ਅਰਥਵਿਵਸਥਾ ਨੂੰ ਤਕੜਾ ਝਟਕਾ, ਮਾਹਰਾਂ ਨੇ ਅਰਥਵਿਵਸਥਾ ਦੀ ਹਾਲਤ ’ਤੇ ਜਤਾਈ ਚਿੰਤਾ

11/30/2019 10:19:44 AM

ਨਵੀਂ ਦਿੱਲੀ – ਵਿੱਤ ਮੰਤਰਾਲਾ ਵਲੋਂ ਅੱਜ ਜਾਰੀ ਅੰਕੜਿਆਂ ਵਿਚ ਵਿੱਤੀ ਸਾਲ ਦੀ ਦੂਸਰੀ ਤਿਮਾਹੀ ਵਿਚ ਅਰਥਵਿਵਸਥਾ ਨੂੰ ਤਕੜਾ ਝਟਕਾ ਲੱਗਾ ਹੈ। ਜੁਲਾਈ-ਸਤੰਬਰ ਤਿਮਾਹੀ ਵਿਚ ਵਿਕਾਸ ਦਰ 4.5 ਫੀਸਦੀ ਰਹੀ, ਜਦਕਿ ਇਕ ਸਾਲ ਪਹਿਲਾਂ ਇਸ ਸਮੇਂ ਆਰਥਿਕ ਵਿਕਾਸ ਦਰ 7 ਫੀਸਦੀ ਸੀ। ਸੁਸਤੀ ਦੇ ਕਾਰਣ ਪਹਿਲੀ ਤਿਮਾਹੀ ਵਿਚ ਵਿਕਾਸ ਦਰ 5 ਫੀਸਦੀ ਰਹੀ ਸੀ। ਇਹ ਪਿਛਲੀਆਂ 26 ਤਿਮਾਹੀਆਂ ਵਿਚ ਸਭ ਤੋਂ ਕਮਜ਼ੋਰ ਹੈ। ਕੋਰ ਸੈਕਟਰ ਅਤੇ ਉਦਯੋਗਿਕ ਵਾਧਾ (ਆਈ. ਆਈ. ਪੀ.) ਦੋਵਾਂ ਦੀ ਹਾਲਤ ਅਗਸਤ ਅਤੇ ਸਤੰਬਰ ਮਹੀਨੇ ਦੇ ਦੌਰਾਨ ਖਰਾਬ ਰਹੀ।

ਇਕ ਸਰਵੇ ਅਨੁਸਾਰ ਸੰਸਾਰਿਕ ਮੰਦੀ ਨੇ ਭਾਰਤ ਦੀ ਬਰਾਮਦ ’ਤੇ ਕਾਫੀ ਅਸਰ ਪਾਇਆ ਹੈ। ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਕੁਝ ਮੀਡੀਆ ਰਿਪੋਰਟਾਂ ਵਿਚ ਕਿਹਾ ਜਾ ਰਿਹਾ ਹੈ ਕਿ ਵਿਕਾਸ ਦਰ 4 ਫੀਸਦੀ ਤੋਂ ਵੀ ਹੇਠਾਂ ਜਾ ਸਕਦੀ ਹੈ। ਇਸ ਤੋਂ ਪਹਿਲਾਂ ਜਨਵਰੀ-ਮਾਰਚ 2013 ਵਿਚ ਵਿਕਾਸ ਦਰ 4.3 ਫੀਸਦੀ ਰਹੀ ਸੀ। ਇੰਡੀਆ ਰੇਟਿੰਗਸ ਦੇ ਮੁੱਖ ਅਰਥਸ਼ਾਸਤਰੀ ਦੇਵੇਂਦਰ ਪੰਤ ਦਾ ਕਹਿਣਾ ਹੈ ਕਿ ਖਪਤਕਾਰ ਖਪਤ ਵਿਚ ਗਿਰਾਵਟ ਦੇ ਕਾਰਣ ਸ਼ਹਿਰੀ ਖੇਤਰ ਦੀ ਵਿਕਾਸ ਦਰ ਕਾਫੀ ਸੁਸਤ ਹੋ ਸਕਦੀ ਹੈ, ਜਿਸ ਨੂੰ ਤਿਉਹਾਰੀ ਸੀਜ਼ਨ ਵਿਚ ਵੀ ਕਾਫੀ ਗਾਹਕ ਨਹੀਂ ਮਿਲ ਸਕੇ ਹਨ।

336.36 ਅੰਕ ਲੁੜਕਿਆ ਸੈਂਸੈਕਸ

ਦਿਨ ਭਰ ਦੇ ਕਾਰੋਬਾਰ ਤੋਂ ਬਾਅਦ ਹਫਤੇ ਦੇ ਅਾਖਰੀ ਕਾਰੋਬਾਰੀ ਦਿਨ ਭਾਵ ਅੱਜ ਸ਼ੇਅਰ ਬਾਜ਼ਾਰ ਜੀ.ਡੀ. ਪੀ. ਦੇ ਅੰਕੜੇ ਆਉਣ ਤੋਂ ਪਹਿਲਾਂ ਹੀ ਡਿੱਗ ਪਿਆ। ਬੰਬਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਇੰਡੈਕਸ ਸੈਂਸੈਕਸ 336.36 ਅੰਕ ਲੁੜਕ ਕੇ 40,793.81 ਦੇ ਪੱਧਰ ’ਤੇ ਬੰਦ ਹੋਇਆ।

ਓਧਰ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 95.10 ਅੰਕ ਡਿੱਗ ਕੇ 12,056.05 ਦੇ ਪੱਧਰ ’ਤੇ ਬੰਦ ਹੋਇਆ। ਜੀ. ਡੀ. ਪੀ. (ਕੁਲ ਘਰੇਲੂ ਉਤਪਾਦ) ਵਾਧੇ ਦੇ ਅੰਕੜੇ ਆਉਣ ਤੋਂ ਪਹਿਲਾਂ ਹੀ ਨਿਵੇਸ਼ਕ ਚੌਕਸ ਦਿਸੇ।

ਸ਼ੇਅਰ ਰੀਓਪਨ

ਮੁੱਖ ਸ਼ੇਅਰਾਂ ਦੀ ਗੱਲ ਕਰੀਏ ਤਾਂ ਇਨਫਰਾਟੈੱਲ, ਅਡਾਨੀ ਪੋਰਟਸ, ਭਾਰਤੀ ਏਅਰਟੈੱਲ, ਐੱਚ.ਡੀ. ਐੱਫ. ਸੀ. ਬੈਂਕ, ਐੱਨ. ਟੀ. ਪੀ. ਸੀ., ਗੇਲ, ਇੰਡਸਇੰਡ ਬੈਂਕ ਅਤੇ ਬੀ. ਪੀ. ਸੀ. ਐੱਲ. ਦੇ ਸ਼ੇਅਰ ਹਰੇ ਨਿਸ਼ਾਨ ’ਤੇ ਬੰਦ ਹੋਏ। ਉਥੇ ਹੀ ਜੀ. ਲਿਮਟਿਡ, ਹਿੰਦੋਸਤਾਨ ਯੂਨੀਲੀਵਰ, ਟਾਟਾ ਮੋਟਰਜ਼, ਐੱਮ. ਐਂਡ ਐੱਮ., ਯੈੱਸ ਬੈਂਕ, ਵੇਦਾਂਤਾ ਲਿਮਟਿਡ ਅਤੇ ਸੰਨ ਫਾਰਮਾ ਦੇ ਸ਼ੇਅਰ ਲਾਲ ਨਿਸ਼ਾਨ ’ਤੇ ਬੰਦ ਹੋਏ।


ਅਰਥਵਿਵਸਥਾ ਦੀ ਹਾਲਤ ਚਿੰਤਾਜਨਕ, ਇਸ ਦੇ ਤਬਾਹਕੁੰਨ ਅਸਰ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ : ਮਨਮੋਹਨ ਸਿੰਘ

ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਭਾਰਤੀ ਅਰਥਵਿਵਸਥਾ ਦੀ ਹਾਲਤ ’ਤੇ ਚਿੰਤਾ ਜਤਾਈ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੂੰ 8 ਤੋਂ 9 ਫੀਸਦੀ ਵਿਕਾਸ ਦਰ ਦੀ ਉਮੀਦ ਸੀ ਪਰ ਇਹ ਡਿਗਦੇ ਹੋਏ 4.5 ਫੀਸਦੀ ’ਤੇ ਆ ਗਈ ਹੈ, ਜੋ ਸਵੀਕਾਰਨਯੋਗ ਨਹੀਂ। ਉਨ੍ਹਾਂ ਕਿਹਾ ਕਿ ਸਾਡੀ ਅਰਥਵਿਵਸਥਾ ਦੀ ਸਥਿਤੀ ਕਾਫੀ ਚਿੰਤਾਜਨਕ ਹੈ।

ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਕੋਈ ਵੀ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦਾ ਕਿ ਭਾਰਤੀ ਅਰਥਵਿਵਸਥਾ ਵਿਚ ਤੇਜ਼ ਗਿਰਾਵਟ ਆਈ ਹੈ। ਇਸ ਦੇ ਘਾਤਕ ਨਤੀਜੇ ਖਾਸ ਕਰ ਕੇ ਕਿਸਾਨਾਂ, ਨੌਜਵਾਨਾਂ ਅਤੇ ਗਰੀਬਾਂ ’ਤੇ ਤਬਾਹਕੁੰਨ ਅਸਰ ਪਾਉਣਗੇ ਤੇ ਇਸ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਸਿਰਫ ਆਰਥਿਕ ਨੀਤੀਆਂ ਵਿਚ ਬਦਲਾਅ ਨਾਲ ਅਰਥਵਿਵਸਥਾ ਪਟੜੀ ’ਤੇ ਨਹੀਂ ਆਏਗੀ।

ਭਾਜਪਾ ਦੀ ਸਮਝ ’ਚ ਜੀ. ਡੀ. ਪੀ. ਦਾ ਮਤਲਬ ‘ਗੋਡਸੇ ਡਿਵਾਈਸਿਸ ਪਾਲੀਟਿਕਸ’ : ਸੂਰਜੇਵਾਲਾ

ਕਾਂਗਰਸ ਨੇ ਮੌਜੂਦਾ ਵਿੱਤੀ ਸਾਲ ਦੀ ਦੂਸਰੀ ਤਿਮਾਹੀ ਵਿਚ ਜੀ. ਡੀ. ਪੀ. ਦੇ ਡਿੱਗ ਕੇ 4.5 ਫੀਸਦੀ ਤੱਕ ਪਹੁੰਚ ਜਾਣ ਨੂੰ ਲੈ ਕੇ ਸ਼ੁੱਕਰਵਾਰ ਨੂੰ ਨਰਿੰਦਰ ਮੋਦੀ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਿਆ ਅਤੇ ਦਾਅਵਾ ਕੀਤਾ ਕਿ ਭਾਜਪਾ ਦੀ ਨਜ਼ਰ ਵਿਚ ਜੀ. ਡੀ. ਪੀ. ਦਾ ਮਤਲਬ ‘ਗੋਡਸੇ ਡਿਵਾਈਸਿਸ ਪਾਲੀਟਿਕਸ’ ਹੁੰਦਾ ਹੈ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਟਵੀਟ ਕੀਤਾ ਕਿ ਪਿਛਲੇ 6 ਸਾਲਾਂ ਵਿਚ ਕਿਸੇ ਵੀ ਤਿਮਾਹੀ ਵਿਚ ਸਭ ਤੋਂ ਘੱਟ ਜੀ.ਡੀ. ਪੀ. ਦਰ ਹੈ।

ਅਰਥਵਿਵਸਥਾ ’ਤੇ ਵਿੱਤ ਮੰਤਰੀ ਦਾ ਬਿਆਨ ਨਿਰਾਸ਼ਾਜਨਕ : ਸਿਨ੍ਹਾ

ਸਾਬਕਾ ਵਿੱਤ ਮੰਤਰੀ ਯਸ਼ਵੰਤ ਸਿਨ੍ਹਾ ਨੇ ਅਰਥਵਿਵਸਥਾ ਦੀ ਹਾਲਤ ’ਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਬਿਆਨ ਨੂੰ ਸ਼ੁੱਕਰਵਾਰ ਨੂੰ ‘ਬਹੁਤ ਨਿਰਾਸ਼ਾਜਨਕ’ ਦੱਸਿਆ। ਉਨ੍ਹਾਂ ਕਿਹਾ,‘‘ਮੌਜੂਦਾ ਸੰਕਟ ਦਾ ਮੁੱਖ ਕਾਰਣ ਮੰਗ ਦਾ ਖਤਮ ਹੋਣਾ ਹੈ। ’’ ਉਨ੍ਹਾਂ ਕਿਹਾ ਕਿ ‘ਸਰਕਾਰ ਇਸ ਨੂੰ ਅਜੇ ਵੀ ਨਕਾਰ ਰਹੀ ਹੈ ਅਤੇ ਜਦੋਂ ਤੁਸੀਂ ਸੱਚਾਈ ਨੂੰ ਨਾਕਾਰਣ ਦੇ ਮੂਡ ਵਿਚ ਆ ਜਾਂਦੇ ਹੋ ਤਾਂ ਤੁਸੀਂ ਸਮੱਸਿਆ ਦਾ ਹੱਲ ਨਹੀਂ ਕਰ ਸਕਦੇ।’


Related News