‘ਦੋ ਅੰਕੀ ਵਾਧਾ ਦਰਜ ਕਰੇਗੀ ਅਰਥਵਿਵਸਥਾ, ਵਿਨਿਵੇਸ਼ ਲਈ ਮਾਹੌਲ ਬਿਹਤਰ : ਰਾਜੀਵ ਕੁਮਾਰ’

Monday, Jul 12, 2021 - 03:06 PM (IST)

ਨਵੀਂ ਦਿੱਲੀ (ਭਾਸ਼ਾ) - ਨੀਤੀ ਆਯੋਗ ਦੇ ਉਪ-ਪ੍ਰਧਾਨ ਰਾਜੀਵ ਕੁਮਾਰ ਨੇ ਕਿਹਾ ਹੈ ਕਿ ਚਾਲੂ ਵਿੱਤੀ ਸਾਲ ’ਚ ਭਾਰਤੀ ਅਰਥਵਿਵਸਥਾ 10 ਫ਼ੀਸਦੀ ਤੋਂ ਜ਼ਿਆਦਾ ਦਾ ਵਾਧਾ ਦਰਜ ਕਰੇਗੀ। ਉਨ੍ਹਾਂ ਕਿਹਾ ਕਿ ਭਾਰਤ ਦੇ ਵਾਧੇ ਦੀ ਕਹਾਣੀ ‘ਕਾਫ਼ੀ ਮਜ਼ਬੂਤ ਹੈ ਅਤੇ ਵਿਨਿਵੇਸ਼ ਦਾ ਮਾਹੌਲ ਬਿਹਤਰ ਹੋਇਆ ਹੈ। ਕੁਮਾਰ ਨੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਦੇਸ਼ ਕੋਵਿਡ-19 ਦੀ ਕਿਸੇ ਸੰਭਾਵੀ ਤੀਜੀ ਲਹਿਰ ਨਾਲ ਨਜਿੱਠਣ ਲਈ ਜ਼ਿਆਦਾ ਬਿਹਤਰ ਤਰੀਕੇ ਨਾਲ ਤਿਆਰ ਹੈ। ਨਾਲ ਹੀ ਸੂਬਿਆਂ ਨੇ ਵੀ ਪਿਛਲੀਆਂ ਦੋ ਲਹਿਰਾਂ ਦੌਰਾਨ ਮਹਾਮਾਰੀ ਨਾਲ ਨਜਿੱਠਣ ਦੇ ਸਬਕ ਸਿੱਖੇ ਹਨ। ਕੁਮਾਰ ਨੇ ਇਕ ਇੰਟਰਵਿਊ ’ਚ ਕਿਹਾ, ‘‘ਉਮੀਦ ਹੈ ਕਿ ਹੁਣ ਅਸੀਂ ਮਹਾਮਾਰੀ ਨੂੰ ਪਿੱਛੇ ਛੱਡ ਰਹੇ ਹਾਂ। ਚਾਲੂ ਵਿੱਤੀ ਸਾਲ ਦੀ ਦੂਜੀ ਛਿਮਾਹੀ ’ਚ ਵਿਨਿਵੇਸ਼ ਦੇ ਨਾਲ ਹੀ ਆਰਥਕ ਗਤੀਵਿਧੀਆਂ ਬਿਹਤਰ ਹੋਣਗੀਆਂ। ਵੱਖ-ਵੱਖ ਉਦਾਹਰਣਾਂ ਮਸਲਨ ਆਵਜਾਈ ਆਦਿ ’ਚ ਤੇਜ਼ੀ ਇਸ ਦਾ ਸੰਕੇਤ ਦੇ ਰਹੀਆਂ ਹਨ।

ਭਾਰਤੀ ਅਰਥਵਿਵਸਥਾ ’ਤੇ ਕੋਰੋਨਾ ਵਾਇਰਸ ਮਹਾਮਾਰੀ ਦਾ ਉਲਟ ਅਸਰ ਪਿਆ ਹੈ ਅਤੇ ਦੂਜੀ ਲਹਿਰ ਦੀ ਵਜ੍ਹਾ ਨਾਲ ਅਰਥਵਿਵਸਥਾ ਦੀ ਮੁੜ-ਸੁਰਜੀਤੀ ਪ੍ਰਭਾਵਿਤ ਹੋਈ ਹੈ। ਇਸ ਸਬੰਧ ’ਚ ਨੀਤੀ ਆਯੋਗ ਦੇ ਉਪ-ਪ੍ਰਧਾਨ ਨੇ ਭਰੋਸਾ ਪ੍ਰਗਟਾਇਆ ਕਿ ਅਰਥਵਿਵਸਥਾ ਦੀ ਮੁੜ-ਸੁਰਜੀਤੀ ਕਾਫ਼ੀ ਮਜ਼ਬੂਤ ਹੈ ਅਤੇ ਜਿਨ੍ਹਾਂ ਏਜੰਸੀਆਂ ਜਾਂ ਸੰਗਠਨਾਂ ਨੇ ਚਾਲੂ ਵਿੱਤੀ ਸਾਲ ਲਈ ਆਪਣੇ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਦੇ ਅੰਦਾਜ਼ੇ ਨੂੰ ਘਟਾ ਦਿੱਤਾ ਸੀ, ਉਨ੍ਹਾਂ ਨੂੰ ਸੰਭਵ ਹੈ ਕਿ ਇਸ ਨੂੰ ਸੋਧ ਕੇ ਹੁਣ ਵਧਾਉਣਾ ਪਵੇਗਾ। ਉਨ੍ਹਾਂ ਕਿਹਾ, ‘‘ਮੈਨੂੰ ਉਮੀਦ ਹੈ ਕਿ 2021-22 ’ਚ ਭਾਰਤੀ ਅਰਥਵਿਵਸਥਾ ਦੋ ਅੰਕੀ (ਦਸ ਫ਼ੀਸਦੀ ਜਾਂ ਉਸ ਤੋਂ ਜ਼ਿਆਦਾ ਦਾ) ਵਾਧਾ ਦਰਜ ਕਰੇਗੀ।’’ 2021-22 ਦੇ ਬਜਟ ਅਨੁਸਾਰ ਸਰਕਾਰ ਇਸ ਵਿੱਤੀ ਸਾਲ ’ਚ ਬਾਜ਼ਾਰ ਤੋਂ ਕੁੱਲ 12.05 ਲੱਖ ਕਰੋਡ਼ ਰੁਪਏ ਦਾ ਕਰਜ਼ਾ ਚੁੱਕੇਗੀ।

ਇਹ ਵੀ ਪੜ੍ਹੋ: ‘IPO ਤੋਂ ਪਹਿਲਾਂ Paytm ’ਚ ਉਥਲ-ਪੁਥਲ, ਪ੍ਰੈਜੀਡੈਂਟ ਅਮਿਤ ਨਈਅਰ ਸਮੇਤ ਕਈ ਅਧਿਕਾਰੀਆਂ ਦਾ ਅਸਤੀਫਾ’

ਇਸਪਾਤ, ਸੀਮੈਂਟ ਅਤੇ ਰੀਅਲ ਅਸਟੇਟ ਵਰਗੇ ਕੁਝ ਖੇਤਰਾਂ ’ਚ ਰਿਕਾਰਡ ਨਿਵੇਸ਼ ਦੇਖਣ ਨੂੰ ਮਿਲ ਰਿਹੈ

ਇਹ ਪੁੱਛੇ ਜਾਣ ’ਤੇ ਕਿ ਕੀ ਨਿੱਜੀ ਨਿਵੇਸ਼ ਰਫਤਾਰ ਫੜ੍ਹੇਗਾ, ਕੁਮਾਰ ਨੇ ਕਿਹਾ ਕਿ ਇਸਪਾਤ, ਸੀਮੈਂਟ ਅਤੇ ਰੀਅਲ ਅਸਟੇਟ ਵਰਗੇ ਕੁਝ ਖੇਤਰਾਂ ’ਚ ਸਮਰੱਥਾ ਵਿਸਥਾਰ ਪਹਿਲਾਂ ਹੀ ਰਿਕਾਰਡ ਨਿਵੇਸ਼ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਟਿਕਾਊ ਖਪਤਕਾਰ ਸਾਮਾਨ ਖੇਤਰ ’ਚ ਸੰਭਵ ਹੈ ਕਿ ਜ਼ਿਆਦਾ ਸਮਾਂ ਲੱਗੇਗਾ, ਕਿਉਂਕਿ ਮਹਾਮਾਰੀ ਨੂੰ ਲੈ ਕੇ ਅਨਿਸ਼ਚਿਤਤਾ ਦੀ ਵਜ੍ਹਾ ਨਾਲ ਅਜੇ ਗਾਹਕ ਸ਼ਸ਼ੋਪੰਜ ’ਚ ਹਨ। ਸੰਭਾਵੀ ਤੀਜੀ ਲਹਿਰ ਬਾਰੇ ਪੁੱਛੇ ਜਾਣ ’ਤੇ ਨੀਤੀ ਆਯੋਗ ਦੇ ਉਪ-ਪ੍ਰਧਾਨ ਨੇ ਕਿਹਾ, ‘‘ਸਰਕਾਰ ਕਿਸੇ ਸੰਭਾਵੀ ਤੀਜੀ ਲਹਿਰ ਨਾਲ ਨਜਿੱਠਣ ਲਈ ਜ਼ਿਆਦਾ ਬਿਹਤਰ ਸਥਿਤੀ ’ਚ ਹੈ। ਮੇਰਾ ਮੰਨਣਾ ਹੈ ਕਿ ਤੀਜੀ ਲਹਿਰ ਦਾ ਅਰਥਵਿਵਸਥਾ ’ਤੇ ਪ੍ਰਭਾਵ ਦੂਜੀ ਜਾਂ ਪਹਿਲੀ ਲਹਿਰ ਦੀ ਸ਼ੁਰੂਆਤ ਦੇ ਮੁਕਾਬਲੇ ਸੀਮਿਤ ਰਹੇਗਾ।

ਇਹ ਵੀ ਪੜ੍ਹੋ: ਸਰਕਾਰ ਫਿਰ ਦੇ ਰਹੀ ਸਸਤਾ ਸੋਨਾ ਖਰੀਦਣ ਦਾ ਮੌਕਾ, ਜਾਣੋ ਕਦੋਂ ਸ਼ੁਰੂ ਹੋਵੇਗੀ ਇਹ ਸਕੀਮ

ਸੂਬਿਆਂ ਨੇ ਵੀ ਮਹਾਮਾਰੀ ਨਾਲ ਨਜਿੱਠਣ ਦਾ ਸਿੱਖਿਆ ਸਬਕ

ਕੁਮਾਰ ਨੇ ਕਿਹਾ ਕਿ ਸਰਕਾਰ ਦੀਆਂ ਤਿਆਰੀਆਂ ਕਾਫ਼ੀ ਜ਼ਿਕਰਯੋਗ ਹਨ ਅਤੇ ਨਾਲ ਹੀ ਸੂਬਿਆਂ ਨੇ ਵੀ ਮਹਾਮਾਰੀ ਨਾਲ ਨਜਿੱਠਣ ਦਾ ਸਬਕ ਸਿੱਖਿਆ ਹੈ। ਸਰਕਾਰ ਨੇ ਹਾਲ ’ਚ 23,123 ਕਰੋਡ਼ ਰੁਪਏ ਦੇ ਵਾਧੂ ਵਿੱਤਪੋਸ਼ਣ ਦਾ ਐਲਾਨ ਕੀਤਾ ਹੈ। ਇਸ ਦੇ ਜਰੀਏ ਸਰਕਾਰ ਮੁੱਖ ਰੂਪ ’ਚ ਸਿਹਤ ਖੇਤਰ ਦੇ ਢਾਂਚੇ ਨੂੰ ਮਜ਼ਬੂਤ ਕਰੇਗੀ। ਇਹ ਪੁੱਛੇ ਜਾਣ ’ਤੇ ਕਿ ਕੀ ਸਰਕਾਰ ਚਾਲੂ ਵਿੱਤੀ ਸਾਲ ਦੇ ਵਿਨਿਵੇਸ਼ ਦੇ ਟੀਚੇ ਨੂੰ ਹਾਸਲ ਕਰ ਸਕੇਗੀ, ਕੁਮਾਰ ਨੇ ਕਿਹਾ ਕਿ ਦੂਜੀ ਲਹਿਰ ਦੇ ਬਾਵਜੂਦ ਬਾਜ਼ਾਰ ਕਾਫ਼ੀ ਮਜ਼ਬੂਤ ਹਨ। ਇਸ ਸਮੇਂ ਉਹ ਨਵੀਂ ਉਚਾਈ ’ਤੇ ਹੈ। ਕੁਮਾਰ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਇਹ ਧਾਰਨਾ ਸਿਰਫ ਜਾਰੀ ਹੀ ਨਹੀਂ ਰਹੇਗੀ, ਸਗੋਂ ਅੱਗੇ ਚੱਲ ਕੇ ਇਹ ਹੋਰ ਮਜ਼ਬੂਤ ਹੋਵੇਗੀ। ਭਾਰਤ ਦੀ ਕਹਾਣੀ ਕਾਫ਼ੀ ਮਜ਼ਬੂਤ ਹੈ। ਵਿਸ਼ੇਸ਼ ਰੂਪ ’ਚ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫ. ਡੀ. ਆਈ.) ਦੇ ਮਾਮਲੇ ਹਨ।”

ਇਹ ਵੀ ਪੜ੍ਹੋ: ICICI ਬੈਂਕ ਦਾ ਫ਼ੈਸਲਾ : ਵਿਦੇਸ਼ਾਂ ਵਿਚ ਪੈਸੇ ਭੇਜ ਕੇ ਵਰਚੁਅਲ ਕਰੰਸੀ ਵਿਚ ਨਹੀਂ ਕਰ ਸਕਦੇ ਨਿਵੇਸ਼

ਐੱਫ. ਡੀ. ਆਈ. ਨੇ ਬਣਾਏ ਨਵੇਂ ਰਿਕਾਰਡ

ਉਨ੍ਹਾਂ ਨੇ ਕਿਹਾ ਕਿ ਐੱਫ. ਡੀ. ਆਈ. ਨੇ 2020-21 ਅਤੇ 2021-22 ਦੀ ਅਪ੍ਰੈਲ-ਜੂਨ ਦੀ ਮਿਆਦ ’ਚ ਨਵੇਂ ਰਿਕਾਰਡ ਬਣਾਏ ਹਨ। ਸਰਕਾਰ ਵੱਲੋਂ ਪੈਸਾ ਜੁਟਾਉਣ ਲਈ ਕੋਵਿਡ ਬਾਂਡ ਜਾਰੀ ਕਰਨ ਬਾਰੇ ਕੁਮਾਰ ਨੇ ਕਿਹਾ, ‘‘ਤੁਸੀਂ ਇਸ ਨੂੰ ਕੋਈ ਵੀ ਨਾਂ ਦੇ ਸਕਦੇ ਹੋ। ਜੇਕਰ ਸਰਕਾਰ ਨੂੰ ਪੂੰਜੀਗਤ ਖਰਚੇ ਲਈ ਜ਼ਿਆਦਾ ਪੈਸਾ ਜੁਟਾਉਣ ਦੀ ਜ਼ਰੂਰਤ ਹੋਵੇਗੀ ਤਾਂ ਉਹ ਅਜਿਹਾ ਕਰ ਸਕਦੀ ਹੈ। ਇਸ ਨਾਲ ਜ਼ਿਆਦਾ ਨਿਜੀ ਨਿਵੇਸ਼ ਆਕਰਸ਼ਿਤ ਕਰਨ ’ਚ ਮਦਦ ਮਿਲੇਗੀ।

ਇਹ ਵੀ ਪੜ੍ਹੋ: Jet Airways ਦੇ ਮੁਲਾਜ਼ਮਾਂ ਦੇ ਬਕਾਏ ਨੂੰ ਲੈ ਕੇ ਫਸਿਆ ਪੇਚ, ਲੱਖਾਂ ਦੀ ਥਾਂ 23 ਹਜ਼ਾਰ ਦੇਣ ਦਾ ਪ੍ਰਸਤਾਵ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News