''ਇਕਨੋਮੀ ''ਤੇ ਸੰਕਟ ਪਰ ਖਾਤੇ ''ਚ ਪੈਸੇ ਪਾਉਣ ਨਾਲ ਨਹੀਂ ਠੀਕ ਹੋਣੇ ਹਾਲਾਤ''

06/06/2020 7:16:24 PM

ਨਵੀਂ ਦਿੱਲੀ— ਕੋਰੋਨਾ ਮਹਾਮਾਰੀ ਕਾਰਨ ਭਾਰਤ ਦੇ ਨਾਲ-ਨਾਲ ਦੁਨੀਆ ਦੀ ਅਰਥਵਿਵਸਥਾ (ਇਕਨੋਮੀ) 'ਚ ਮੰਦੀ ਛਾਈ ਹੋਈ ਹੈ। ਸ਼ੁੱਕਰਵਾਰ ਨੂੰ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਇਸ ਵਾਇਰਸ ਕਾਰਨ ਦੇਸ਼ ਦੀ ਅਰਥਵਿਵਸਥਾ 'ਤੇ ਹੋਣ ਵਾਲਾ ਅਸਰ ਉਮੀਦ ਤੋਂ ਕਿਤੇ ਜ਼ਿਆਦਾ ਗੰਭੀਰ ਹੈ। ਮੰਗ 'ਚ ਭਾਰੀ ਗਿਰਾਵਟ ਆਈ ਹੈ। ਬੇਰੋਜ਼ਗਾਰੀ ਸੰਕਟ ਕਾਰਨ ਇਹ ਆਉਣ ਵਾਲੇ ਦਿਨਾਂ 'ਚ ਹੋਰ ਡੂੰਘਾ ਹੋ ਸਕਦਾ ਹੈ। ਇਨ੍ਹਾਂ ਤਮਾਮ ਹਾਲਾਤ ਵਿਚਕਾਰ ਮੁੱਖ ਆਰਥਿਕ ਸਲਾਹਕਾਰ ਕੇ. ਵੀ. ਸੁਬਰਾਮਣੀਅਮ ਨੇ ਇਕ ਨਿੱਜੀ ਚੈਨਲ ਨਾਲ ਗੱਲਬਾਤ 'ਚ ਕਿਹਾ ਕਿ ਲੋਕਾਂ ਦੇ ਖਾਤੇ 'ਚ ਪੈਸੇ ਪਾਉਣ ਨਾਲ ਹਾਲਾਤ ਨਹੀਂ ਸੁਧਰਣ ਵਾਲੇ ਹਨ।

ਇੱਧਰ ਰਾਹੁਲ ਗਾਂਧੀ ਤੇ ਕਾਂਗਰਸ ਪਿਛਲੇ ਕਈ ਹਫਤਿਆਂ ਤੋਂ ਸਰਕਾਰ ਕੋਲੋਂ ਮੰਗ ਕਰ ਰਹੇ ਹਨ ਕਿ ਗਰੀਬਾਂ, ਮਜ਼ਦੂਰਾਂ ਅਤੇ ਐੱਮ. ਐੱਸ. ਐੱਮ. ਈ. ਦੀ ਵਿੱਤੀ ਮਦਦ ਕੀਤੀ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਲੋਕਾਂ ਦੇ ਖਾਤਿਆਂ 'ਚ ਅਗਲੇ ਛੇ ਮਹੀਨਿਆਂ ਲਈ 7,500 ਰੁਪਏ ਮਹੀਨੇ ਭੇਜੇ ਜਾਣ ਅਤੇ ਤਤਕਾਲ 10 ਹਜ਼ਾਰ ਰੁਪਏ ਦਿੱਤੇ ਜਾਣ।

ਰੋਜ਼ਗਾਰ ਪੈਦਾ ਕਰਨਾ ਜ਼ਰੂਰੀ-
ਸੁਬਰਾਮਣੀਅਮ ਨੇ ਕਿਹਾ ਕਿ ਅਰਥਵਿਵਸਥਾ ਦੇ ਮੌਜੂਦਾ ਹਾਲਾਤ 'ਚ ਰੋਜ਼ਗਾਰ ਪੈਦਾ ਕਰਨਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਇਸ ਲਈ ਐੱਮ. ਐੱਸ. ਐੱਮ. ਈ. ਸੈਕਟਰ 'ਤੇ ਜ਼ੋਰ ਦੇ ਰਹੇ ਹਾਂ। ਇਸ ਸੈਕਟਰ ਨੂੰ ਹਰ ਸੰਭਵ ਮਦਦ ਦਿੱਤੀ ਜਾ ਰਹੀ ਹੈ। ਦੱਸ ਦੇਈਏ ਕਿ ਇਸ ਸੈਕਟਰ ਦਾ ਜੀ. ਡੀ. ਪੀ. 'ਚ ਯੋਗਦਾਨ 30 ਫੀਸਦੀ ਅਤੇ ਤਕਰੀਬਨ 15 ਕਰੋੜ ਲੋਕਾਂ ਨੂੰ ਰੋਜ਼ਗਾਰ ਮਿਲਦਾ ਹੈ। 20 ਲੱਖ ਕਰੋੜ ਦੇ ਆਤਮਨਿਰਭਰ ਭਾਰਤ ਪੈਕੇਜ 'ਚ 3 ਲੱਖ ਕਰੋੜ ਦਾ ਗਾਰੰਟੀ ਮੁਕਤ ਕਰਜ਼ ਤਾਂ ਸਿਰਫ ਇਸ ਸੈਕਟਰ ਲਈ ਐਲਾਨ ਕੀਤਾ ਗਿਆ ਹੈ।

ਰੇਟਿੰਗ ਘਟਣ ਨਾਲ ਘਬਰਾਉਣ ਦੀ ਜ਼ਰੂਰਤ ਨਹੀਂ-
ਹਾਲ ਹੀ 'ਚ ਰੇਟਿੰਗ ਏਜੰਸੀ ਮੂਡੀਜ਼ ਨੇ ਦੇਸ਼ ਦੀ ਨਿਵੇਸ਼ ਪੱਖੋਂ ਰੇਟਿੰਗ ਘਟਾ ਦਿੱਤੀ ਹੈ। ਇਸ ਦਾ ਅਸਰ ਵਿਦੇਸ਼ ਤੋਂ ਆਉਣ ਵਾਲੇ ਨਿਵੇਸ਼ਕਾਂ 'ਤੇ ਹੋਵੇਗਾ। ਰੇਟਿੰਗ ਘਟਣ ਨੂੰ ਲੈ ਕੇ ਸੁਬਰਾਮਣੀਅਮ ਨੇ ਕਿਹਾ ਕਿ ਇਹ ਗੰਭੀਰ ਵਿਸ਼ਾ ਨਹੀਂ ਹੈ। ਰੇਟਿੰਗ ਏਜੰਸੀਆਂ ਨੇ 30 ਤੋਂ ਜ਼ਿਆਦਾ ਦੇਸ਼ਾਂ ਦੀ ਰੇਟਿੰਗ ਘਟਾਈ ਹੈ। ਅਸੀਂ ਹੁਣ ਵੀ ਕਰਜ਼ ਵਾਪਸ ਕਰਨ 'ਚ 100 ਫੀਸਦੀ ਸਮਰੱਥ ਹਾਂ, ਇਸ ਲਈ ਕੁਝ ਸਮੇਂ ਬਾਅਦ ਰੇਟਿੰਗ ਫਿਰ ਤੋਂ ਅਪਗ੍ਰੇਡ ਹੋ ਜਾਵੇਗੀ।

ਖਪਤ ਤੇ ਨਿਵੇਸ਼ 'ਚ ਲਗਾਤਾਰ ਆ ਰਹੀ ਹੈ ਗਿਰਾਵਟ
ਕੇ. ਵੀ. ਸੁਬਰਾਮਣੀਅਮ ਨੇ ਅਰਥਵਿਵਸਥਾ ਨੂੰ ਲੈ ਕੇ ਜੋ ਇਕ ਗੱਲ ਕਹੀ ਹੈ ਉਹ ਕਾਫ਼ੀ ਗੰਭੀਰ ਹੈ। ਉਨ੍ਹਾਂ ਕਿਹਾ ਕਿ ਫਰਵਰੀ ਮਹੀਨੇ ਤੋਂ ਹੀ ਖਪਤ ਅਤੇ ਨਿਵੇਸ਼ ਘਟਣਾ ਸ਼ੁਰੂ ਹੋ ਗਿਆ ਸੀ। ਭਾਰਤ ਦੀ ਜੀ. ਡੀ. ਪੀ. ਮੁੱਖ ਤੌਰ 'ਤੇ ਇਸੇ 'ਤੇ ਟਿਕੀ ਹੋਈ ਹੈ। ਪਿਛਲੀਆਂ 8 ਤਿਮਾਹੀਆਂ ਤੋਂ ਭਾਰਤ ਦੀ ਵਿਕਾਸ ਦਰ ਲਗਾਤਾਰ ਡਿੱਗਦੀ ਜਾ ਰਹੀ ਹੈ। ਜਨਵਰੀ-ਮਾਰਚ ਤਿਮਾਹੀ 'ਚ ਇਹ ਡਿੱਗ ਕੇ 3.1 ਫੀਸਦੀ 'ਤੇ ਪਹੁੰਚ ਗਈ।


Sanjeev

Content Editor

Related News