ATM ਕਲੋਨ ਨਾਲ ਹੋਈ ਠੱਗੀ, SBI ਨੂੰ ਗਾਹਕ ਦੀ ਨੁਕਸਾਨਪੂਰਤੀ ਭਰਨ ਦਾ ਹੁਕਮ

01/19/2020 7:59:18 AM

ਰਾਇਗੜ੍ਹ— ਏ. ਟੀ. ਐੱਮ. ਕਲੋਨਿੰਗ ਨਾਲ ਠੱਗੀ ਦੇ ਮਾਮਲੇ ’ਚ ਖਪਤਕਾਰ ਫੋਰਮ ਨੇ ਗਾਹਕ ਦੇ ਪੱਖ ’ਚ ਫੈਸਲਾ ਦਿੰਦਿਆਂ ਐੱਸ. ਬੀ. ਆਈ. ਬੈਂਕ ਨੂੰ ਨੁਕਸਾਨਪੂਰਤੀ ਦੇ ਨਾਲ ਕੇਸ ’ਚ ਹੋਏ ਖਰਚੇ ਨੂੰ ਵੀ ਵਾਪਸ ਦੇਣ ਦਾ ਹੁਕਮ ਦਿੱਤਾ ਹੈ।

ਕੀ ਸੀ ਮਾਮਲਾ
ਜਾਣਕਾਰੀ ਅਨੁਸਾਰ ਕੇਲੋ ਵਿਹਾਰ ਕਾਲੋਨੀ ’ਚ ਰਹਿਣ ਵਾਲੀ ਮੀਨੂ ਰਾਠਿਆ ਇਨਕਮ ਟੈਕਸ ਵਿਭਾਗ ’ਚ ਕੰਪਿਊਟਰ ਆਪ੍ਰੇਟਰ ਹੈ। ਮੀਨੂ ਦਾ ਖਾਤਾ ਸਟੇਟ ਬੈਂਕ ਆਫ ਇੰਡੀਆ ਦੀ ਕੇਵੜਾਬਾੜੀ ਬ੍ਰਾਂਚ ’ਚ ਹੈ। 27 ਅਕਤੂਬਰ 2018 ਦੀ ਸ਼ਾਮ ਉਸ ਦੇ ਖਾਤੇ ’ਚੋਂ ਕਿਸੇ ਅਣਪਛਾਤੇ ਵਿਅਕਤੀ ਨੇ 40 ਹਜ਼ਾਰ ਰੁਪਏ ਦੀ ਰਾਸ਼ੀ ਕਢਵਾ ਲਈ ਸੀ। ਜਦੋਂ ਉਕਤ ਰਾਸ਼ੀ ਕਢਵਾਈ ਗਈ, ਉਸ ਦੌਰਾਨ ਮੀਨੂ ਦਾ ਏ. ਟੀ. ਐੱਮ. ਕਾਰਡ ਉਸ ਕੋਲ ਮੌਜੂਦ ਸੀ। ਇਸ ਸਬੰਧ ’ਚ ਉਸ ਨੇ ਬੈਂਕ ’ਚ ਇਸ ਦੀ ਜਾਣਕਾਰੀ ਦਿੱਤੀ ਅਤੇ ਕੋਤਵਾਲੀ ਥਾਣੇ ’ਚ ਵੀ ਸ਼ਿਕਾਇਤ ਕੀਤੀ। ਸ਼ਿਕਾਇਤ ਤੋਂ ਬਾਅਦ ਵੀ ਬੈਂਕ ਖਪਤਕਾਰ ਦੀ ਗਲਤੀ ਦੱਸ ਕੇ ਰੁਪਏ ਦੇਣ ਲਈ ਤਿਆਰ ਨਹੀਂ ਹੋ ਰਿਹਾ ਸੀ। ਪ੍ਰੇਸ਼ਾਨ ਹੋ ਕੇ ਮੀਨੂ ਨੇ ਖਪਤਕਾਰ ਫੋਰਮ ’ਚ ਸ਼ਿਕਾਇਤ ਦਰਜ ਕੀਤੀ।

ਇਹ ਕਿਹਾ ਫੋਰਮ ਨੇ
ਮਾਮਲੇ ਦੀ ਸੁਣਵਾਈ ਦੌਰਾਨ ਐੱਸ. ਬੀ. ਆਈ. ਬੈਂਕ ਪੂਰੀ ਗਲਤੀ ਖਪਤਕਾਰ ਦੀ ਦੱਸ ਰਿਹਾ ਸੀ। ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਖਪਤਕਾਰ ਫੋਰਮ ਦੀ ਬੈਂਚ ਨੇ ਫੈਸਲਾ ਸਿਕਾਇਤਕਰਤਾ ਦੇ ਪੱਖ ’ਚ ਦਿੱਤਾ। ਫੈਸਲਾ ਦਿੰਦਿਆਂ ਫੋਰਮ ਨੇ ਨੁਕਸਾਨਪੂਰਤੀ ਦੇ 40 ਹਜ਼ਾਰ ਰੁਪਏ ਸ਼ਿਕਾਇਤਕਰਤਾ ਨੂੰ ਇਕ ਮਹੀਨੇ ’ਚ ਦੇਣ ਦਾ ਹੁਕਮ ਬੈਂਕ ਨੂੰ ਦਿੱਤਾ। ਇਸ ਤੋਂ ਇਲਾਵਾ ਬੈਂਕ ਨੂੰ ਅਦਾਲਤੀ ਖਰਚੇ ਦੇ 10 ਹਜ਼ਾਰ ਰੁਪਏ ਵੱਖਰੇ ਤੌਰ ਵੀ ਦੇਣੇ ਪੈਣਗੇ।


Related News