ਸਮਾਰਟਫੋਨ ਤੋਂ ਬਾਅਦ ਹੁਣ ਆਟੋਮੋਬਾਇਲ ਮਾਰਕੀਟ ’ਤੇ ਚੀਨ ਦੀ ਨਜ਼ਰ

01/23/2020 9:06:32 PM

ਨਵੀਂ ਦਿੱਲੀ (ਇੰਟ.)-ਭਾਰਤ ਦੇ ਸਮਾਰਟਫੋਨ ਬਾਜ਼ਾਰ ’ਤੇ ਕਬਜ਼ੋ ਤੋਂ ਬਾਅਦ ਹੁਣ ਚੀਨ ਦੀ ਨਜ਼ਰ ਆਟੋਮੋਬਾਇਲ ਬਾਜ਼ਾਰ ’ਤੇ ਹੈ। ਆਰਥਿਕ ਸੁਸਤੀ ਦੀ ਵਜ੍ਹਾ ਨਾਲ ਜਦੋਂ ਦੁਨੀਆਭਰ ਦੀਆਂ ਪ੍ਰਮੁੱਖ ਆਟੋ ਕੰਪਨੀਆਂ ਭਾਰਤ ਦੇ ਵੱਕਾਰੀ ਆਟੋ ਐਕਸਪੋ ’ਚ ਹਿੱਸਾ ਨਹੀਂ ਲੈ ਰਹੀਆਂ ਹਨ, ਅਜਿਹੇ ’ਚ ਚੀਨ ਦੀਆਂ ਕੰਪਨੀਆਂ ਵੱਲੋਂ ਇਸ ’ਚ 20 ਫ਼ੀਸਦੀ ਸਪੇਸ ਬੁੱਕ ਕਰਵਾਉਣ ਨਾਲ ਉਨ੍ਹਾਂ ਦੀ ਇੱਛਾ ਜ਼ਾਹਿਰ ਹੋ ਜਾਂਦੀ ਹੈ। ਚੀਨੀ ਕੰਪਨੀਆਂ ਦੇ ਇਸ ਕਦਮ ਤੋਂ ਇਹ ਸਪੱਸ਼ਟ ਹੈ ਕਿ ਗੈਜੇਟਸ ਤੋਂ ਬਾਅਦ ਉਸ ਦੀਆਂ ਨਜ਼ਰਾਂ ਹੁਣ ਭਾਰਤੀ ਆਟੋਮੋਬਾਇਲ ਬਾਜ਼ਾਰ ’ਤੇ ਹਨ।

ਹਰ 2 ਸਾਲ ਦੇ ਵਕਫੇ ’ਤੇ ਹੋਣ ਵਾਲੇ ਆਟੋ ਐਕਸਪੋ ’ਚ ਇਸ ਸਾਲ ਪ੍ਰਮੁੱਖ ਆਟੋ ਕੰਪਨੀਆਂ ਬੀ. ਐੱਮ. ਡਬਲਯੂ., ਆਡੀ, ਜੈਗੁਆਰ ਐਂਡ ਲੈਂਡ ਰੋਵਰ, ਹੋਂਡਾ, ਟੋਇਟਾ ਅਤੇ ਫੋਰਡ ਹਿੱਸਾ ਨਹੀਂ ਲੈ ਰਹੀਆਂ ਹਨ। ਐਕਸਪੋ ’ਚ ਇਨ੍ਹਾਂ ਕੰਪਨੀਆਂ ਦੇ ਬਦਲੇ ਚੀਨ ਦੀਆਂ ਪ੍ਰਮੁੱਖ ਆਟੋ ਕੰਪਨੀਆਂ ਐੱਸ. ਏ. ਆਈ. ਸੀ. (ਚੀਨ ਦੀਆਂ ਸਭ ਤੋਂ ਵੱਡੀਆਂ ਆਟੋ ਕੰਪਨੀ ਅਤੇ ਐੱਮ. ਜੀ. ਮੋਟਰਸ ਦੀ ਮਾਲਕ), ਐੱਫ. ਏ. ਡਬਲਯੂ. (ਹਾਇਮਾ ਬਰਾਂਡ ਦੇ ਜ਼ਰੀਏ ਐਂਟਰੀ), ਗ੍ਰੇਟ ਵਾਲ (ਚੀਨ ਦੀ ਸਭ ਤੋਂ ਵੱਡੀ ਐੱਸ. ਯੂ. ਵੀ. ਨਿਰਮਾਤਾ ਕੰਪਨੀ) ਅਤੇ ਬੀ. ਵਾਈ. ਡੀ. (ਇਲੈਕਟ੍ਰਿਕ ਬੱਸਾਂ ਅਤੇ ਬੈਟਰੀ ਬਣਾਉਣ ਵਾਲੀ ਕੰਪਨੀ) ਹਿੱਸਾ ਲੈ ਰਹੀਆਂ ਹਨ। ਇਸ ਤੋਂ ਇਲਾਵਾ ਚੀਨੀ ਕੰਪਨੀਆਂ ਨੇ ਇਲੈਕਟ੍ਰਿਕ ਦੋਪਹੀਆ ਵਾਹਨਾਂ ਲਈ ਭਾਰਤ ਦੀਆਂ ਛੋਟੀਆਂ ਆਟੋ ਕੰਪਨੀਆਂ ਅਤੇ ਸਟਾਰਟਅਪਸ ਦੇ ਨਾਲ ਭਾਈਵਾਲੀ ਕੀਤੀ ਹੈ। ਆਟੋ ਉਦਯੋਗ ਸੰਗਠਨ ਸਿਆਮ ਦੇ ਡਿਪਟੀ ਡੀ. ਜੀ. ਸੁਗਤੋ ਸੇਨ ਨੇ ਕਿਹਾ ਕਿ ਚੀਨੀ ਕੰਪਨੀਆਂ ਐਕਸਪੋ ’ਚ ਨਿਊ ਟੈਕਨਾਲੋਜੀ, ਇਲੈਕਟ੍ਰਿਕ ਕਾਰਸ ਅਤੇ ਕਈ ਹੋਰ ਮਾਡਲਾਂ ਦੇ ਨਾਲ ਆ ਰਹੀਆਂ ਹਨ। ਸਿਆਮ ਇਹ ਐਕਸਪੋ ਸੀ. ਆਈ. ਆਈ. ਅਤੇ ਏ. ਸੀ. ਐੱਮ. ਏ. ਦੇ ਨਾਲ ਮਿਲ ਕੇ ਆਯੋਜਿਤ ਕਰਦਾ ਹੈ।

ਦਿੱਲੀ ਨਾਲ ਲੱਗਦੇ ਗ੍ਰੇਟਰ ਨੋਇਡਾ ’ਚ ਆਯੋਜਿਤ ਹੋਣ ਵਾਲੀ ਆਟੋ ਐਕਸਪੋ ਮੀਡੀਆ ਲਈ 5 ਫਰਵਰੀ ਨੂੰ ਖੁੱਲ੍ਹੇਗੀ ਅਤੇ ਇਸ ਤੋਂ ਅਗਲੇ ਦਿਨ ਵਾਹਨਾਂ ਦੇ ਕਈ ਮਾਡਲ ਲਾਂਚ ਕੀਤੇ ਜਾਣਗੇ। ਆਮ ਲੋਕਾਂ ਲਈ ਆਟੋ ਐਕਸਪੋ 7 ਫਰਵਰੀ ਨੂੰ ਖੁੱਲ੍ਹੇਗੀ ਅਤੇ 12 ਫਰਵਰੀ ਤੱਕ ਚੱਲੇਗੀ। ਐਕਸਪੋ ’ਚ ਹਿੱਸਾ ਨਹੀਂ ਲੈ ਰਹੀਆਂ ਇਕ ਵੱਡੀ ਆਟੋਮੋਬਾਇਲ ਕੰਪਨੀ ਦੇ ਇਕ ਉੱਚ ਅਧਿਕਾਰੀ ਨੇ ਕਿਹਾ ਕਿ ਜਦੋਂ ਬਾਜ਼ਾਰ ’ਚ ਵਿਕਰੀ ਹੀ ਨਹੀਂ ਹੈ, ਅਜਿਹੇ ’ਚ ਐਕਸਪੋ ’ਚ ਪੈਸੇ ਖਰਚ ਕਰਨ ਦਾ ਕੋਈ ਮਤਲਬ ਨਹੀਂ ਬਣਦਾ ਹੈ। ਅਜਿਹੇ ਸਮੇਂ ’ਚ ਸਮਝਦਾਰੀ ਨਾਲ ਪੈਸੇ ਖਰਚ ਕਰਨ ’ਚ ਸਮਝਦਾਰੀ ਹੈ।

ਇਸ ਸਾਲ ਆਟੋ ਐਕਸਪੋ ’ਚ ਮਾਰੂਤੀ ਸੁਜ਼ੂਕੀ, ਹੁੰਡਈ, ਟਾਟਾ ਮੋਟਰਸ, ਮਹਿੰਦਰਾ ਐਂਡ ਮਹਿੰਦਰਾ ਅਤੇ ਵਿਦੇਸ਼ੀ ਕੰਪਨੀਆਂ ਰੇਨੋ, ਫਾਕਸਵੈਗਨ, ਮਰਸਡੀਜ਼ ਬੈਂਜ਼ ਅਤੇ ਸਕੋਡਾ ਆਪਣੇ ਨਵੇਂ ਮਾਡਲ ਪੇਸ਼ ਕਰਨਗੀਆਂ।


Karan Kumar

Content Editor

Related News