ਨਸ਼ਿਆਂ ਕਾਰਨ ਇਕ ਹੋਰ ਨੌਜਵਾਨ ਦੀ ਮੌਤ
Thursday, Oct 02, 2025 - 03:31 PM (IST)

ਤਲਵੰਡੀ ਭਾਈ (ਪਾਲ) : ਬੇਸ਼ੱਕ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਕਾਫੀ ਪ੍ਰਚਾਰ ਕੀਤਾ ਜਾ ਰਿਹਾ ਹੈ ਪਰ ਫਿਰ ਵੀ ਨਸ਼ਿਆਂ ਦਾ ਵੱਗਦਾ ਦਰਿਆ ਆਪਣੀ ਚਾਲ ਅੱਗੇ ਵੱਧਦਾ ਹੋਇਆ ਹਰ ਰੋਜ਼ ਅਨੇਕਾਂ ਇਨਸਾਨੀ ਜ਼ਿੰਦਗੀਆਂ ਨੂੰ ਨਸ਼ਿਆਂ ’ਚ ਰੋਹੜਦਾ ਹੋਇਆ ਮੌਤ ਦੇ ਮੂੰਹ ਵਿਚ ਲੈ ਜਾ ਰਿਹਾ ਹੈ। ਹੁਣ ਸਥਾਨਕ ਢਿੱਲੋਂ ਬਸਤੀ ਦੇ ਵਸਨੀਕ ਪਰਦੀਪ ਸਿੰਘ 32 ਸਾਲਾ ਨੌਜਵਾਨ ਦੀ ਬੀਤੇ ਦਿਨ ਨਸ਼ਿਆਂ ਕਾਰਨ ਮੌਤ ਹੋ ਗਈ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਨਸ਼ਿਆਂ ਕਾਰਨ ਸਾਡੇ ਪੁੱਤ ਦੀ ਮੌਤ ਹੋ ਜਾਣ ਕਾਰਨ ਸਾਡੇ ਸਾਰੇ ਘਰ ਦਾ ਗੁਜ਼ਾਰਾ ਹੀ ਰੁਕ ਗਿਆ ਹੈ ਅਤੇ ਛੋਟੇ-ਛੋਟੇ ਬੱਚੇ ਅਨਾਥ ਹੋ ਗਏ ਹਨ। ਜ਼ਿਕਰਯੋਗ ਹੈ ਕਿ ਨਸ਼ਿਆਂ ਦੀ ਦਲਦਲ ਵਿਚ ਫਸੇ ਇਸ ਇਲਾਕੇ ਦੇ ਹੁਣ ਤੱਕ ਅਨੇਕਾਂ ਨੌਜਵਾਨ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ। ਜਿਸ ਕਾਰਨ ਅਨੇਕਾਂ ਮੁਟਿਆਰਾਂ ਜਵਾਨੀ ਵਿਚ ਵਿਧਵਾਵਾਂ ਹੋ ਚੁੱਕੀਆਂ ਹਨ। ਅਨੇਕਾਂ ਭੈਣਾ ਦੇ ਵੀਰ ਤੁਰ ਗਏ, ਸੈਂਕੜੇ ਮਾਪਿਆਂ ਦੇ ਬੁਢਾਪੇ ਦੇ ਸਹਾਰੇ ਬਣਨ ਵਾਲੇ ਨੌਜਵਾਨ ਸਦਾ ਲਈ ਇਸ ਜਹਾਨ ਤੋਂ ਸਿਰਫ ਨਸ਼ਿਆਂ ਦੇ ਕਾਰਨ ਤੁਰ ਗਏ ਹਨ।