ਭਾਰਤੀ ਅਰਥਵਿਵਸਥਾ ਲਈ ਰਾਹਤ! ਪ੍ਰਤੱਖ ਟੈਕਸ ਸੰਗ੍ਰਹਿ 60% ਵਧ ਕੇ 9.45 ਲੱਖ ਕਰੋੜ ਰੁਪਏ ਹੋਇਆ
Saturday, Dec 18, 2021 - 03:02 PM (IST)
ਨਵੀਂ ਦਿੱਲੀ - ਆਰਥਿਕ ਮੋਰਚੇ 'ਤੇ ਕੇਂਦਰ ਸਰਕਾਰ ਤੋਂ ਚੰਗੀ ਖ਼ਬਰ ਆਈ ਹੈ। ਵਿੱਤ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ 16 ਦਸੰਬਰ ਤੱਕ ਤੀਜੀ ਕਿਸ਼ਤ ਤੱਕ ਸਾਲ 2021-22 ਲਈ ਐਡਵਾਂਸ ਟੈਕਸ ਕੁਲੈਕਸ਼ਨ 4,59,917 ਕਰੋੜ ਰੁਪਏ ਰਿਹਾ ਹੈ। ਇਸ 'ਚ 53.50 ਫੀਸਦੀ ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ 16 ਦਸੰਬਰ ਤੱਕ 2021-22 ਲਈ ਸ਼ੁੱਧ ਪ੍ਰਤੱਖ ਟੈਕਸ ਸੰਗ੍ਰਹਿ 9,45,276 ਕਰੋੜ ਤੋਂ ਥੋੜ੍ਹਾ ਵੱਧ ਰਿਹਾ ਹੈ।
ਪਿਛਲੇ ਵਿੱਤੀ ਸਾਲ ਦੀ ਸਮਾਨ ਮਿਆਦ 'ਚ ਸ਼ੁੱਧ ਪ੍ਰਤੱਖ ਟੈਕਸ ਸੰਗ੍ਰਹਿ 5,87,702 ਕਰੋੜ ਰੁਪਏ ਤੋਂ ਥੋੜ੍ਹਾ ਵੱਧ ਸੀ। ਇਸ ਆਧਾਰ 'ਤੇ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਪ੍ਰਤੱਖ ਟੈਕਸ ਕੁਲੈਕਸ਼ਨ 'ਚ 60.8 ਫੀਸਦੀ ਦਾ ਸ਼ਾਨਦਾਰ ਵਾਧਾ ਹੋਇਆ ਹੈ। ਵਿੱਤ ਮੰਤਰਾਲੇ ਨੇ ਕਿਹਾ ਕਿ ਵਿੱਤੀ ਸਾਲ 2021-22 ਲਈ ਪ੍ਰਤੱਖ ਟੈਕਸਾਂ ਦੀ ਕੁਲ ਕੁਲੈਕਸ਼ਨ 10,80,370 ਕਰੋੜ ਰੁਪਏ ਰਹੀ ਹੈ। ਇਸ ਦੇ ਨਾਲ ਹੀ ਇਹ ਅੰਕੜਾ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ 'ਚ 7,33,715 ਕਰੋੜ ਰੁਪਏ ਤੋਂ ਥੋੜ੍ਹਾ ਜ਼ਿਆਦਾ ਸੀ। ਇਸ ਤੋਂ ਸਾਫ਼ ਹੈ ਕਿ ਦੇਸ਼ ਦੀ ਆਰਥਿਕਤਾ ਵਿੱਚ ਸੁਧਾਰ ਹੋ ਰਿਹਾ ਹੈ।
ਸ਼ੁੱਧ ਟੈਕਸ ਸੰਗ੍ਰਹਿ ਕਿਵੇਂ ਵਧਿਆ
ਵਿੱਤ ਮੰਤਰਾਲੇ ਨੇ ਕਿਹਾ ਕਿ ਸਾਲ 2021-22 'ਚ ਹੁਣ ਤੱਕ ਦਾ ਸ਼ੁੱਧ ਟੈਕਸ ਕੁਲੈਕਸ਼ਨ ਪਿਛਲੇ ਸਾਲ ਦੀ ਇਸੇ ਮਿਆਦ 'ਚ 6,75,409.5 ਕਰੋੜ ਰੁਪਏ ਦੀ ਕੁਲੈਕਸ਼ਨ ਤੋਂ 40 ਫੀਸਦੀ ਜ਼ਿਆਦਾ ਹੈ। ਸਾਲ 2018-19 'ਚ ਕੁਲ ਕੁਲੈਕਸ਼ਨ 6,70,739.1 ਕਰੋੜ ਰੁਪਏ ਸੀ। ਚਾਲੂ ਵਿੱਤੀ ਸਾਲ ਦੀ ਪਹਿਲੀ, ਦੂਜੀ ਅਤੇ ਤੀਜੀ ਤਿਮਾਹੀ 'ਚ ਕੁੱਲ ਐਡਵਾਂਸ ਟੈਕਸ ਕੁਲੈਕਸ਼ਨ 4,59,917.1 ਕਰੋੜ ਰੁਪਏ ਰਿਹਾ। ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ 'ਚ 16 ਦਸੰਬਰ ਤੱਕ ਇਹ ਅੰਕੜਾ 2,99,620.5 ਕਰੋੜ ਰੁਪਏ ਰਿਹਾ। ਇਸ ਤਰ੍ਹਾਂ ਇਸ ਸਾਲ ਕੁੱਲ ਐਡਵਾਂਸ ਟੈਕਸ ਕੁਲੈਕਸ਼ਨ 53.5 ਫੀਸਦੀ ਵਧਿਆ ਹੈ।
ਹੁਣ ਵਧ ਸਕਦੀ ਹੈ ਟੈਕਸ ਵਸੂਲੀ ਦੀ ਮਾਤਰਾ
ਐਡਵਾਂਸ ਟੈਕਸ ਕੁਲੈਕਸ਼ਨ ਦੇ ਇਨ੍ਹਾਂ ਅੰਕੜਿਆਂ 'ਚ ਕੰਪਨੀ ਟੈਕਸ ਦੇ ਰੂਪ 'ਚ 3.49 ਲੱਖ ਕਰੋੜ ਰੁਪਏ ਇਕੱਠੇ ਹੋਏ ਹਨ। ਇਸ ਦੇ ਨਾਲ ਹੀ 1.11 ਲੱਖ ਕਰੋੜ ਰੁਪਏ ਨਿੱਜੀ ਆਮਦਨ ਕਰ ਦੇ ਰੂਪ 'ਚ ਆਏ ਹਨ। ਵਿੱਤ ਮੰਤਰਾਲੇ ਨੇ ਕਿਹਾ ਕਿ ਇਹ ਰਕਮ ਵੀ ਵਧਣ ਦੀ ਉਮੀਦ ਹੈ। ਮੰਤਰਾਲੇ ਮੁਤਾਬਕ ਕੁਝ ਬੈਂਕਾਂ ਤੋਂ ਟੈਕਸ ਜਮ੍ਹਾ ਕਰਵਾਉਣ ਦੀ ਸੂਚਨਾ ਅਜੇ ਮਿਲਣੀ ਬਾਕੀ ਹੈ। ਹਰ ਸਾਲ ਤੀਜੀ ਤਿਮਾਹੀ ਲਈ ਐਡਵਾਂਸ ਟੈਕਸ ਜਮ੍ਹਾ ਕਰਨ ਦੀ ਆਖਰੀ ਮਿਤੀ 15 ਦਸੰਬਰ ਹੈ।
ਇਹ ਵੀ ਪੜ੍ਹੋ : ‘LIC ਨੇ ਲੋਕਾਂ ਨੂੰ ਕੀਤਾ ਸੁਚੇਤ, ਲੋਗੋ ਨੂੰ ਦੇਖ ਕੇ ਨਾ ਕਰੋ ਵਿਸ਼ਵਾਸ, ਨਹੀਂ ਤਾਂ ਹੋਵੇਗਾ ਵੱਡਾ ਨੁਕਸਾਨ’
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।