ਸੇਬੀ ਨੂੰ ਕੋਚਰ ਮਾਮਲੇ ''ਤੇ ਅਜੇ ਤੱਕ ਨਹੀਂ ਮਿਲਿਆ ICICI ਬੈਂਕ ਤੋਂ ਜਵਾਬ

Friday, Jun 22, 2018 - 01:46 AM (IST)

ਮੁੰਬਈ -ਭਾਰਤੀ ਜ਼ਮਾਨਤ ਅਤੇ ਵਟਾਂਦਰਾ ਬੋਰਡ (ਸੇਬੀ) ਨੂੰ ਅਜੇ ਤੱਕ ਆਈ. ਸੀ. ਆਈ. ਸੀ. ਆਈ. ਬੈਂਕ ਦੀ ਮੁੱਖ ਕਾਰਜਕਾਰੀ ਅਧਿਕਾਰੀ ਚੰਦਾ ਕੋਚਰ 'ਤੇ ਦੋਸ਼ਾਂ ਬਾਰੇ ਬੈਂਕ ਵੱਲੋਂ ਕੋਈ ਜਵਾਬ ਨਹੀਂ ਮਿਲਿਆ ਹੈ। ਸੇਬੀ ਦੇ ਚੇਅਰਮੈਨ ਅਜੈ ਤਿਆਗੀ ਨੇ ਇਹ ਜਾਣਕਾਰੀ ਦਿੱਤੀ।  
ਸੇਬੀ ਤੋਂ ਇਲਾਵਾ ਸੀ. ਬੀ. ਆਈ. ਸਮੇਤ ਕਈ ਹੋਰ ਏਜੰਸੀਆਂ ਕੋਚਰ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਸਬੰਧਤ ਮਾਮਲੇ 'ਚ ਘਪਲਿਆਂ ਦੀ ਜਾਂਚ ਕਰ ਰਹੀਆਂ ਹਨ। ਇਹ ਮਾਮਲਾ ਵੀਡੀਓਕਾਨ ਸਮੂਹ ਅਤੇ ਕੁਝ ਹੋਰ ਇਕਾਈਆਂ ਨੂੰ ਕਰਜ਼ਾ ਦੇਣ ਨਾਲ ਸਬੰਧਤ ਹੈ। ਸੇਬੀ ਦੇ ਨਿਰਦੇਸ਼ਕ ਮੰਡਲ ਦੀ ਬੈਠਕ ਤੋਂ ਬਾਅਦ ਤਿਆਗੀ ਨੇ ਕਿਹਾ, ''ਸਾਨੂੰ ਅਜੇ ਤੱਕ ਆਈ. ਸੀ. ਆਈ. ਸੀ. ਆਈ. ਬੈਂਕ ਵੱਲੋਂ ਜਵਾਬ ਨਹੀਂ ਮਿਲਿਆ ਹੈ।'' 
ਓਧਰ ਸੇਬੀ ਨੇ ਐਕਵਾਇਰਮੈਂਟ ਨਿਯਮਾਂ 'ਚ ਕੁਝ ਬਦਲਾਵਾਂ ਨੂੰ ਅੱਜ ਮਨਜ਼ੂਰੀ ਦੇ ਦਿੱਤੀ। ਇਸ ਦੇ ਤਹਿਤ ਇਕਾਈਆਂ ਨੂੰ ਖੁੱਲ੍ਹੀ ਪੇਸ਼ਕਸ਼ 'ਚ ਪ੍ਰਸਤਾਵਿਤ ਖਰੀਦ ਦਰ ਦੀ ਸੋਧ ਲਈ ਟੈਂਡਰ ਦੀ ਮਿਆਦ ਦੌਰਾਨ ਵਾਧੂ ਸਮਾਂ ਮਿਲੇਗਾ। ਇਸ ਦੇ ਨਾਲ ਹੀ ਮੁੜ-ਖਰੀਦ ਨਿਯਮਾਂ 'ਚ ਵੀ ਸੋਧ ਕੀਤੀ ਜਾਵੇਗੀ। ਸੇਬੀ ਨੇ ਫਾਰਮਾ ਕੰਪਨੀਆਂ ਦੇ ਮਾਮਲੇ 'ਚ ਨਿਯਮਾਂ ਨੂੰ ਸਖਤ ਕੀਤਾ ਹੈ। ਇਸ ਦੇ ਤਹਿਤ ਉਨ੍ਹਾਂ ਫਾਰਮਾ ਕੰਪਨੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਜੋ ਅਮਰੀਕੀ ਖੁਰਾਕ ਅਤੇ ਫਾਰਮਾ ਅਥਾਰਟੀ (ਯੂ. ਐੱਸ. ਐੱਫ. ਡੀ. ਏ.) ਦੀ ਕਾਰਖਾਨਾ ਜਾਂਚ ਰਿਪੋਰਟ ਅਤੇ ਹੋਰ ਕਾਰਵਾਈ ਵਰਗੀਆਂ ਗੱਲਾਂ ਨੂੰ ਸਾਂਝਿਆਂ ਨਹੀਂ ਕਰਦੀਆਂ ਹਨ।


Related News