ਇੰਸ਼ੋਰੈਂਸ ਕੰਪਨੀ ਨੇ ਨਹੀਂ ਦਿੱਤਾ ਪਾਲਿਸੀ ਦਾ ਕਲੇਮ, ਹੁਣ ਦੇਵੇਗੀ 5.35 ਲੱਖ ਰੁਪਏ

08/25/2019 7:49:45 AM

ਚੰਡੀਗੜ੍ਹ— ਕੰਜ਼ਿਊਮਰ ਫੋਰਮ ਨੇ ਪੀੜਤਾ ਨੂੰ ਉਸ ਦੇ ਪਤੀ ਦੀ ਮੌਤ ਦੀ ਇੰਸ਼ੋਰੈਂਸ ਪਾਲਿਸੀ ਦਾ ਕਲੇਮ ਨਾ ਦੇਣ ’ਤੇ ਯੂਨਾਈਟਿਡ ਇੰਡੀਆ ਇੰਸ਼ੋਰੈਂਸ ਕੰਪਨੀ ਲਿਮਟਿਡ ’ਤੇ ਹਰਜਾਨਾ ਲਾਇਆ ਹੈ। ਫੋਰਮ ਨੇ ਇੰਸ਼ੋਰੈਂਸ ਕੰਪਨੀ ਨੂੰ ਸ਼ਿਕਾਇਤਕਰਤਾ ਨੂੰ 5.35 ਲੱਖ ਰੁਪਏ ਦੇਣ ਦਾ ਆਦੇਸ਼ ਦਿੱਤਾ।

 

ਕੀ ਹੈ ਮਾਮਲਾ
ਹਰਿਆਣਾ ਦੇ ਕੁਰੂਕਸ਼ੇਤਰ ਨਿਵਾਸੀ ਕਾਮਿਨੀ ਭਟਨਾਗਰ ਨੇ ਕੰਜ਼ਿਊਮਰ ਫੋਰਮ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਨ੍ਹਾਂ ਦੇ ਪਤੀ ਦੀਪਕ ਭਟਨਾਗਰ ਪੰਜਾਬ ਐਂਡ ਹਰਿਆਣਾ ਬਾਰ ਕਾਊਂਸਲ ’ਚ ਵਕੀਲ ਸਨ। ਬਾਰ ਕਾਊਂਸਲ ਨੇ ਉਕਤ ਕੰਪਨੀ ਤੋਂ ਗਰੁੱਪ ’ਚ ਪਰਸਨਲ ਐਕਸੀਡੈਂਟ ਪਾਲਿਸੀ ਲਈ ਹੋਈ ਸੀ। ਇਸ ’ਚ ਉਨ੍ਹਾਂ ਦੇ ਪਤੀ ਨੂੰ ਵੀ ਕਵਰ ਕੀਤਾ ਹੋਇਆ ਸੀ। ਇਹ ਪਾਲਿਸੀ 3 ਨਵੰਬਰ, 2016 ਤੋਂ 2 ਨਵੰਬਰ, 2017 ਤੱਕ ਲਈ ਸੀ। ਦੀਪਕ ਵਲੋਂ ਲਈ ਗਈ ਇਸ ਪਾਲਿਸੀ ਦੀ ਨਾਮਿਨੀ ਕਾਮਿਨੀ ਭਟਨਾਗਰ ਹੈ। ਉਸ ਦੱਸਿਆ ਕਿ ਦੀਪਕ ਦੀ 15 ਫਰਵਰੀ, 2017 ਨੂੰ ਐਕਸੀਡੈਂਟ ’ਚ ਮੌਤ ਹੋ ਗਈ। ਕਾਮਿਨੀ ਨੂੰ ਦੀਪਕ ਵਲੋਂ ਲਈ ਗਈ ਪਾਲਿਸੀ ਦੇ ਬਾਰੇ ਜਾਣਕਾਰੀ ਨਾ ਹੋਣ ਦੀ ਵਜ੍ਹਾ ਨਾਲ ਉਸ ਨੇ ਕਾਫੀ ਸਮੇਂ ਬਾਅਦ ਉਕਤ ਕੰਪਨੀ ਨੂੰ ਕਲੇਮ ਦੇਣ ਲਈ ਰਿਕਵੈਸਟ ਕੀਤੀ ਪਰ ਕੰਪਨੀ ਨੇ ਕਲੇਮ ਦੇਣ ਤੋਂ ਮਨ੍ਹਾ ਕਰ ਦਿੱਤਾ। ਪ੍ਰੇਸ਼ਾਨ ਹੋ ਕੇ ਕਾਮਿਨੀ ਨੇ ਕੰਜ਼ਿਊਮਰ ਫੋਰਮ ’ਚ ਕੰਪਨੀ ਖਿਲਾਫ ਸ਼ਿਕਾਇਤ ਦਿੱਤੀ।

ਇਹ ਕਿਹਾ ਫੋਰਮ ਨੇ
ਕੰਜ਼ਿਊਮਰ ਫੋਰਮ ’ਚ ਕੰਪਨੀ ਨੇ ਦਲੀਲ ਦਿੰਦੇ ਹੋਏ ਕਿਹਾ ਕਿ ਨਿਯਮਾਂ ਦੇ ਹਿਸਾਬ ਨਾਲ ਦੀਪਕ ਦਾ ਪੋਸਟਮਾਰਟਮ ਹੋਣਾ ਚਾਹੀਦਾ ਸੀ ਪਰ ਉਹ ਨਹੀਂ ਕਰਵਾਇਆ ਗਿਆ ਅਤੇ ਸ਼ਿਕਾਇਤਕਰਤਾ ਨੇ 30 ਦਿਨਾਂ ਦੇ ਅੰਦਰ ਕਲੇਮ ਲਈ ਮੰਗ ਨਹੀਂ ਕੀਤੀ ਅਤੇ ਨਾ ਹੀ ਉਨ੍ਹਾਂ ਨੂੰ ਸੂਚਿਤ ਕੀਤਾ ਗਿਆ। ਦੋਵਾਂ ਪੱਖਾਂ ਦੀਆਂ ਦਲੀਲਾਂ ਨੂੰ ਸੁਣਨ ਤੋਂ ਬਾਅਦ ਹੁਣ ਕੰਜ਼ਿਊਮਰ ਫੋਰਮ ਨੇ ਯੂਨਾਈਟਿਡ ਇੰਡੀਆ ਇੰਸ਼ੋਰੈਂਸ ਕੰਪਨੀ ਲਿਮਟਿਡ ਖਿਲਾਫ ਆਪਣਾ ਫੈਸਲਾ ਸੁਣਾਉਂਦੇ ਹੋਏ ਆਦੇਸ਼ ਦਿੱਤਾ ਕਿ ਕੰਪਨੀ ਪੀੜਤਾ ਨੂੰ 5 ਲੱਖ ਰੁਪਏ 9 ਫੀਸਦੀ ਵਿਆਜ ਨਾਲ, 25,000 ਰੁਪਏ ਮੁਆਵਜ਼ਾ ਰਾਸ਼ੀ ਅਤੇ 10,000 ਰੁਪਏ ਕੇਸ ਖਰਚ ਦੇ ਰੂਪ ’ਚ ਦੇਵੇ।


Related News