ਅਪ੍ਰੈਲ ਦੀ ਤੁਲਨਾ ''ਚ ਦੁੱਗਣੇ ਤੋਂ ਜ਼ਿਆਦਾ ਹੋਈ ਪੈਟਰੋਲੀਅਮ ਉਤਪਾਦਾਂ ਦੀ ਮੰਗ

06/11/2020 12:40:31 AM

ਨਵੀਂ ਦਿੱਲੀ (ਯੂ. ਐੱਨ. ਆਈ.)-ਆਰਥਿਕ ਗਤੀਵਿਧੀਆਂ ਦੇ ਰਫਤਾਰ ਫੜਨ ਨਾਲ ਦੇਸ਼ 'ਚ ਪੈਟਰੋਲ, ਡੀਜ਼ਲ ਅਤੇ ਹੋਰ ਪੈਟਰੋਲੀਅਮ ਉਤਪਾਦਾਂ ਦੀ ਮੰਗ ਲਾਕਡਾਊਨ ਦੇ ਸ਼ੁਰੂਆਤੀ ਦਿਨਾਂ ਦੀ ਤੁਲਣਾ 'ਚ ਦੁੱਗਣੇ ਤੋਂ ਜ਼ਿਆਦਾ ਹੋ ਗਈ ਹੈ। ਇੰਡੀਅਨ ਆਇਲ ਕਾਰਪੋਰੇਸ਼ਨ ਨੇ ਦੱਸਿਆ ਕਿ ਇਸ ਸਾਲ ਅਪ੍ਰੈਲ ਦੇ ਮੁਕਾਬਲੇ ਮਈ 'ਚ ਪੈਟਰੋਲੀਅਮ ਉਤਪਾਦਾਂ ਦੀ ਮੰਗ ਦੁੱਗਣੀ ਹੋ ਗਈ ਸੀ ਅਤੇ ਜੂਨ 'ਚ ਇਸ 'ਚ ਹੋਰ ਵਾਧਾ ਹੋਇਆ ਹੈ। ਵਧੀ ਮੰਗ ਨੂੰ ਵੇਖਦੇ ਹੋਏ ਕੰਪਨੀ ਨੇ ਆਪਣੇ ਤੇਲ ਸੋਧ ਪਲਾਂਟਾਂ 'ਚ ਉਤਪਾਦਨ ਵਧਾ ਕੇ ਸਮਰੱਥਾ ਦਾ 83 ਫੀਸਦੀ ਕਰ ਦਿੱਤਾ। ਇੰਡੀਅਨ ਆਇਲ ਦਾ ਕਹਿਣਾ ਹੈ ਕਿ ਅਪ੍ਰੈਲ ਦੇ ਮੁਕਾਬਲੇ ਮਈ 'ਚ ਲੱਗਭੱਗ ਸਾਰੇ ਪੈਟਰੋਲੀਅਮ ਉਤਪਾਦਾਂ ਦੀ ਮੰਗ 'ਚ ਤੇਜ਼ ਵਾਧਾ ਹੋਇਆ। ਪੈਟਰੋਲ ਦੀ ਮੰਗ 70 ਅਤੇ ਡੀਜ਼ਲ ਦੀ 59 ਫੀਸਦੀ ਵਧੀ।

ਰੋਜ਼ਾਨਾ 25 ਲੱਖ ਰਸੋਈ ਗੈਸ ਸਿਲੰਡਰ ਹੋ ਰਹੇ ਰੀਫਿਲ
ਕੰਪਨੀ ਰੋਜ਼ਾਨਾ 25 ਲੱਖ ਰਸੋਈ ਗੈਸ ਸਿਲੰਡਰ ਰੀਫਿਲ ਕਰ ਰਹੀ ਹੈ ਅਤੇ ਸਿਲੰਡਰ ਦੀ ਡਲਿਵਰੀ 'ਚ ਔਸਤ ਬੈਕਲਾਗ ਇਕ ਦਿਨ ਤੋਂ ਵੀ ਘੱਟ ਰਹਿ ਗਿਆ ਹੈ ਹਾਲਾਂਕਿ ਜਹਾਜ਼ ਈਂਧਣ ਦੀ ਮੰਗ ਹੁਣ ਵੀ ਆਮ ਦਿਨਾਂ ਦੇ ਮੁਕਾਬਲੇ 24 ਫੀਸਦੀ ਘੱਟ ਹੈ। ਲਾਕਡਾਊਨ ਦੇ ਸ਼ੁਰੂਆਤੀ ਪੜਾਅ 'ਚ ਮੰਗ ਕਾਫੀ ਘੱਟ ਰਹਿ ਗਈ ਸੀ। ਇਸ ਨੂੰ ਵੇਖਦੇ ਹੋਏ ਅਪ੍ਰੈਲ ਦੇ ਸ਼ੁਰੂ 'ਚ ਇੰਡੀਅਨ ਆਇਲ ਨੇ ਉਤਪਾਦਨ ਘਟਾ ਕੇ 39 ਫੀਸਦੀ 'ਤੇ ਸੀਮਿਤ ਕਰ ਦਿੱਤਾ ਸੀ। ਲਾਕਡਾਊਨ ਦੇ ਦੂਜੇ ਪੜਾਅ 'ਚ ਆਰਥਿਕ ਗਤੀਵਿਧੀਆਂ 'ਚ ਥੋੜ੍ਹੀ-ਬਹੁਤ ਛੋਟ ਦਿੱਤੇ ਜਾਣ ਨਾਲ ਮਈ ਦੇ ਸ਼ੁਰੂ 'ਚ ਉਤਪਾਦਨ ਵਧ ਕੇ 55 ਫੀਸਦੀ 'ਤੇ ਪਹੁੰਚ ਗਿਆ। ਮਈ ਦੇ ਆਖਿਰ ਤੱਕ ਉਸ ਨੇ ਆਪਣਾ ਉਤਪਾਦਨ 78 ਫੀਸਦੀ ਕਰ ਦਿੱਤਾ ਸੀ, ਜਿਸ ਨੂੰ ਹੁਣ ਹੋਰ ਵਧਾ ਕੇ 83 ਫੀਸਦੀ ਕਰ ਦਿੱਤਾ ਗਿਆ ਹੈ। ਕੰਪਨੀ ਨੇ ਦੱਸਿਆ ਕਿ ਗੁਹਾਟੀ ਪਲਾਂਟ 'ਚ ਰੱਖ-ਰਖਾਅ ਦਾ ਕੰਮ ਪੂਰਾ ਹੋ ਗਿਆ ਹੈ। ਇਸ ਨਾਲ ਇਸ ਮਹੀਨੇ 90 ਫੀਸਦੀ ਸਮਰੱਥਾ 'ਤੇ ਉਤਪਾਦਨ ਸ਼ੁਰੂ ਹੋ ਜਾਵੇਗਾ।


Karan Kumar

Content Editor

Related News