ਅਡਾਨੀ ਇੰਟਰਪ੍ਰਾਈਜਿਜ਼ ਦੇ FPO ''ਤੇ ਚਿੰਤਾ ਦੇ ਬੱਦਲ, ਤਣਾਅ ''ਚ ਵੱਡੇ ਨਿਵੇਸ਼ਕ

01/28/2023 2:49:02 PM

ਨਵੀਂ ਦਿੱਲੀ- ਹਿੰਡਨਬਰਗ ਦੀ ਰਿਪੋਰਟ ਕਾਰਨ ਅਡਾਨੀ ਸਮੂਹ ਦੇ ਸ਼ੇਅਰਾਂ 'ਚ ਜ਼ਬਰਦਸਤ ਗਿਰਾਵਟ ਦੇਖਣ ਨੂੰ ਮਿਲੀ ਹੈ। ਅਡਾਨੀ ਦੇ ਸ਼ੇਅਰਾਂ 'ਚ 10 ਤੋਂ 20 ਫ਼ੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਅਡਾਨੀ ਗਰੁੱਪ ਦੇ ਸ਼ੇਅਰਾਂ 'ਚ ਪਿਛਲੇ ਦੋ ਦਿਨਾਂ 'ਚ ਲਗਾਤਾਰ ਗਿਰਾਵਟ ਕਾਰਨ ਨਿਵੇਸ਼ਕਾਂ ਨੂੰ ਕਾਫੀ ਨੁਕਸਾਨ ਹੋਇਆ ਹੈ। ਸਭ ਤੋਂ ਜ਼ਿਆਦਾ ਤਣਾਅ ਵੱਡੇ ਨਿਵੇਸ਼ਕਾਂ ਨੂੰ ਲੈ ਕੇ ਹੈ। ਇੱਕ ਐਂਕਰ ਨਿਵੇਸ਼ਕ ਦੇ ਰੂਪ 'ਚ, ਉਸਨੇ ਅਡਾਨੀ ਇੰਟਰਪ੍ਰਾਈਜਿਜ਼ ਦੇ ਐੱਫ.ਪੀ.ਓ. 'ਚ ਪੈਸਾ ਲਗਾ ਦਿੱਤਾ ਹੈ। ਅਡਾਨੀ ਇੰਟਰਪ੍ਰਾਈਜਿਜ਼ ਦਾ ਐੱਫ.ਪੀ.ਓ ਜੋ ਸ਼ੁੱਕਰਵਾਰ ਤੋਂ ਖੁੱਲ੍ਹਿਆ, ਉਸ 'ਚ ਕਮਜ਼ੋਰ ਰਿਸਪਾਂਸ ਮਿਲਿਆ ਹੈ। ਪਿਛਲੇ ਦੋ ਦਿਨਾਂ 'ਚ ਸਟਾਕ 'ਚ ਗਿਰਾਵਟ ਕਾਰਨ ਨਿਵੇਸ਼ਕ ਅਲਰਟ ਹੋ ਗਏ ਹਨ। ਜਿਸ ਐੱਫ.ਪੀ.ਓ. ਦੀ ਇਸ਼ੂ ਕੀਮਤ 3112 ਹੈ, ਉਹ ਸ਼ੁੱਕਰਵਾਰ ਨੂੰ 2762 'ਤੇ ਬੰਦ ਹੋਇਆ ਹੈ।
ਅਡਾਨੀ ਗਰੁੱਪ ਦੀ ਮੁੱਖ ਕੰਪਨੀ ਅਡਾਨੀ ਐਂਟਰਪ੍ਰਾਈਜ਼ਿਜ਼ ਦੇ ਫਾਲੋ-ਆਨ ਪਬਲਿਕ ਆਫਰਿੰਗ (ਐੱਫ.ਪੀ.ਓ.) ਨੂੰ ਸ਼ੁੱਕਰਵਾਰ ਨੂੰ ਅਰਜ਼ੀ ਦੇ ਪਹਿਲੇ ਦਿਨ ਸਿਰਫ ਇਕ ਫੀਸਦੀ ਗਾਹਕੀ ਮਿਲੀ। ਅਮਰੀਕੀ ਵਿੱਤੀ ਖੋਜ ਕੰਪਨੀ ਹਿੰਡਨਬਰਗ ਰਿਸਰਚ ਦੀ ਰਿਪੋਰਟ ਤੋਂ ਬਾਅਦ ਅਡਾਨੀ ਐਂਟਰਪ੍ਰਾਈਜਿਜ਼ ਸਮੇਤ ਸਮੂਹ ਦੀਆਂ ਸਾਰੀਆਂ ਕੰਪਨੀਆਂ ਦੇ ਸ਼ੇਅਰਾਂ 'ਚ ਵੱਡੀ ਗਿਰਾਵਟ ਦਰਜ ਕੀਤੀ ਗਈ। ਸ਼ੇਅਰ ਬਾਜ਼ਾਰ ਬੀ.ਐੱਸ.ਈ. 'ਤੇ ਉਪਲਬਧ ਜਾਣਕਾਰੀ ਦੇ ਅਨੁਸਾਰ, ਅਡਾਨੀ ਇੰਟਰਪ੍ਰਾਈਜਿਜ਼ ਲਿ. ਐੱਫ.ਪੀ.ਓ ਦੇ ਪਹਿਲੇ ਦਿਨ 4.55 ਕਰੋੜ ਰੁਪਏ ਦੇ ਸ਼ੇਅਰ ਬਦਲੇ ਸਿਰਫ਼ 4.7 ਲੱਖ ਸ਼ੇਅਰਾਂ ਦੇ ਲਈ ਹੀ ਬੋਲੀ ਆਈ। ਕੰਪਨੀ ਨੇ ਐੱਫ.ਪੀ.ਓ ਲਈ 3,112 ਰੁਪਏ ਤੋਂ 3,276 ਰੁਪਏ ਪ੍ਰਤੀ ਸ਼ੇਅਰ ਦਾ ਪ੍ਰਾਈਸ ਬੈਂਡ ਰੱਖਿਆ ਹੈ। ਹਾਲਾਂਕਿ, ਸ਼ੁੱਕਰਵਾਰ ਨੂੰ ਬੀ.ਐੱਸ.ਈ 'ਤੇ ਇਸ ਦਾ ਸਟਾਕ 2,762.15 ਰੁਪਏ 'ਤੇ ਬੰਦ ਹੋਇਆ।
ਪ੍ਰਚੂਨ ਨਿਵੇਸ਼ਕਾਂ ਨੇ ਚਾਰ ਲੱਖ ਸ਼ੇਅਰਾਂ ਲਈ ਅਪਲਾਈ ਕੀਤਾ ਜਦਕਿ ਉਨ੍ਹਾਂ ਲਈ 2.29 ਕਰੋੜ ਸ਼ੇਅਰ ਰਾਖਵੇਂ ਹਨ। ਜਦੋਂ ਕਿ ਯੋਗ ਸੰਸਥਾਗਤ ਖਰੀਦਦਾਰਾਂ ਦੀ ਸ਼੍ਰੇਣੀ 'ਚ, 1.28 ਕਰੋੜ ਸ਼ੇਅਰਾਂ ਦੇ ਮੁਕਾਬਲੇ ਸਿਰਫ਼ 2,656 ਸ਼ੇਅਰਾਂ ਲਈ ਬੋਲੀ ਆਈ। ਗੈਰ-ਸੰਸਥਾਗਤ ਨਿਵੇਸ਼ਕਾਂ ਨੇ 96.16 ਲੱਖ ਸ਼ੇਅਰਾਂ ਦੀ ਪੇਸ਼ਕਸ਼ ਦੇ ਮੁਕਾਬਲੇ 60,456 ਸ਼ੇਅਰਾਂ ਲਈ ਬੋਲੀ ਲਗਾਈ। ਕੰਪਨੀ ਦਾ ਐੱਫ.ਪੀ.ਓ 31 ਜਨਵਰੀ ਨੂੰ ਬੰਦ ਹੋਵੇਗਾ। ਇਸ ਤੋਂ ਪਹਿਲਾਂ ਅਡਾਨੀ ਐਂਟਰਪ੍ਰਾਈਜ਼ਜ਼ ਨੇ ਐਂਕਰ ਯਾਨੀ ਵੱਡੇ ਨਿਵੇਸ਼ਕਾਂ ਤੋਂ 5,985 ਕਰੋੜ ਰੁਪਏ ਇਕੱਠੇ ਕੀਤੇ ਸਨ।


Aarti dhillon

Content Editor

Related News