ਭਾਰਤ ਨੇ ਨਵੰਬਰ ''ਚ ਲਗਾਤਾਰ ਦੂਜੇ ਮਹੀਨੇ ਰੂਸ ਤੋਂ ਸਭ ਤੋਂ ਜ਼ਿਆਦਾ ਕੱਚਾ ਤੇਲ ਖਰੀਦਿਆ

Sunday, Dec 11, 2022 - 12:13 PM (IST)

ਭਾਰਤ ਨੇ ਨਵੰਬਰ ''ਚ ਲਗਾਤਾਰ ਦੂਜੇ ਮਹੀਨੇ ਰੂਸ ਤੋਂ ਸਭ ਤੋਂ ਜ਼ਿਆਦਾ ਕੱਚਾ ਤੇਲ ਖਰੀਦਿਆ

ਨਵੀਂ ਦਿੱਲੀ- ਰੂਸ ਨਵੰਬਰ 'ਚ ਲਗਾਤਾਰ ਦੂਜੇ ਮਹੀਨੇ ਭਾਰਤ ਦਾ ਸਭ ਤੋਂ ਵੱਡਾ ਕੱਚਾ ਤੇਲ ਸਪਲਾਇਰ ਰਿਹਾ ਹੈ। ਊਰਜਾ ਖੇਪਾਂ 'ਤੇ ਨਜ਼ਰ ਰੱਖਣ ਵਾਲੀ ਕੰਪਨੀ ਵੋਰਟੈਕਸਾ ਦੇ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ। ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਰੂਸ ਨੇ ਭਾਰਤ ਨੂੰ ਕੱਚੇ ਤੇਲ ਦੀ ਸਪਲਾਈ 'ਚ ਇਰਾਕ ਅਤੇ ਸਾਊਦੀ ਅਰਬ ਵਰਗੇ ਰਵਾਇਤੀ ਸਪਲਾਇਰਾਂ ਨੂੰ ਪਿੱਛੇ ਛੱਡ ਦਿੱਤਾ ਹੈ। ਰੂਸ ਦਾ 31 ਮਾਰਚ 2022 ਨੂੰ ਖਤਮ ਹੋਏ ਸਾਲ 'ਚ ਭਾਰਤ ਦੇ ਸਾਰੇ ਤੇਲ ਆਯਾਤ 'ਚ ਸਿਰਫ 0.2 ਫੀਸਦੀ ਹਿੱਸਾ ਸੀ। ਨਵੰਬਰ 'ਚ ਉਸ ਨੇ ਭਾਰਤ ਨੂੰ 9,09,403 ਬੈਰਲ ਪ੍ਰਤੀ ਦਿਨ (ਬੀ.ਪੀ.ਡੀ.) ਕੱਚੇ ਤੇਲ ਦੀ ਸਪਲਾਈ ਕੀਤੀ।
ਇਹ ਭਾਰਤ ਦੇ ਤੇਲ ਆਯਾਤ ਦਾ 20 ਫੀਸਦੀ ਤੋਂ ਵੱਧ ਹੈ। ਐਨਰਜੀ ਇੰਟੈਲੀਜੈਂਸ ਕੰਪਨੀ ਵੋਰਟੈਕਸਾ ਦੇ ਅਨੁਸਾਰ, ਭਾਰਤ ਨੇ ਨਵੰਬਰ 'ਚ ਇਰਾਕ ਤੋਂ 8,61,461 ਬੀ.ਪੀ.ਡੀ ਅਤੇ ਸਾਊਦੀ ਅਰਬ ਤੋਂ 5,70,922 ਬੀ.ਪੀ.ਡੀ ਤੇਲ ਦਾ ਆਯਾਤ ਕੀਤਾ। ਅਮਰੀਕਾ 4,05,525 ਬੀ.ਪੀ.ਡੀ ਦੇ ਨਾਲ ਭਾਰਤ ਦਾ ਚੌਥਾ ਸਭ ਤੋਂ ਵੱਡਾ ਸਪਲਾਇਰ ਰਿਹਾ।
ਨਵੰਬਰ 'ਚ ਰੂਸ ਤੋਂ ਭਾਰਤ ਦੀ ਦਰਾਮਦ ਮਾਤਰਾ ਦੇ ਲਿਹਾਜ਼ ਨਾਲ ਅਕਤੂਬਰ ਦੇ ਮੁਕਾਬਲੇ ਘੱਟ ਸੀ। ਯੂਕ੍ਰੇਨ 'ਤੇ ਰੂਸ ਦੇ ਹਮਲੇ ਤੋਂ ਬਾਅਦ ਪੱਛਮੀ ਦੇਸ਼ਾਂ ਨੇ ਇਸ 'ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਹਨ। ਉਸ ਤੋਂ ਬਾਅਦ ਭਾਰਤ ਲਗਾਤਾਰ ਰਿਵਾਇਤੀ ਦਰਾਂ 'ਤੇ ਰੂਸੀ ਕੱਚੇ ਤੇਲ ਦੀ ਖਰੀਦ ਕਰ ਰਿਹਾ ਹੈ।
ਅੰਕੜਿਆਂ ਦੇ ਅਨੁਸਾਰ, ਭਾਰਤ ਨੇ ਦਸੰਬਰ 2021 'ਚ ਰੂਸ ਤੋਂ ਸਿਰਫ 36,255 ਬੈਰਲ ਪ੍ਰਤੀ ਦਿਨ ਕੱਚੇ ਤੇਲ ਦੀ ਦਰਾਮਦ ਕੀਤੀ ਸੀ। ਇਸ ਸਮੇਂ ਦੌਰਾਨ ਇਰਾਕ ਤੋਂ 1.05 ਮਿਲੀਅਨ ਬੈਰਲ ਪ੍ਰਤੀ ਦਿਨ ਅਤੇ ਸਾਊਦੀ ਅਰਬ ਤੋਂ 9,52,625 ਬੈਰਲ ਪ੍ਰਤੀ ਦਿਨ ਦਰਾਮਦ ਕੀਤਾ ਗਿਆ। ਅਗਲੇ ਦੋ ਮਹੀਨਿਆਂ ਲਈ ਰੂਸ ਤੋਂ ਕੋਈ ਦਰਾਮਦ ਨਹੀਂ ਸੀ, ਪਰ ਫਰਵਰੀ ਦੇ ਅਖੀਰ 'ਚ ਯੂਕ੍ਰੇਨ ਯੁੱਧ ਸ਼ੁਰੂ ਹੋਣ ਤੋਂ ਤੁਰੰਤ ਬਾਅਦ ਮਾਰਚ 'ਚ ਰੂਸ ਤੋਂ ਕੱਚੇ ਤੇਲ ਦੀ ਖਰੀਦ ਮੁੜ ਸ਼ੁਰੂ ਹੋ ਗਈ ਸੀ।
 


author

Aarti dhillon

Content Editor

Related News