ਹੋਂ ਦੇ ਤੇਲ ਦੀ ਉਪਲਬਧਤਾ 8 ਤੋਂ 10 ਲੱਖ ਟਨ ਤੱਕ ਵਧ ਸਕਦੀ ਹੈ।
ਇਹ ਵੀ ਪੜ੍ਹੋ : 'ਬੇਟੀ ਬਚਾਓ, ਬੇਟੀ ਪੜ੍ਹਾਓ' ਮੁਹਿੰਮ ਲਈ ਮਨਜ਼ੂਰ ਹੋਏ 848 ਕਰੋੜ, ਸਿਰਫ਼ ਇਸ਼ਤਿਹਾਰਾਂ 'ਤੇ ਹੀ ਖ਼ਰਚ ਦਿੱਤਾ 80 ਫ਼ੀਸਦੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।