ਪੈਟਰੋਲ-ਡੀਜ਼ਲ ਹੋ ਸਕਦਾ ਹੈ ਮਹਿੰਗਾ, ਇਸ ਵਜ੍ਹਾ ਨਾਲ ਵੱਧ ਸਕਦੇ ਹਨ ਮੁੱਲ

Tuesday, Jun 02, 2020 - 06:10 PM (IST)

ਨਵੀਂ ਦਿੱਲੀ— ਪੈਟਰੋਲ-ਡੀਜ਼ਲ ਜਲਦ ਹੀ ਮਹਿੰਗਾ ਹੋ ਸਕਦਾ ਹੈ। ਕੱਚੇ ਤੇਲ ਦਾ ਉਤਪਾਦਨ ਤੇ ਬਰਾਮਦ ਕਰਨ ਵਾਲੇ ਸੰਗਠਨ ਓਪੇਕ ਦੀ 9 ਜੂਨ ਨੂੰ ਬੈਠਕ ਹੋਣ ਜਾ ਰਹੀ ਹੈ।

ਇਸ ਬੈਠਕ 'ਚ ਕੱਚੇ ਤੇਲ ਦੇ ਉਤਪਾਦਨ 'ਚ ਕਟੌਤੀ 'ਤੇ ਫੈਸਲਾ ਹੋਣ ਦੀ ਸੰਭਾਵਨਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਕੱਚੇ ਤੇਲ ਦੀਆਂ ਕੀਮਤਾਂ 'ਚ ਜ਼ੋਰਦਾਰ ਤੇਜ਼ੀ ਆ ਸਕਦੀ ਹੈ। ਇਸ ਕਾਰਨ ਆਮ ਆਦਮੀ ਦੇ ਨਾਲ-ਨਾਲ ਸਰਕਾਰ 'ਤੇ ਵੀ ਬੋਝ ਪਵੇਗਾ, ਲਿਹਾਜਾ ਪੈਟਰੋਲ-ਡੀਜ਼ਲ ਦੇ ਮੁੱਲ ਵੱਧ ਸਕਦੇ ਹਨ।


ਭਾਰਤ ਜ਼ਰੂਰਤ ਦਾ 83 ਫੀਸਦੀ ਤੋਂ ਜ਼ਿਆਦਾ ਕੱਚਾ ਤੇਲ ਦਰਾਮਦ ਕਰਦਾ ਹੈ ਅਤੇ ਇਸ ਲਈ ਹਰ ਸਾਲ 100 ਅਰਬ ਡਾਲਰ ਦੇਣੇ ਪੈਂਦੇ ਹਨ। ਕਮਜ਼ੋਰ ਰੁਪਿਆ ਭਾਰਤ ਦਾ ਦਰਾਮਦ ਬਿੱਲ ਹੋਰ ਵਧਾ ਦਿੰਦਾ ਹੈ ਅਤੇ ਇਸ ਦੀ ਭਰਪਾਈ ਲਈ ਸਰਕਾਰ ਟੈਕਸ ਦਰਾਂ ਨੂੰ ਉੱਚੀਆਂ ਰੱਖਦੀ ਹੈ।
9 ਜੂਨ ਨੂੰ ਓਪੇਕ ਤੇ ਸਹਿਯੋਗੀ ਦੇਸ਼ ਵੀਡੀਓ ਕਾਨਫਰੰਸ ਜ਼ਰੀਏ ਹੋਣ ਵਾਲੀ ਬੈਠਕ 'ਚ ਜੁਲਾਈ ਜਾਂ ਅਗਸਤ ਤੋਂ ਕੱਚੇ ਤੇਲ ਦਾ ਉਤਪਾਦਨ 97 ਲੱਖ ਬੈਰਲ ਰੋਜ਼ਾਨਾ ਕਟੌਤੀ 'ਤੇ ਵਿਚਾਰ ਕਰ ਰਹੇ ਹਨ। ਇਹ ਦੁਨੀਆ 'ਚ ਕੁੱਲ ਕੱਚੇ ਤੇਲ ਉਤਪਾਦਨ ਦਾ 10 ਫੀਸਦੀ ਹੈ। ਇਸ ਵਜ੍ਹਾ ਨਾਲ ਪਿਛਲੇ ਕੁਝ ਦਿਨਾਂ ਤੋਂ ਕੱਚੇ ਤੇਲ ਦੇ ਮੁੱਲ ਲਗਾਤਾਰ ਚੜ੍ਹੇ ਹਨ। ਪਿਛਲੇ 4 ਹਫਤਿਆਂ 'ਚ ਬ੍ਰੈਂਟ ਕੱਚੇ ਤੇਲ ਦੀਆਂ ਕੀਮਤਾਂ ਦੁੱਗਣੀਆਂ ਹੋ ਗਈਆਂ ਹਨ। ਹਾਲਾਂਕਿ, ਪਿਛਲੇ ਸਾਲ ਦੇ ਮੁਕਾਬਲੇ ਇਹ ਹੁਣ ਵੀ 40 ਫੀਸਦੀ ਹੇਠਾਂ ਹੈ। ਬ੍ਰੈਂਟ ਕੱਚੇ ਤੇਲ ਦੀ ਕੀਮਤ ਹੁਣ 39.27 ਡਾਲਰ ਪ੍ਰਤੀ ਬੈਰਲ 'ਤੇ ਹੈ। ਉੱਥੇ ਹੀ, ਡਬਲਿਊ. ਟੀ. ਆਈ. ਕੱਚਾ ਤੇਲ 36.27 ਡਾਲਰ ਪ੍ਰਤੀ ਬੈਰਲ 'ਤੇ ਹੈ।


Sanjeev

Content Editor

Related News