ਨਵੇਂ ਸਾਲ ਤੱਕ ਕੋਵਿਡ ਤੋਂ ਪਹਿਲਾਂ ਦੇ ਪੱਧਰ ’ਤੇ ਪਹੁੰਚ ਜਾਏਗੀ ਹਵਾਈ ਯਾਤਰੀਆਂ ਦੀ ਗਿਣਤੀ : ਪੁਰੀ

Saturday, Oct 03, 2020 - 09:18 PM (IST)

ਨਵੇਂ ਸਾਲ ਤੱਕ ਕੋਵਿਡ ਤੋਂ ਪਹਿਲਾਂ ਦੇ ਪੱਧਰ ’ਤੇ ਪਹੁੰਚ ਜਾਏਗੀ ਹਵਾਈ ਯਾਤਰੀਆਂ ਦੀ ਗਿਣਤੀ : ਪੁਰੀ

ਨਵੀਂ ਦਿੱਲੀ– ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਦੇਸ਼ ’ਚ ਹਵਾਈ ਯਾਤਰੀਆਂ ਦੀ ਗਿਣਤੀ ਨਵੇਂ ਸਾਲ ਤੋਂ ਪਹਿਲਾਂ ਕੋਵਿਡ ਤੋਂ ਪਹਿਲਾਂ ਦੇ ਪੱਧਰ ’ਤੇ ਪਹੁੰਚ ਜਾਏਗੀ। ਘਰੇਲੂ ਮਾਰਗਾਂ ’ਤੇ ਹਵਾਈ ਮੁਸਾਫਰਾਂ ਦੀ ਗਿਣਤੀ ਸ਼ੁੱਕਰਵਾਰ ਨੂੰ ਪੌਣੇ 2 ਲੱਖ ਤੋਂ ਪਾਰ ਅਤੇ ਉਡਾਣਾਂ ਦੀ ਗਿਣਤੀ ਡੇਢ ਹਜ਼ਾਰ ਤੋਂ ਪਾਰ ਰਹੀ। ਇਹ ਤਾਲਾਬੰਦੀ ਤੋਂ ਬਾਅਦ ਮੁੜ ਜਹਾਜ਼ ਸੇਵਾ ਸ਼ੁਰੂ ਹੋਣ ਤੋਂ ਬਾਅਦ ਦਾ ਰਿਕਾਰਡ ਹੈ। ਪੁਰੀ ਨੇ ਅੱਜ ਇਕ ਟਵੀਟ ਰਾਹੀਂ ਉਕਤ ਗੱਲ ਦੱਸੀ।

ਪੁਰੀ ਨੇ ਟਵੀਟ ਕਰਕੇ ਕਿਹਾ, "ਇਕ ਰਿਕਾਰਡ ਉਚਾਈ। ਘਰੇਲੂ ਹਵਾਬਾਜ਼ੀ ਦਾ ਗ੍ਰਾਫ਼ ਲਗਾਤਾਰ ਉੱਪਰ ਵੱਲ ਵੱਧ ਰਿਹਾ ਹੈ। 2 ਅਕਤੂਬਰ ਨੂੰ 1,536 ਉਡਾਣਾਂ ਵਿਚ 1,76,601 ਯਾਤਰੀਆਂ ਨੇ ਸਫਰ ਕੀਤਾ। ਦੀਵਾਲੀ ਤੇ ਨਵੇਂ ਸਾਲ ਵਿਚਕਾਰ ਅਸੀਂ ਕੋਵਿਡ ਤੋਂ ਪਹਿਲਾਂ ਵਾਲੇ ਪੱਧਰ ਤੱਕ ਪੁੱਜ ਜਾਵਾਂਗੇ।"  

ਕੋਵਿਡ-19 ਮਹਾਮਾਰੀ ਤੋਂ ਪਹਿਲਾਂ ਦੇਸ਼ ’ਚ ਰੋਜ਼ਾਨਾ ਕਰੀਬ 3,000 ਉਡਾਣਾਂ ’ਚ 3 ਲੱਖ ਤੋਂ ਵੱਧ ਮੁਸਾਫਰ ਸਫਰ ਕਰਦੇ ਸਨ। ਤਾਲਾਬੰਦੀ ਸਮੇਂ 25 ਮਾਰਚ ਤੋਂ ਦੇਸ਼ ’ਚ ਸਾਰੀਆਂ ਯਾਤਰੀ ਉਡਾਣਾਂ ’ਤੇ ਰੋਕ ਲਗਾ ਦਿੱਤੀ ਗਈ ਸੀ। 2 ਮਹੀਨੇ ਬਾਅਦ 25 ਮਈ ਤੋਂ ਘਰੇਲੂ ਮਾਰਗਾਂ ’ਤੇ ਯਾਤਰੀ ਉਡਾਣਾਂ ਦੀ ਇਜਾਜ਼ਤ ਦਿੱਤੀ ਗਈ ਸੀ।


author

Sanjeev

Content Editor

Related News