ਕੋਲ ਇੰਡੀਆ ਨੇ ਦਿੱਤੇ BCCL,CMPDI ਦੀ ਲਿਸਟਿੰਗ ਦੇ ਸੰਕੇਤ, ਕੋਲੇ ਦੀਆਂ ਕੀਮਤਾਂ ਵਧਾਏ ਜਾਣ ਦੇ ਵੀ ਆਸਾਰ
Wednesday, Aug 31, 2022 - 01:25 PM (IST)
ਨਵੀਂ ਦਿੱਲੀ–ਭਾਰਤ ਸਰਕਾਰ ਦੀ ਕੰਪਨੀ ਕੋਲ ਇੰਡੀਆ ਲਿਮਟਿਡ (ਸੀ. ਆਈ. ਐੱਲ.) ਆਪਣੀਆਂ ਦੋ ਸਹਿਯੋਗੀ ਕੰਨਪੀਆਂ ਭਾਰਤ ਕੋਕਿੰਗ ਕੋਲ ਲਿਮਟਿਡ (ਬੀ. ਸੀ. ਸੀ. ਐੱਲ.) ਅਤੇ ਸੈਂਟਰਲ ਮਾਈਨ ਪਲਾਨਿੰਗ ਐਂਡ ਡਿਜਾਈਨ ਇੰਸਟੀਚਿਊਟ (ਸੀ. ਐੱਮ. ਪੀ. ਡੀ. ਆਈ.) ਦੀ ਲਿਸਟਿੰਗ ’ਤੇ ਵਿਚਾਰ ਕਰ ਰਹੀ ਹੈ। ਇਹ ਸੰਕੇਤ ਸੀ. ਆਈ. ਐੱਲ. ਦੀ 48ਵੀਂ ਸਾਲਾਨਾ ਆਮ ਸਭਾ (ਏ. ਜੀ. ਐੱਮ.) ਵਿਚ ਸ਼ੇਅਰ ਹੋਲਡਰਸ ਨੂੰ ਸੰਬੋਧਨ ਕਰਦੇ ਹੋਏ ਕੰਪਨੀ ਦੇ ਚੇਅਰਮੈਨ ਪ੍ਰਮੋਦ ਅੱਗਰਵਾਲ ਨੇ ਦਿੱਤੇ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਇਸ਼ਾਰਾ ਕੀਤਾ ਕਿ ਆਉਣ ਵਾਲੇ ਦਿਨਾਂ ’ਚ ਕੰਪਨੀ ਕੋਲੇ ਦੀਆਂ ਕੀਮਤਾਂ ’ਚ ਵਾਧਾ ਕਰ ਸਕਦੀ ਹੈ।
ਉਨ੍ਹਾਂ ਨੇ ਕਿਹਾ ਕਿ ਕੋਲ ਇੰਡੀਆ ਦੇ ਇਨ੍ਹਾਂ ਦੋਹਾਂ ਸ਼ੇਅਰਾਂ ਦਾ ਇਕ ਹਿੱਸਾ ਲਿਸਟ ਕੀਤਾ ਜਾ ਸਕਦਾ ਹੈ ਅਤੇ ਇਸ ਲਈ ਸਾਰੀਆਂ ਜ਼ਰੂਰੀ ਰਸਮਾਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ। ਹਾਲਾਂਕਿ ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਮੁੱਦੇ ’ਤੇ ਹਾਲੇ ਵਿਚਾਰ ਕੀਤਾ ਜਾ ਰਿਹਾ ਹੈ ਅਤੇ ਆਖਰੀ ਫੈਸਲਾ ਹੋਣਾ ਬਾਕੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਨ੍ਹਾਂ ਕੰਪਨੀਆਂ ਨੂੰ ਡੀ-ਮਰਜ਼ ਕਰਨ ਦੀ ਕੋਈ ਯੋਜਨਾ ਨਹੀਂ ਹੈ। ਕੋਲ ਇੰਡੀਆ ਵਲੋਂ ਪਹਿਲਾਂ ਵੀ ਸੰਕੇਤ ਦਿੱਤੇ ਜਾ ਚੁੱਕੇ ਹਨ ਕਿ ਉਹ ਬੀ. ਸੀ. ਸੀ. ਐੱਲ. ਅਤੇ ਸੀ. ਐੱਮ. ਪੀ. ਡੀ. ਆਈ. ਵਿਚ ਆਪਣੀ 25 ਫੀਸਦੀ ਇਕਵਿਟੀ ਦਾ ਨਿਵੇਸ਼ ਕਰ ਸਕਦੀ ਹੈ। ਇਨ੍ਹਾਂ ਨੂੰ ਮਿਲਾ ਕੇ ਕੋਲ ਇੰਡੀਆ ਲਿਮਟਿਡ ਦੀਆਂ ਕੁੱਲ 8 ਸਹਿਯੋਗੀ ਕੰਪਨੀਆਂ ਹਨ।
ਸੀ. ਆਈ. ਐੱਲ. ਦੇ ਚੇਅਰਮੈਨ ਨੇ ਕਿਹਾ ਕਿ ਬਿਜਲੀ ਉਤਪਾਦਨ ’ਚ ਕੋਲੇ ਦੀ ਅਹਿਮੀਅਤ ਆਉਣ ਵਾਲੇ ਦਿਨਾਂ ’ਚ ਵੀ ਬਣੀ ਰਹੇਗੀ। ਉਨ੍ਹਾਂ ਨੇ ਦੱਸਿਆ ਕਿ ਦੇਸ਼ ਵਿਚ ਵਿੱਤੀ ਸਾਲ 2021-22 ਦੌਰਾਨ ਕੁੱਲ 1,490 .277 ਅਰਬ ਯੂਨਿਟ ਬਿਜਲੀ ਦਾ ਉਤਪਾਦਨ ਕੀਤਾ ਗਿਆ, ਜਿਸ ’ਚ 69.9 ਫੀਸਦੀ ਯੋਗਦਾਨ ਕੋਲਾ ਆਧਾਰਿਤ ਬਿਜਲੀ ਦਾ ਸੀ। 2020-21 ਦੇ ਮੁਕਾਬਲੇ ਇਹ ਕਰੀਬ 9.5 ਫੀਸਦੀ ਵੱਧ ਹੈ। ਹਾਲਾਂਕਿ ਇਸ ਦੇ ਨਾਲ ਹੀ ਉਨ੍ਹਾਂ ਨੇ ਬਿਜਲੀ ਉਤਪਾਦਨ ’ਚ ਰਿਨਿਊਏਬਲ ਐਨਰਜੀ ਦੀ ਹਿੱਸੇਦਾਰੀ ਵਧਣ ਦੇ ਨਾਲ ਸਰਕਾਰ ਵਲੋਂ ਕੀਤੇ ਜਾ ਰਹੇ ਯਤਨਾਂ ਦਾ ਵੀ ਤਾਰੀਫ ਕੀਤੀ।
ਪ੍ਰਮੋਦ ਅੱਗਰਵਾਲ ਨੇ ਕਿਹਾ ਕਿ ਕੋਲ ਇੰਡੀਆ ਹੁਣ ਤੱਕ ਇੰਟਰਨੈਸ਼ਨਲ ਮਾਰਕੀਟ ’ਚ ਕੋਲੇ ਦੀਆਂ ਕੀਮਤਾਂ ਵਧੇਰੇ ਹੋਣ ਦੇ ਬਾਵਜੂਦ ਘਰੇਲੂ ਬਾਜ਼ਾਰ ’ਚ ਬਹੁਤ ਹੀ ਘੱਟ ਰੇਟ ’ਚ ਕੋਲੇ ਦੀ ਸਪਲਾਈ ਕਰਦੀ ਰਹੀ ਹੈ ਪਰ ਹੁਣ ਕੰਪਨੀ ਲਗਾਤ ’ਚ ਹੋ ਰਹੇ ਵਾਧੇ ਨੂੰ ਦੇਖਦੇ ਹੋਏ ਕੋਲੇ ਦੀਆਂ ਕੀਮਤਾਂ ’ਚ ਬਦਲਾਅ ਕਰਨ ’ਤੇ ਵਿਚਾਰ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਬਾਰੇ ਕੰਪਨੀ ਦੇ ਸ਼ੇਅਰ ਹੋਲਡਰਸ ਨਾਲ ਵੀ ਚਰਚਾ ਕੀਤੀ ਜਾਵੇਗੀ।