ਪੰਜਾਬ ਸਰਕਾਰ ਦੀ ਨੀਲੀ ਕ੍ਰਾਂਤੀ ਮੁਹਿੰਮ ਲਿਆਈ ਰੰਗ, ਮੱਛੀ ਉਤਪਾਦਨ ’ਚ ਭਾਰੀ ਵਾਧਾ
Monday, Jul 28, 2025 - 01:34 PM (IST)

ਗੁਰਦਾਸਪੁਰ (ਹਰਮਨ)-ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਸਹਾਇਕ ਧੰਦਿਆਂ ਨੂੰ ਉਤਸ਼ਾਹਿਤ ਕਰ ਕੇ ਕਿਸਾਨਾਂ ਦੀ ਆਮਦਨ ’ਚ ਵਾਧਾ ਕਰਨ ਦੇ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਸੂਬੇ ਅੰਦਰ ਮੱਛੀ ਪਾਲਕ ਕਿਸਾਨਾਂ ਨੂੰ ਵੀ ਵੱਡੀ ਰਾਹਤ ਮਿਲੀ ਹੈ। ਇਸ ਤਹਿਤ ਪਿਛਲੇ 5 ਸਾਲਾਂ ਦੌਰਾਨ ਹੀ ਸੂਬੇ ਅੰਦਰ ਮੱਛੀ ਪਾਲਕਾਂ ਦੀ ਆਮਦਨ ’ਚ ਤਕਰੀਬਨ 500 ਕਰੋੜ ਰੁਪਏ ਦਾ ਵਾਧਾ ਹੋਇਆ ਹੈ, ਜਿਸ ਕਾਰਨ ਨਾ ਸਿਰਫ ਸਰਕਾਰ ਦੀ ਨੀਲੀ ਕ੍ਰਾਂਤੀ ਮੁਹਿੰਮ ਨੇ ਰੰਗ ਦਿਖਾਇਆ ਹੈ, ਸਗੋਂ ਇਸ ਨਾਲ ਬਹੁਤ ਸਾਰੇ ਹੋਰ ਕਿਸਾਨਾਂ ਦਾ ਵੀ ਮੱਛੀ ਪਾਲਣ ਵੱਲ ਝੁਕਾਅ ਵੱਧ ਰਿਹਾ ਹੈ।
ਇਹ ਵੀ ਪੜ੍ਹੋ- ਪੰਜਾਬ ਵਿਚ ਹੁਣ ਰਾਸ਼ਨ ਡਿਪੂਆਂ ਤੋਂ ਨਹੀਂ ਮਿਲੇਗੀ ਕਣਕ !
ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ ਤਹਿਤ ਮੱਛੀ ਪਾਲਣ ਦਾ ਧੰਦਾ ਕਰਨ ਵਾਲੇ ਕਿਸਾਨਾਂ ਨੂੰ ਬਕਾਇਦਾ ਸਬਸਿਡੀ ਦੇ ਰਹੀ ਹੈ, ਜੋ ਮੱਛੀ ਪਾਲਕਾਂ ਨੂੰ ਇਸ ਧੰਦੇ ਵੱਲ ਹੋਰ ਵੀ ਉਤਸ਼ਾਹਿਤ ਕਰ ਰਹੀ ਹੈ। ਕੁਝ ਸਮਾਂ ਪਹਿਲਾਂ ਵੀ ਪੰਜਾਬ ਅੰਦਰ ਅਨੇਕਾਂ ਕਿਸਾਨਾਂ ਵੱਲੋਂ ਮੱਛੀ ਪਾਲਣ ਦਾ ਕੰਮ ਕੀਤਾ ਜਾਂਦਾ ਸੀ ਪਰ ਬਾਅਦ ’ਚ ਕਈ ਤਰ੍ਹਾਂ ਦੇ ਨੁਕਸਾਨ ਹੋਣ ਕਾਰਨ ਕਿਸਾਨਾਂ ਨੇ ਇਸ ਧੰਦੇ ਤੋਂ ਮੂੰਹ ਫੇਰ ਲਿਆ ਸੀ। ਸਰਕਾਰ ਵੱਲੋਂ ਮੁੜ ਕਿਸਾਨਾਂ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਅਤੇ ਸਬਸਿਡੀ ਦੇਣ ਦੀ ਸ਼ੁਰੂ ਕੀਤੀ ਮੁਹਿੰਮ ਦੇ ਬਾਅਦ ਹੁਣ ਮੱਛੀ ਪਾਲਣ ਦਾ ਧੰਦਾ ਮੁੜ ਲਾਭਦਾਇਕ ਧੰਦਾ ਬਣਦਾ ਜਾ ਰਿਹਾ ਹੈ। ਇਸੇ ਕਾਰਨ ਹੁਣ ਸੂਬੇ ਅੰਦਰ ਅਨੇਕਾਂ ਕਿਸਾਨ ਰਵਾਇਤੀ ਖੇਤੀ ਦੇ ਨਾਲ-ਨਾਲ ਮੱਛੀ ਪਾਲਣ ਵੱਲ ਵੀ ਦਿਲਚਸਪੀ ਦਿਖਾ ਰਹੇ ਹਨ।
ਇਹ ਵੀ ਪੜ੍ਹੋ- ਪੰਜਾਬੀਆਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਦੇਣ ਜਾ ਰਹੀ ਵੱਡੀ ਸਹੂਲਤ
ਕੀ ਹੈ ਯੋਜਨਾ ਅਤੇ ਇਸ ਦੇ ਲਾਭ?
ਪੀ. ਐੱਮ. ਐੱਮ ਐੱਸ. ਵਾਈ ਯੋਜਨਾ 2020 ਵਿਚ ਸ਼ੁਰੂ ਹੋਈ ਸੀ, ਜਿਹੜੇ ਕਿਸਾਨ ਇਹ ਕੰਮ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਸਰਕਾਰ ਵੱਲੋਂ ਇਸ ਧੰਦੇ ਦੀ ਲੋੜੀਂਦੇ ਵੱਖ-ਵੱਖ ਤਰ੍ਹਾਂ ਦੇ ਸਾਜੋ ਸਮਾਨ, ਲੋੜੀਂਦੇ ਵਾਹਨ, ਇੰਫਰਾਸਟਰਕਚਰ ਅਤੇ ਫੀਡ ਆਦਿ ਤੇ 40 ਤੋਂ 60 ਫੀਸਦੀ ਤੱਕ ਦੀ ਸਬਸਿਡੀ ਦਿੱਤੀ ਜਾਂਦੀ ਹੈ। ਪਿਛਲੇ ਪੰਜ ਸਾਲਾਂ ਦੌਰਾਨ ਜੇਕਰ ਮੱਛੀ ਉਤਪਾਦਨ ਦਾ ਲੇਖਾ ਜ਼ੋਖਾ ਕੀਤਾ ਜਾਵੇ ਤਾਂ ਇਨ੍ਹਾਂ ਪੰਜ ਸਾਲਾਂ ’ਚ ਸੂਬੇ ਅੰਦਰ 35000 ਟਨ ਮੱਛੀ ਉਤਪਾਦਨ ਵਿਚ ਵਾਧਾ ਹੋਇਆ ਹੈ, ਜਿਸ ਦੀ ਤਕਰੀਬਨ ਕੀਮਤ 500 ਕਰੋੜ ਦੱਸੀ ਜਾ ਰਹੀ ਹੈ।
ਇਸ ਮੌਕੇ ਸੂਬੇ ਅੰਦਰ ਕੁੱਲ 2 ਲੱਖ ਟਨ ਤੋਂ ਜ਼ਿਆਦਾ ਮੱਛੀ ਉਤਪਾਦਨ ਹੋ ਰਿਹਾ ਹੈ, ਜਿਸ ਦੀ ਕੀਮਤ ਤਕਰੀਬਨ 3000 ਕਰੋੜ ਤੱਕ ਮੰਨੀ ਜਾਂਦੀ ਹੈ। ਸਾਲ 2020-21 ਦੌਰਾਨ ਪੰਜਾਬ ਅੰਦਰ 41093 ਏਕੜ ’ਚ ਮੱਛੀ ਉਤਪਾਦਨ ਹੁੰਦਾ ਸੀ, ਜੋ 2024-25 ਤੱਕ ਵੱਧ ਕੇ 43683 ਏਕੜ ਹੋ ਗਿਆ ਹੈ। ਇਸ ਤਰ੍ਹਾਂ ਇਨ੍ਹਾਂ ਪੰਜਾਂ ਸਾਲਾਂ ਵਿਚ ਹੀ ਸੂਬੇ ਅੰਦਰ ਮੱਛੀ ਪਾਲਣ ਹੇਠ ਤਕਰੀਬਨ 2590 ਏਕੜ ਦਾ ਵਾਧਾ ਹੋਇਆ ਹੈ। ਸਾਲ 2024-25 ਵਿਚ 2 ਲੱਖ ਟਨ ਦਾ ਰਿਕਾਰਡ ਮੱਛੀ ਉਤਪਾਦਨ ਹੋਇਆ ਹੈ, ਜਦੋਂ ਕਿ 2020-21 ਵਿਚ ਇਹ ਉਤਪਾਦਨ 1 ਲੱਖ 64 ਹਜ਼ਾਰ 879 ਟਨ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਛੁੱਟੀਆਂ ਦੌਰਾਨ ਵੀ ਖੁੱਲ੍ਹੇ ਰਹਿਣਗੇ ਸਰਕਾਰੀ ਦਫ਼ਤਰ, 31 ਜੁਲਾਈ ਤੋਂ ਪਹਿਲਾਂ ਕਰਾ ਲਓ ਕੰਮ
ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਕਿਸਾਨ ਗੁਰਸਿਮਰਤ ਸਿੰਘ ਨੇ ਸਾਲ 2022 ’ਚ ਆਪਣਾ ਇਹ ਸਹਾਇਕ ਧੰਦਾ ਸ਼ੁਰੂ ਕੀਤਾ ਸੀ, ਜਿਸ ਨੇ ਸਰਕਾਰ ਕੋਲੋਂ ਸਬਸਿਡੀ ਮਿਲਣ ਉਪਰੰਤ ਇਸ ਕੰਮ ਨੂੰ ਹੋਰ ਵੀ ਉਤਸਾਹਿਤ ਨਾਲ ਕੀਤਾ। ਇਸੇ ਤਰ੍ਹਾਂ ਹੋਰ ਵੀ ਅਨੇਕਾਂ ਕਿਸਾਨ ਹਨ, ਜਿਨ੍ਹਾਂ ਵੱਲੋਂ ਛੋਟੇ ਤੋਂ ਵੱਡੇ ਪੱਧਰ ਤੱਕ ਮੱਛੀ ਉਤਪਾਦਨ ਦਾ ਕੰਮ ਕੀਤਾ ਜਾ ਰਿਹਾ ਹੈ।
ਕਿਸਾਨਾਂ ਲਈ ਚੰਗੀ ਆਮਦਨ ਦਾ ਸਾਧਨ
ਮੱਛੀ ਪਾਲਣ ਕਿਸਾਨਾਂ ਲਈ ਚੰਗੀ ਆਮਦਨ ਦਾ ਸਾਧਨ ਹੈ। ਆਮ ਤੌਰ ’ਤੇ ਬਹੁਤ ਸਾਰੇ ਕਿਸਾਨ ਅਜਿਹੀਆਂ ਜ਼ਮੀਨਾਂ ’ਤੇ ਮੱਛੀ ਪਾਲਣ ਦਾ ਕੰਮ ਕਰਦੇ ਹਨ, ਜੋ ਖੇਤੀ ਯੋਗ ਨਹੀਂ ਹਨ। ਇਸ ਕਾਰਨ ਵਾਧੂ ਜ਼ਮੀਨ ਨੂੰ ਆਸਾਨੀ ਨਾਲ ਵਰਤੋਂ ’ਚ ਲਿਆਂਦਾ ਜਾ ਸਕਦਾ ਹੈ। ਜਿਹੜੇ ਕਿਸਾਨ ਕੁਦਰਤੀ ਪਾਣੀ ਵਾਲੀਆਂ ਝੀਲਾਂ ਜਾਂ ਛੱਪੜਾਂ ਵਿੱਚ ਮੱਛੀ ਪਾਲਣ ਦਾ ਕੰਮ ਕਰ ਰਹੇ ਹਨ, ਉਹ ਪ੍ਰਤੀ ਹੈੱਕਟੇਅਰ ਡੇਢ ਤੋਂ ਦੋ ਲੱਖ ਰੁਪਏ ਦੀ ਕਮਾਈ ਕਰਦੇ ਹਨ।
ਇਸ ਦੇ ਨਾਲ ਹੀ ਮੱਛੀ ਦੀ ਕਿਸਮ ਵੀ ਕਿਸਾਨਾਂ ਦੀ ਆਮਦਨ ਵਿਚ ਵੱਧਦੇ ਘਾਟੇ ਦਾ ਕਾਰਨ ਬਣਦੀ ਹੈ। ਕਾਰਪ ਕਿਸਮ ਆਮ ਤੌਰ ’ਤੇ 130 ਤੋਂ 150 ਪ੍ਰਤੀ ਕਿਲੋ ਤੱਕ ਵਿਕਦੀ ਹੈ, ਜਦੋਂ ਕਿ ਕੈਟ ਫਿਸ਼ ਬੋਨਲੈਸ ਹੋਣ ਕਾਰਨ 600 ਤੋਂ 700 ਪ੍ਰਤੀ ਕਿਲੋ ਤੱਕ ਦੀ ਕੀਮਤ ’ਤੇ ਵੀ ਵਿਕ ਜਾਂਦੀ ਹੈ। ਪੰਜਾਬ ’ਚ ਅਜੇ ਇਸ ਕਿਸਮ ਵੱਲ ਕਿਸਾਨਾਂ ਦਾ ਰੁਝਾਨ ਘੱਟ ਹੈ। ਦੂਜੇ ਪਾਸੇ ਪੰਜਾਬ ਅੰਦਰ ਮੱਛੀ ਉਤਪਾਦਨ ਦੀ ਔਸਤ ਅੱਠ ਟਨ ਪ੍ਰਤੀ ਹੈਕਟੇਅਰ ਹੈ ਜਦੋਂ ਕਿ ਸਮੁੱਚੇ ਦੇਸ਼ ਦੀ ਗੱਲ ਕਰੀਏ ਤਾਂ ਔਸਤਨ ਤਿੰਨ ਟਨ ਪ੍ਰਤੀ ਹੈਕਟੇਅਰ ਉਤਪਾਦਨ ਹੁੰਦਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ 27,28,29 ਤੇ 30 ਨੂੰ ਬਦਲ ਰਿਹਾ ਮੌਸਮ, ਪੜ੍ਹੋ Weather Update
ਆਉਣ ਵਾਲੇ ਸਮੇਂ ਵਿਚ ਹੋਰ ਵੀ ਵਧੇਗਾ ਉਤਪਾਦਨ
ਸਰਕਾਰ ਵੱਲੋਂ ਮੱਛੀ ਪਾਲਣ ਦੇ ਧੰਦੇ ਨੂੰ ਹੋਰ ਉਤਸ਼ਾਹਿਤ ਕਰਨ ਲਈ ਕਈ ਨਵੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ। ਇਸ ਤਹਿਤ ਸਰਕਾਰ ਵੱਲੋਂ ਕਰੀਬ 833.34 ਲੱਖ ਰੁਪਏ ਦਾ ਬਜਟ ਵੱਖਰਾ ਰੱਖਿਆ ਗਿਆ ਹੈ। ਪੰਜਾਬ ਦੇ ਮੱਛੀ ਪਾਲਣ ਵਿਭਾਗ ਵੱਲੋਂ ਹਰੇਕ ਸਾਲ ਮੱਛੀ ਪਾਲਣ ਵਾਲੇ ਕਿਸਾਨਾਂ ਨੂੰ ਸਬਸਿਡੀ ’ਤੇ ਮੱਛੀ ਦਾ ਪੂੰਗ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਸਰਕਾਰ ਨੇ ਸੂਬੇ ਅੰਦਰ ਵੱਖ-ਵੱਖ ਪਿੰਡਾਂ ਵਿਚ 1100 ਅਜਿਹੇ ਛੱਪੜਾਂ ਦੀ ਸ਼ਨਾਖਤ ਵੀ ਕੀਤੀ ਹੈ। ਜੋ ਵੱਖ-ਵੱਖ ਪੰਚਾਇਤਾਂ ਦੇ ਅਧੀਨ ਹਨ ਅਤੇ ਉੱਥੇ ਵੀ ਮੱਛੀ ਪਾਲਣ ਦਾ ਕੰਮ ਆਸਾਨੀ ਨਾਲ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਇਸ ਧੰਦੇ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਵੱਲੋਂ ਹੋਰ ਵੀ ਅਨੇਕਾਂ ਯੋਜਨਾਵਾਂ ਤੇ ਕੰਮ ਕੀਤਾ ਜਾ ਰਿਹਾ ਹੈ, ਜਿਸ ਦੀ ਬਦੌਲਤ ਇਹ ਧੰਦਾ ਆਉਣ ਵਾਲੇ ਦਿਨਾਂ ਵਿਚ ਹੋਰ ਵੀ ਪ੍ਰਫੁੱਲਤ ਹੋ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8