ਪੰਜਾਬ ''ਚ ਵਧਿਆ ਹੜ੍ਹ ਦਾ ਖਤਰਾ, ਤਰਨਤਾਰਨ ਦੇ ਪਿੰਡਾਂ ''ਚ ਸਹਿਮ ਦਾ ਮਾਹੌਲ

Monday, Aug 04, 2025 - 02:10 PM (IST)

ਪੰਜਾਬ ''ਚ ਵਧਿਆ ਹੜ੍ਹ ਦਾ ਖਤਰਾ, ਤਰਨਤਾਰਨ ਦੇ ਪਿੰਡਾਂ ''ਚ ਸਹਿਮ ਦਾ ਮਾਹੌਲ

ਤਰਨਤਾਰਨ/ਹਰੀਕੇ ਪੱਤਣ (ਰਮਨ ਚਾਵਲਾ,ਸਾਹਿਬ ਸੰਧੂ, ਲਵਲੀ)-ਦੇਸ਼ ਭਰ ਵਿਚ ਹੋ ਰਹੀ ਬਰਸਾਤ ਨੇ ਜਿੱਥੇ ਕਈ ਇਲਾਕਿਆਂ ’ਚ ਤਬਾਹੀ ਮਚਾਈ ਹੋਈ ਹੈ, ਉਥੇ ਹੀ ਪੰਜਾਬ ਰਾਜ ਵਿਚ ਕਈ ਜ਼ਿਲ੍ਹਿਆਂ ਅੰਦਰ ਬੀਤੇ ਕਈ ਦਿਨਾਂ ਤੋਂ ਲਗਾਤਾਰ ਹੋ ਰਹੀ ਬਰਸਾਤ ਕਰਕੇ ਹੇਠਲੇ ਇਲਾਕਿਆਂ ਵਿਚ ਪਾਣੀ ਆਉਣ ਦਾ ਖਤਰਾ ਪੂਰੀ ਤਰ੍ਹਾਂ ਵਧ ਗਿਆ ਹੈ, ਜਿਸਦੇ ਚੱਲਦਿਆਂ ਕਈ ਜ਼ਿਲ੍ਹਿਆਂ ’ਚ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਨੀਵੇਂ ਇਲਾਕੇ ਤੋਂ ਉੱਚੇ ਇਲਾਕੇ ਵੱਲ ਆਉਣ ਦੀ ਅਪੀਲ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ-ਅੱਜ ਪੰਜਾਬ 'ਚ ਬੱਤੀ ਰਹੇਗੀ ਗੁੱਲ, ਜਾਣੋ ਕਿੰਨੇ ਘੰਟੇ ਤੱਕ ਲੱਗੇਗਾ Power cut

ਜ਼ਿਕਰਯੋਗ ਹੈ ਕਿ ਬਿਆਸ ਦਰਿਆ ਰਾਹੀਂ ਆਉਣ ਵਾਲੇ ਪਾਣੀ ਦਾ ਬਹਾਅ ਰੋਜ਼ਾਨਾ ਵੱਧਦਾ ਜਾ ਰਿਹਾ ਹੈ, ਜਿਸ ਦਾ ਆਉਣ ਵਾਲੇ ਇਕ-ਦੋ ਦਿਨਾਂ ਵਿਚ ਵੱਡੀ ਮਾਤਰਾ ਦੌਰਾਨ ਪਾਣੀ ਆਉਣ ਦਾ ਜਿੱਥੇ ਅਨੁਮਾਨ ਲਗਾਇਆ ਜਾ ਰਿਹਾ ਹੈ, ਉਥੇ ਹੀ ਇਸ ਵੱਧ ਰਹੇ ਪਾਣੀ ਦੇ ਪੱਧਰ ਕਰਕੇ ਜ਼ਿਲ੍ਹਾ ਤਰਨਤਾਰਨ ਦੇ ਵੱਖ-ਵੱਖ ਪਿੰਡਾਂ ਵਿਚ ਦਰਿਆ ਕੰਢੇ ਮੌਜੂਦ ਲੋਕਾਂ ਵਿਚ ਕਾਫੀ ਸਹਿਮ ਪਾਇਆ ਜਾ ਰਿਹਾ ਹੈ ਕਿਉਂਕਿ ਸਾਲ 2023 ਦੌਰਾਨ ਇਸ ਇਲਾਕੇ ਵਿਚ ਬੰਨ੍ਹ ਟੁੱਟ ਜਾਣ ਕਾਰਨ ਆਏ ਪਾਣੀ ਦੌਰਾਨ ਕਈ ਪਿੰਡ ਹੜ੍ਹ ਨਾਲ ਪ੍ਰਭਾਵਿਤ ਹੋ ਗਏ ਸਨ ਅਤੇ ਲੋਕਾਂ ਦਾ ਕਾਫੀ ਨੁਕਸਾਨ ਹੋਇਆ ਸੀ।

ਇਹ ਵੀ ਪੜ੍ਹੋ-ਪੰਜਾਬ 'ਚ ਅਕਾਲੀ ਵਰਕਰ ਦੇ ਘਰ ’ਤੇ ਚੱਲੀਆਂ ਤਾਬੜਤੋੜ ਗੋਲੀਆਂ

ਬਿਆਸ ਦਰਿਆ ਰਾਹੀਂ ਆਉਣ ਵਾਲੇ ਪਾਣੀ ਦਾ ਪੱਧਰ ਬਰਸਾਤਾਂ ਹੋਣ ਕਰਕੇ ਰੋਜ਼ਾਨਾ ਵਧ ਰਿਹਾ ਹੈ, ਜਿਸ ਦੇ ਚੱਲਦਿਆਂ ਹਰੀਕੇ ਹੈੱਡ ਉਪਰ ਮੌਜੂਦ ਸਬੰਧਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਇਸ ਵੱਧ ਰਹੇ ਪਾਣੀ ਦੇ ਪੱਧਰ ਸਬੰਧੀ ਪੂਰੀ ਜਾਣਕਾਰੀ ਉੱਚ ਅਧਿਕਾਰੀਆਂ ਤੱਕ ਸਮੇਂ ਸਮੇਂ ਦੌਰਾਨ ਪਹੁੰਚਾਈ ਜਾ ਰਹੀ ਹੈ, ਇਸ ਦੇ ਨਾਲ ਹੀ ਜ਼ਿਲਾ ਪ੍ਰਸ਼ਾਸਨ ਵੱਲੋਂ ਪਾਣੀ ਦੇ ਪੱਧਰ ਨੂੰ ਵਧਦੇ ਹੋਏ ਵੇਖ ਕੰਟਰੋਲ ਰੂਮ ਤੱਕ ਸਥਾਪਤ ਕਰ ਦਿੱਤਾ ਗਿਆ ਹੈ। ਹਰੀਕੇ ਹੈੱਡ ਉਪਰ ਰੋਜ਼ਾਨਾ ਇਸ ਵੇਲੇ 30 ਤੋਂ 35 ਹਜ਼ਾਰ ਕਿਊਸਕ ਪਾਣੀ ਆ ਰਿਹਾ ਹੈ, ਜਿਸਦੇ ਚੱਲਦਿਆਂ ਰਾਜਸਥਾਨ ਅਤੇ ਫਿਰੋਜ਼ਪੁਰ ਫੀਡਰ ਨੂੰ ਰੋਜ਼ਾਨਾ ਹਜ਼ਾਰਾਂ ਕਿਊਸਿਕ ਪਾਣੀ ਦੀ ਸਪਲਾਈ ਭੇਜੀ ਜਾ ਰਹੀ ਹੈ। ਆਉਣ ਵਾਲੇ ਕੁਝ ਦਿਨਾਂ ਵਿਚ ਪਾਣੀ ਦਾ ਪੱਧਰ ਹੋਰ ਵਧਣ ਦਾ ਪੂਰਾ ਅਨੁਮਾਨ ਲਗਾਇਆ ਜਾ ਰਿਹਾ ਹੈ ਅਤੇ ਇਸ ਵੱਧ ਰਹੇ ਬਾਣੀ ਦੇ ਪੱਧਰ ਤੋਂ ਬਾਅਦ ਸਥਿਤੀ ਨੂੰ ਵੇਖਦੇ ਹੋਏ ਪਾਣੀ ਦੇ ਗੇਟ ਵੀ ਖੁੱਲ੍ਹੇ ਜਾ ਸਕਦੇ ਹਨ।

ਇਹ ਵੀ ਪੜ੍ਹੋ-ਪੰਜਾਬ ਦੇ ਇਸ ਇਲਾਕੇ 'ਚ ਅਚਾਨਕ ਸਰਕਾਰੀ ਤੇ ਗੈਰ ਸਰਕਾਰੀ ਸਕੂਲਾਂ 'ਚ ਛੁੱਟੀ ਦੇ ਹੁਕਮ

ਜ਼ਿਲ੍ਹਾ ਤਰਨਤਾਰਨ ਅਧੀਨ ਆਉਂਦੇ ਕਸਬਾ ਹਰੀਕੇ, ਪੱਟੀ, ਖੇਮਕਰਨ ਨਾਲ ਲੱਗਦੇ ਇਸ ਦਰਿਆ ਵਿਚ ਪਾਣੀ ਦਾ ਪੱਧਰ ਵਧਦੇ ਹੋਏ ਵੇਖਣ ਦੌਰਾਨ ਕੰਡਿਆਂ ਉਪਰ ਮੌਜੂਦ ਲੋਕ ਕਾਫੀ ਪ੍ਰੇਸ਼ਾਨ ਹੋਣੇ ਸ਼ੁਰੂ ਹੋ ਗਏ ਹਨ। ਸਾਲ 2023 ਦੀ ਜੇ ਗੱਲ ਕਰੀਏ ਤਾਂ ਪਿੰਡ ਘੜੁੰਮ ਨਜ਼ਦੀਕ ਬੰਨ੍ਹ ਟੁੱਟ ਜਾਣ ਦੇ ਚੱਲਦਿਆਂ ਕਈ ਪਿੰਡ ਹੜ੍ਹ ਨਾਲ ਪ੍ਰਭਾਵਿਤ ਹੋਏ ਸਨ ਅਤੇ ਇਸ ਦੌਰਾਨ ਕਿਸਾਨਾਂ ਅਤੇ ਹੋਰ ਲੋਕਾਂ ਦਾ ਵੱਡੀ ਗਿਣਤੀ ਵਿਚ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਸੀ। ਸੰਤ ਬਾਬਾ ਸੁੱਖਾ ਸਿੰਘ ਜੀ ਸਰਹਾਲੀ ਸਾਹਿਬ ਵਾਲੇ ਅਤੇ ਬਾਬਾ ਅਵਤਾਰ ਸਿੰਘ ਜੀ ਬਿਧੀ ਚੰਦ ਵਾਲਿਆਂ ਦੀ ਮਿਹਨਤ ਸਦਕਾ ਇਸ ਬੰਨ੍ਹ ਨੂੰ ਬੜੀ ਮਿਹਨਤ ਅਤੇ ਮੁਸ਼ੱਕਤ ਤੋਂ ਬਾਅਦ ਪੂਰ ਦਿੱਤਾ ਗਿਆ ਸੀ। ਉਸ ਵੇਲੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਖੁਦ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਪਾਣੀ ਅੰਦਰ ਦਾਖਲ ਹੋ ਲੋਕਾਂ ਦੀ ਮਦਦ ਕੀਤੀ ਗਈ ਸੀ।

ਬਿਆਸ ਦਰਿਆ ਨਾਲ ਲੱਗਦੇ ਪਿੰਡ ਘੜਕਾ, ਚੰਬਾ, ਮੁੰਡਾ ਪਿੰਡ, ਧੂੰਦਾ, ਘੜੁੰਮ, ਕੁੱਤੀ ਵਾਲਾ, ਸਭਰਾ, ਤੂਤ, ਭੰਗਾਲਾ, ਕੋਟ ਬੁੱਢਾ, ਕਿੜੀਆਂ, ਗੱਟਾ ਬਾਦਸ਼ਾਹ ਸਮੇਤ ਹੋਰ ਪਿੰਡਾਂ ਵਿਚ ਵੱਸਦੇ ਲੋਕਾਂ ਵਿਚ ਸਹਿਮ ਪਾਇਆ ਜਾ ਰਿਹਾ ਹੈ ਕਿਉਂਕਿ ਬਰਸਾਤ ਦੇ ਲਗਾਤਾਰ ਹੋਣ ਕਰਕੇ ਪਾਣੀ ਦਾ ਪੱਧਰ ਵਧ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਭਾਗ ਦੇ ਐੱਸ.ਡੀ.ਓ ਨਵਨੀਤ ਗੁਪਤਾ ਨੇ ਦੱਸਿਆ ਕਿ ਹਰੀਕੇ ਹੈੱਡ ਵਿਖੇ ਇਸ ਵੇਲੇ 35 ਹਜ਼ਾਰ ਕਿਊਸਿਕ ਪਾਣੀ ਰੋਜ਼ਾਨਾ ਆ ਰਿਹਾ ਹੈ, ਜੋ ਘੱਟ ਵੱਧ ਰਿਹਾ ਹੈ। ਉਨ੍ਹਾਂ ਦੱਸਿਆ ਕਿ ਰਾਜਸਥਾਨ ਫੀਡਰ ਨੂੰ 13700 ਕਿਊਸਿਕ ਅਤੇ ਫਿਰੋਜ਼ਪੁਰ ਫੀਡਰ ਨੂੰ 12000 ਕਿਊਸਿਕ ਪਾਣੀ ਦੀ ਰੋਜ਼ਾਨਾ ਸਪਲਾਈ ਭੇਜੀ ਜਾ ਰਹੀ ਹੈ। ਇਸ ਦੌਰਾਨ 1280 ਕਿਊਸਿਕ ਪਾਣੀ ਡਾਊਨ ਸਟਰੀਮ ’ਤੇ ਹੈ।

ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਪਾਣੀ ਨੂੰ ਲੈ ਕੇ ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ, ਜੋ 24 ਘੰਟੇ ਇਸ ਉਪਰ ਨਜ਼ਰ ਰੱਖਦੇ ਹੋਏ ਚੰਡੀਗੜ੍ਹ ਹੈੱਡ ਕੁਆਰਟਰ ਨਾਲ ਸਿੱਧੇ ਤੌਰ ਉਪਰ ਜੁੜੇ ਹੋਏ ਹਨ। ਉਨ੍ਹਾਂ ਦੱਸਿਆ ਕਿ ਇਸ ਵੇਲੇ ਕੋਈ ਵੀ ਖਤਰੇ ਵਾਲੇ ਹਾਲਾਤ ਨਹੀਂ ਹਨ ਪ੍ਰੰਤੂ ਵਿਭਾਗ ਵੱਲੋਂ 24 ਘੰਟੇ ਇਸ ਉਪਰ ਨਜ਼ਰ ਰੱਖੀ ਜਾ ਰਹੀ ਹੈ। ਇਸੇ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਰਾਹੁਲ ਨੇ ਦੱਸਿਆ ਕਿ ਬਰਸਾਤੀ ਮੌਸਮ ਦੌਰਾਨ ਪਾਣੀ ਦੇ ਪੱਧਰ ਉਪਰ ਜਿੱਥੇ ਪੂਰੀ ਤਰ੍ਹਾਂ ਵਿਭਾਗ ਵੱਲੋਂ ਨਜ਼ਰ ਰੱਖਦੇ ਹੋਏ ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ, ਉਥੇ ਹੀ ਦਰਿਆ ਦੇ ਕੰਢੇ ਮੌਜੂਦ ਪਿੰਡਾਂ ਦੇ ਲੋਕਾਂ ਨੂੰ ਵੀ ਇਸ ਸਬੰਧੀ ਜਾਗਰੂਕ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਹਰ ਕਿਸਮ ਦੇ ਇੰਤਜ਼ਾਮ ਕੀਤੇ ਗਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

 


author

Shivani Bassan

Content Editor

Related News