ਕੋਰੋਨਾ ਕਾਰਨ ਸੈਰ-ਸਪਾਟਾ ਉਦਯੋਗ ਦੀ ਹਾਲਤ ਖ਼ਰਾਬ

03/20/2020 3:12:35 PM

ਨਵੀਂ ਦਿੱਲੀ– ਕੋਰੋਨਾ ਵਾਇਰਸ ਕਾਰਨ ਕੌਮਾਂਤਰੀ ਪੱਧਰ ’ਤੇ ਆਰਥਿਕ ਸਰਗਰਮੀਆਂ ਦੇ ਪ੍ਰਭਾਵਿਤ ਹੋਣ ਦਰਮਿਆਨ ਭਾਰਤੀ ਸੈਰ-ਸਪਾਟਾ ਉਦਯੋਗ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਟੈਕਸਾਂ ਅਤੇ ਹੋਰ ਖ਼ਰਚਿਆਂ ’ਚ ਇਕ ਸਾਲ ਤਕ ਰਾਹਤ ਦੇਣ ਦੀ ਅਪੀਲ ਕੀਤੀ ਹੈ। ਫੈੱਡਰੇਸ਼ਨ ਆਫ ਐਸੋਸੀਏਸ਼ਨ ਇਨ ਇੰਡੀਅਨ ਟੂਰਿਜ਼ਮ ਐਂਡ ਹਾਸਪਿਟੈਲਿਟੀ ਦੇ ਚੇਅਰਮੈਨ ਨਕੁਲ ਆਨੰਦ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਸੈਰ-ਸਪਾਟਾ ਮੰਤਰੀ ਪ੍ਰਹਲਾਦ ਸਿੰਘ ਪਟੇਲ ਨੂੰ ਪੱਤਰ ਭੇਜ ਕੇ ਇਸ ਸੰਕਟ ਨਾਲ ਨਜਿੱਠਣ ਲਈ ਟੈਕਸਾਂ ਅਤੇ ਹੋਰ ਖ਼ਰਚਿਆਂ ’ਚ ਕਰੀਬ ਇਕ ਸਾਲ ਤਕ ਲਈ ਰਾਹਤ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਪੱਤਰ ’ਚ ਲਿਖਿਆ ਹੈ ਕਿ ਸੈਰ-ਸਪਾਟਾ ਮੋਦੀ ਸਰਕਾਰ ਦੀ ਮੁੱਖ ਪਹਿਲਾਂ ’ਚੋਂ ਇਕ ਰਿਹਾ ਹੈ, ਇਸ ਲਈ ਇਸ ਸੰਕਟ ਦੇ ਸਮੇਂ ’ਚ ਜੇਕਰ ਇਸ ਉਦਯੋਗ ਨੂੰ ਰਾਹਤ ਪ੍ਰਦਾਨ ਨਾ ਕੀਤੀ ਗਈ ਤਾਂ ਪੂਰੇ ਦੇਸ਼ ਦੇ ਸੈਰ-ਸਪਾਟਾ ਉਦਯੋਗ ’ਤੇ ਸੰਕਟ ਦੇ ਬੱਦਲ ਛਾ ਜਾਣਗੇ। ਪੂਰਾ ਉਦਯੋਗ ਕਾਰਜਸ਼ੀਲ ਪੂੰਜੀ ਤੋਂ ਬਿਨਾਂ ਕੰਮ ਕਰ ਰਿਹਾ ਹੈ। ਹਾਲਾਂਕਿ ਆਪਣੇ ਕਰਮਚਾਰੀਆਂ ਦੀ ਤਨਖਾਹ , ਈ. ਐੱਮ. ਆਈ. , ਅਗਾਊਂ ਟੈਕਸ, ਪੀ. ਐੱਫ., ਈ. ਐੱਸ. ਆਈ. ਸੀ. , ਜੀ. ਐੱਸ. ਟੀ. , ਕਸਟਮ ਡਿਊਟੀ ਅਤੇ ਸੂਬਾ ਸਰਕਾਰ ਦੇ ਟੈਕਸ, ਬੈਂਕ ਗਾਰੰਟੀ ਵਰਗੇ ਖਰਚੇ ਕੱਢ ਸਕਣਾ ਮੁਸ਼ਕਿਲ ਹੋ ਰਿਹਾ ਹੈ। ਅਜਿਹੀ ਸਥਿਤੀ ’ਚ ਇਸ ਉਦਯੋਗ ਨੂੰ ਸਰਕਾਰ ਦੇ ਸਮਰਥਨ ਦੀ ਬਹੁਤ ਲੋੜ ਹੈ।

ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਸੈਰ-ਸਪਾਟਾ ਉਦਯੋਗ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ। ਵਾਇਰਸ ਦੇ ਡਰੋਂ ਨਾ ਤਾਂ ਭਾਰਤ ਵੱਲੋਂ ਕੋਈ ਵਿਦੇਸ਼ ਜਾ ਰਿਹਾ ਹੈ, ਨਾ ਹੀ ਵਿਦੇਸ਼ੀ ਟੂਰਿਸਟ ਇੱਥੇ ਆ ਰਹੇ ਹਨ। ਭਾਰਤ ਦਾ ਵਿਦੇਸ਼ੀ ਸੈਰ-ਸਪਾਟਾ ਕਾਰੋਬਾਰ ਜੋ ਕਰੀਬ 28 ਅਰਬ ਡਾਲਰ ਤੋਂ ਜ਼ਿਆਦਾ ਹੈ ਅਤੇ ਘਰੇਲੂ ਸੈਰ-ਸਪਾਟਾ ਤੋਂ ਇਸ ਉਦਯੋਗ ਨੂੰ 2 ਲੱਖ ਕਰੋੜ ਰੁਪਏ ਦੀ ਕਮਾਈ ਹੁੰਦੀ ਹੈ। ਉਨ੍ਹਾਂ ਪੱਤਰ ’ਚ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੂਲ ਪੂੰਜੀ ਦੀ ਈ. ਐੱਮ. ਆਈ. ਅਤੇ ਕਰਜ਼ੇ ’ਤੇ ਵਿਆਜ ਦੇ ਭੁਗਤਾਨ ਅਤੇ ਵਿੱਤੀ ਸੰਸਥਾਨਾਂ ਵਲੋਂ ਲਈ ਗਈ ਕਰਜਾ ਰਾਸ਼ੀ ’ਤੇ ਵਿਆਜ ਦੇ ਭੁਗਤਾਨ ’ਚ ਘੱਟ ਤੋਂ ਘੱਟ 12 ਮਹੀਨੇ ਦੀ ਰਾਹਤ ਦਿੱਤੀ ਜਾਵੇ। ਇਸ ਦੇ ਨਾਲ ਹੀ ਕਾਰਜਸ਼ੀਲ ਪੂੰਜੀ ਹੱਦ ਦੁੱਗਣਾ ਕਰਨ ਅਤੇ ਇਸ ਨੂੰ ਵਿਆਜ ਮੁਕਤ ਅਤੇ ਜ਼ਮਾਨਤ ਮੁਕਤ ਕਰਨ ਦੀ ਵੀ ਅਪੀਲ ਕੀਤੀ ਗਈ ਹੈ।


Rakesh

Content Editor

Related News