ਬੈਂਕਾਂ ਦੇ ਭ੍ਰਿਸ਼ਟ ਅਫਸਰਾਂ ''ਤੇ ਸ਼ਿਕੰਜਾ, ਸੀ. ਵੀ. ਸੀ. ਕਰੇਗਾ ਜਾਂਚ

Wednesday, May 09, 2018 - 11:55 AM (IST)

ਨਵੀਂ ਦਿੱਲੀ— ਸਰਕਾਰੀ ਬੈਂਕਾਂ ਦੇ ਅਜਿਹੇ ਸੇਵਾਮੁਕਤ ਅਧਿਕਾਰੀਆਂ ਦੀ ਹੁਣ ਸ਼ਾਮਤ ਆਉਣ ਵਾਲੀ ਹੈ, ਜਿਨ੍ਹਾਂ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਸਨ ਪਰ ਉਨ੍ਹਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ। ਰਿਪੋਰਟਾਂ ਮੁਤਾਬਕ, ਹੁਣ ਸੈਂਟਰਲ ਵਿਜੀਲੈਂਸ ਕਮਿਸ਼ਨ (ਸੀ. ਵੀ. ਸੀ.) ਇਨ੍ਹਾਂ ਦੀ ਜਾਂਚ ਕਰੇਗਾ। ਕਮਿਸ਼ਨ ਨੇ ਬੈਂਕਾਂ ਕੋਲੋਂ ਇਸ ਤਰ੍ਹਾਂ ਦੇ ਮਾਮਲਿਆਂ ਦੀ ਜਾਣਕਾਰੀ ਮੰਗੀ ਹੈ। ਸੀ. ਵੀ. ਸੀ. ਨੇ ਇਸ ਤਰ੍ਹਾਂ ਦੇ ਕਦਮ ਚੁੱਕਣ ਦਾ ਫੈਸਲਾ ਉਦੋਂ ਕੀਤਾ ਜਦੋਂ ਉਸ ਨੇ ਦੇਖਿਆ ਕਿ ਜਨਤਕ ਖੇਤਰ ਦੇ ਕੁਝ ਬੈਂਕ ਅਜਿਹੇ ਭ੍ਰਿਸ਼ਟਾਚਾਰ ਨੂੰ ਨਜ਼ਰਅੰਦਾਜ਼ ਕਰਕੇ ਕੁਝ ਸੀਨੀਅਰ ਅਧਿਕਾਰੀਆਂ ਨੂੰ ਬਚ ਨਿਕਲਣ ਦਾ ਰਸਤਾ ਦੇ ਰਹੇ ਹਨ। ਸੀ. ਵੀ. ਸੀ. ਦੋ ਪੱਧਰਾਂ 'ਤੇ ਅਜਿਹੇ ਮਾਮਲਿਆਂ ਨੂੰ ਦੇਖ ਰਿਹਾ ਹੈ, ਜਿਨ੍ਹਾਂ 'ਚ ਪਹਿਲੇ ਪੱਧਰ 'ਤੇ ਅਜਿਹੇ ਮਾਮਲੇ ਹਨ ਜਿਨ੍ਹਾਂ ਨੂੰ ਸ਼ੁਰੂਆਤੀ ਦੌਰ 'ਚ ਫੜ ਲਿਆ ਗਿਆ ਸੀ। ਦੂਜਾ, ਉਹ ਜਿਨ੍ਹਾਂ 'ਚ ਕਿਸੇ ਹੋਰ ਕਰਮਚਾਰੀ 'ਤੇ ਜੁਰਮਾਨਾ ਲਗਾ ਦਿੱਤਾ ਗਿਆ।
ਰਿਪੋਰਟਾਂ ਮੁਤਾਬਕ, ਸੀ. ਵੀ. ਸੀ. ਨੂੰ ਹਾਲ ਹੀ 'ਚ ਇਹ ਜਾਣਕਾਰੀ ਮਿਲੀ ਹੈ ਕਿ ਕੁਝ ਸਰਕਾਰੀ ਬੈਂਕਾਂ 'ਚ ਖੇਤਰੀ ਮੈਨੇਜਰ, ਸਹਾਇਕ ਜਨਰਲ ਮੈਨੇਜਰ, ਡਿਪਟੀ ਜਨਰਲ ਮੈਨੇਜਰ, ਜਨਰਲ ਮੈਨੇਜਰ, ਕਾਰਜਕਾਰੀ ਡਾਇਰੈਕਟਰ ਅਤੇ ਸੀ. ਈ. ਓ. ਭ੍ਰਿਸ਼ਟਾਚਾਰ ਕਰਕੇ ਅਰਾਮ ਨਾਲ ਬਚ ਨਿਕਲੇ ਹਨ, ਜਿਨ੍ਹਾਂ ਦੀ ਹੁਣ ਜਾਂਚ ਕੀਤੀ ਜਾ ਸਕਦੀ ਹੈ। ਇਸ ਤਰ੍ਹਾਂ ਦੇ ਸਖਤ ਕਦਮਾਂ ਪਿੱਛੇ ਇਕ ਮਕਸਦ ਬੈਂਕਾਂ ਅਤੇ ਕਾਰੋਬਾਰੀਆਂ ਦੀ ਮਿਲੀਭੁਗਤ ਨਾਲ ਵੱਡੇ ਘੋਟਾਲੇ ਸਾਹਮਣੇ ਲਿਆਉਣਾ ਵੀ ਹੈ। ਪੀ. ਐੱਨ. ਬੀ. 'ਚ ਸਾਹਮਣੇ ਆਏ 13,000 ਕਰੋੜ ਰੁਪਏ ਦੇ ਵੱਡੇ ਘੋਟਾਲੇ ਦੇ ਬਾਅਦ ਜਾਂਚ ਏਜੰਸੀਆਂ ਸਖਤੀ ਨਾਲ ਨਿਗਰਾਨੀ ਕਰ ਰਹੀਆਂ ਹਨ। ਰਿਪੋਰਟਾਂ ਮੁਤਾਬਕ, ਭ੍ਰਿਸ਼ਟਾਚਾਰ ਕਰਕੇ ਬਚ ਨਿਕਲੇ ਅਧਿਕਾਰੀਆਂ ਦੀ ਜਾਂਚ ਸੀ. ਵੀ. ਸੀ. ਜਲਦ ਹੀ ਕਰ ਸਕਦਾ ਹੈ।


Related News