ਦੀਵਾਲੀ ਤੱਕ 10 ਕਰੋੜ ਦੀ ਮਠਿਆਈ ਖਾ ਜਾਣਗੇ ਪੰਜਾਬੀ! ਤਿਉਹਾਰ ਤੋਂ ਬਾਅਦ ਆਵੇਗੀ ਰਿਪੋਰਟ
Thursday, Oct 09, 2025 - 05:19 PM (IST)

ਬਠਿੰਡਾ (ਵਿਜੇ ਵਰਮਾ) : ਦੀਵਾਲੀ ਤੱਕ ਬਠਿੰਡਾ ਜ਼ਿਲ੍ਹੇ ‘ਚ ਕਰੀਬ 10 ਕਰੋੜ ਰੁਪਏ ਤੋਂ ਵੱਧ ਦੀ ਮਠਿਆਈ ਵਿਕਣ ਦਾ ਅੰਦਾਜ਼ਾ ਹੈ। ਬਾਜ਼ਾਰਾਂ ‘ਚ ਰੌਣਕ ਵੱਧ ਗਈ ਹੈ ਅਤੇ ਮਠਿਆਈਆਂ ਦੀਆਂ ਦੁਕਾਨਾਂ ‘ਤੇ ਗਾਹਕਾਂ ਦੀ ਭੀੜ ਉਮੜ ਰਹੀ ਹੈ ਪਰ ਇਨ੍ਹਾਂ ਮਠਿਆਈਆਂ ‘ਚ ਮਿਲਾਵਟ ਜਾਂ ਹਾਨੀਕਾਰਕ ਤੱਤ ਹਨ ਜਾਂ ਨਹੀਂ, ਇਸ ਦੀ ਜਾਂਚ ‘ਚ ਸਿਹਤ ਵਿਭਾਗ ਦੀ ਫੂਡ ਸੇਫ਼ਟੀ ਸ਼ਾਖਾ ਅਜੇ ਵੀ ਸੁਸਤ ਹੈ। ਵਿਭਾਗ ਨੇ ਇਕ ਅਕਤੂਬਰ ਤੋਂ ਖ਼ਾਸ ਚੈਕਿੰਗ ਮੁਹਿੰਮ ਚਲਾ ਕੇ ਮਠਿਆਈਆਂ ਅਤੇ ਹੋਰ ਖਾਧ ਪਦਾਰਥਾਂ ਦੇ ਸੈਂਪਲ ਖਰੜ ਸਥਿਤ ਲੈਬ ‘ਚ ਜਾਂਚ ਲਈ ਭੇਜਣੇ ਸ਼ੁਰੂ ਕੀਤੇ ਹਨ। ਜਾਣਕਾਰੀ ਮੁਤਾਬਕ ਪਿਛਲੇ ਪੰਜ ਦਿਨਾਂ ‘ਚ ਅੱਠ ਸੈਂਪਲ ਭੇਜੇ ਗਏ ਹਨ, ਜਦੋਂਕਿ ਅਗਲੇ ਦਿਨਾਂ ‘ਚ ਹੋਰ ਸੈਂਪਲ ਭੇਜੇ ਜਾਣਗੇ ਪਰ ਜਾਂਚ ਰਿਪੋਰਟਾਂ ਦੀਵਾਲੀ ਤੋਂ ਬਾਅਦ ਹੀ ਆਉਣਗੀਆਂ। ਇਸਦਾ ਮਤਲਬ ਇਹ ਹੈ ਕਿ ਜਦੋਂ ਤੱਕ ਰਿਪੋਰਟਾਂ ਆਉਣਗੀਆਂ, ਲੋਕ ਉਹੀ ਮਠਿਆਈਆਂ ਖਾ ਚੁੱਕੇ ਹੋਣਗੇ ਜਿਨ੍ਹਾਂ ਦੀ ਸ਼ੁੱਧਤਾ ‘ਤੇ ਸਵਾਲ ਹਨ।
ਪੁਰਾਣੀਆਂ ਰਿਪੋਰਟਾਂ ਵੀ ਨਹੀਂ ਆਈਆਂ
ਗਣੇਸ਼ ਉਤਸਵ ਤੋਂ ਪਹਿਲਾਂ ਲਏ ਗਏ ਸੈਂਪਲਾਂ ਦੀਆਂ ਰਿਪੋਰਟਾਂ ਅਜੇ ਤੱਕ ਨਹੀਂ ਆਈਆਂ। ਹੁਣ ਤੱਕ ਕਿਸੇ ਵੀ ਦੁਕਾਨਦਾਰ ਨੂੰ ਮਿਲਾਵਟੀ ਮਠਿਆਈ ਵੇਚਣ ਲਈ ਸਜ਼ਾ ਨਹੀਂ ਹੋਈ। ਕੁੱਝ ਮਾਮਲਿਆਂ ‘ਚ ਸਿਰਫ਼ ਥੋੜ੍ਹਾ ਜੁਰਮਾਨਾ ਲਾ ਕੇ ਖਾਨਾਪੂਰੀ ਕੀਤੀ ਗਈ।
ਨਕਲੀ ਖੋਏ ਦੀ ਫਿਰ ਆਸ਼ੰਕਾ
ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦਿੱਲੀ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਤੋਂ ਨਕਲੀ ਖੋਆ ਬਠਿੰਡਾ ਆਉਣ ਦੀ ਸੰਭਾਵਨਾ ਹੈ। ਪਿਛਲੇ ਸਾਲ ਵੀ ਸਿੰਥੇਟਿਕ ਖੋਆ ਫੜ੍ਹਿਆ ਗਿਆ ਸੀ ਪਰ ਕਾਰਵਾਈ ਨਹੀਂ ਹੋਈ। ਮਾਹਿਰ ਦੱਸਦੇ ਹਨ ਕਿ ਨਕਲੀ ਖੋਆ ਬਣਾਉਣ ਲਈ ਦੁੱਧ ‘ਚ ਵਾਸ਼ਿੰਗ ਪਾਊਡਰ, ਯੂਰੀਆ, ਰਿਫਾਈਂਡ ਤੇਲ ਅਤੇ ਘਟੀਆ ਵਨਸਪਤੀ ਘੀ ਮਿਲਾਇਆ ਜਾਂਦਾ ਹੈ। ਇਹ ਸਿੰਥੇਟਿਕ ਖੋਆ ਸਿਹਤ ਲਈ ਬਹੁਤ ਖ਼ਤਰਨਾਕ ਹੁੰਦਾ ਹੈ।
FSSAI ਨਿਯਮਾਂ ਦੀ ਅਣਦੇਖੀ
ਫੂਡ ਸੇਫ਼ਟੀ ਐਂਡ ਸਟੈਂਡਰਡ ਅਥਾਰਟੀ ਆਫ਼ ਇੰਡੀਆ (FSSAI) ਦੇ 2020 ਦੇ ਨਿਯਮਾਂ ਅਨੁਸਾਰ ਹਰ ਮਠਿਆਈ ਵੇਚਣ ਵਾਲੇ ਨੂੰ ਹਰ ਟਰੇ ‘ਤੇ ਮਿਠਾਈ ਦੀ ਐਕਸਪਾਈਰੀ ਮਿਤੀ ਲਿਖਣੀ ਲਾਜ਼ਮੀ ਹੈ, ਤਾਂ ਜੋ ਗਾਹਕ ਨੂੰ ਤੁਰੰਤ ਪਤਾ ਲੱਗ ਸਕੇ ਕਿ ਮਠਿਆਈ ਤਾਜ਼ਾ ਹੈ ਜਾਂ ਨਹੀਂ ਪਰ ਜ਼ਿਲ੍ਹੇ ਦੀਆਂ ਜ਼ਿਆਦਾਤਰ ਦੁਕਾਨਾਂ ਇਸ ਨਿਯਮ ਦੀ ਪਾਲਣਾ ਨਹੀਂ ਕਰ ਰਹੀਆਂ।
500 ਤੋਂ ਵੱਧ ਦੁਕਾਨਾਂ, ਜ਼ਿਆਦਾਤਰ ਬਿਨਾਂ ਲਾਇਸੈਂਸ
ਨਿਯਮਾਂ ਮੁਤਾਬਕ ਹਰ ਮਠਿਆਈ ਵੇਚਣ ਵਾਲੇ ਕੋਲ ਫੂਡ ਸੇਫ਼ਟੀ ਵਿਭਾਗ ਦਾ ਰਜਿਸਟ੍ਰੇਸ਼ਨ ਜਾਂ ਲਾਇਸੈਂਸ ਹੋਣਾ ਲਾਜ਼ਮੀ ਹੈ ਪਰ ਬਠਿੰਡਾ ਜ਼ਿਲ੍ਹੇ ਦੀਆਂ 500 ਤੋਂ ਵੱਧ ਦੁਕਾਨਾਂ ‘ਚੋਂ ਬਹੁਤ ਥੋੜ੍ਹੀਆਂ ਕੋਲ ਹੀ ਇਹ ਲਾਇਸੈਂਸ ਹੈ। ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ ਪਰ ਇਸ ਪਾਸੇ ਪੂਰੀ ਲਾਪਰਵਾਹੀ ਕੀਤੀ ਜਾ ਰਹੀ ਹੈ।
ਵਿਭਾਗ ਦਾ ਦਾਅਵਾ : ਰਿਪੋਰਟਿੰਗ ਸਿਸਟਮ ਹੋਵੇਗਾ ਮਜ਼ਬੂਤ
ਫੂਡ ਸੇਫ਼ਟੀ ਵਿਭਾਗ ਦੇ ਸਹਾਇਕ ਫੂਡ ਕਮਿਸ਼ਨਰ ਅਮ੍ਰਿਤਪਾਲ ਸੋਢੀ ਨੇ ਦੱਸਿਆ ਕਿ ਵਿਭਾਗ ਨੇ ਇਕ ਅਕਤੂਬਰ ਤੋਂ ਖ਼ਾਸ ਸੈਂਪਲਿੰਗ ਮੁਹਿੰਮ ਸ਼ੁਰੂ ਕੀਤੀ ਹੈ। ਉਨ੍ਹਾਂ ਕਿਹਾ ਕਿ ਖੁੱਲ੍ਹੇ ‘ਚ ਮਠਿਆਈ ਵੇਚਣ ਵਾਲਿਆਂ ਤੇ ਪੰਡਾਲਾਂ ਵਿੱਚ ਵਿਕਰੀ ਕਰਨ ਵਾਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਰਿਪੋਰਟਿੰਗ ਸਿਸਟਮ ਹੋਰ ਮਜ਼ਬੂਤ ਬਣਾਇਆ ਜਾ ਰਿਹਾ ਹੈ ਤਾਂ ਜੋ ਜਾਂਚ ਰਿਪੋਰਟਾਂ ਸਮੇਂ ‘ਤੇ ਮਿਲ ਸਕਣ।