ਕਈ ਦਿਨਾਂ ਤੋਂ ਕਿਰਾਏਦਾਰ ਨਹੀਂ ਦਿੱਤਾ ਦਿਖਾਈ, ਕਮਰੇ ''ਚੋਂ ਬਦਬੂ ਆਉਣ ''ਤੇ ਤੋੜਿਆ ਤਾਲਾ ਤਾਂ ਉੱਡ ਗਏ ਹੋਸ਼...

Monday, Oct 07, 2024 - 05:34 AM (IST)

ਫਗਵਾੜਾ (ਜਲੋਟਾ)- ਪਿੰਡ ਖਜੂਰਲਾਂ ਵਿਖੇ ਇਕ ਕੁਆਰਟਰ ਵਿਚ ਰਹਿਣ ਵਾਲੇ ਕਿਰਾਏਦਾਰ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਬੇਰਹਿਮੀ ਨਾਲ ਕਤਲ ਕਰ ਦਿੱਤੇ ਜਾਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆ ਰਿਹਾ ਹੈ। ਮ੍ਰਿਤਕ ਦੀ ਪਛਾਣ ਅਭਿਮਨਿਊ ਸਿੰਘ ਪੁੱਤਰ ਸ਼ਿਵਸਹਾਏ ਸਿੰਘ ਵਾਸੀ ਪਾਂਡਵ ਨਗਰ, ਕਰਕੜਦੁਮਾ, ਪੂਰਬੀ ਦਿੱਲੀ ਵਜੋਂ ਹੋਈ ਹੈ। ਇਹ ਮਾਮਲਾ ਦੇਰ ਰਾਤ ਤੱਕ ਡੂੰਘਾ ਰਹੱਸ ਬਣਿਆ ਹੋਇਆ ਹੈ ਕਿ ਕਤਲ ਕੀਤੇ ਗਏ ਅਭਿਮਨਿਊ ਸਿੰਘ ਦਾ ਕਤਲ ਕੌਣ ਹੈ ਅਤੇ ਇਹ ਕਤਲ ਕਦੋਂ ਅਤੇ ਕਿਵੇਂ ਕੀਤਾ ਗਿਆ ਹੈ।

ਥਾਣਾ ਸਦਰ ਫਗਵਾੜਾ ਦੀ ਪੁਲਸ ਨੇ ਅਭਿਮਨਿਊ ਸਿੰਘ ਦੇ ਕਤਲ ਦੀ ਅਧਿਕਾਰਤ ਤੌਰ ’ਤੇ ਪੁਸ਼ਟੀ ਕਰਦੇ ਹੋਏ ਖੁਲਾਸਾ ਕੀਤਾ ਹੈ ਕਿ ਮਕਾਨ ਮਾਲਕ ਹਰਿੰਦਰ ਕੁਮਾਰ ਉਰਫ ਹੈਪੀ ਪੁੱਤਰ ਅਮਰਜੀਤ ਕੁਮਾਰ ਵਾਸੀ ਪਿੰਡ ਖਜੂਰਲਾਂ ਨੇ ਪੁਲਸ ਨੂੰ ਦਿੱਤੇ ਬਿਆਨ ’ਚ ਦੱਸਿਆ ਹੈ ਕਿ ਉਸ ਨੇ ਅਤੇ ਉਸ ਦੇ ਭਰਾਵਾਂ ਨੇ ਮਜ਼ਦੂਰਾਂ ਆਦਿ ਨੂੰ ਕਿਰਾਏ ’ਤੇ ਦੇਣ ਲਈ ਪਿੰਡ ਖਜੂਰਲਾਂ ’ਚ 12 ਕਮਰੇ ਬਣਾਏ ਹਨ। ਇਸੇ ਇਕ ਕਮਰੇ ਵਿਚ ਕਤਲ ਦਾ ਸ਼ਿਕਾਰ ਅਭਿਮਨਿਊ ਸਿੰਘ ਰਹਿੰਦਾ ਹੈ।

ਉਨ੍ਹਾਂ ਨੇ ਦੱਸਿਆ ਕਿ ਉਸੇ ਕੁਆਰਟਰ ਦੇ ਨੇੜੇ ਰਹਿਣ ਵਾਲਾ ਇਕ ਹੋਰ ਕਿਰਾਏਦਾਰ ਮੁਹੰਮਦ ਮੁੰਨਾ ਪੁੱਤਰ ਸ਼ਫੀ ਉਸ ਕੋਲ ਆਇਆ ਅਤੇ ਉਸ ਨੂੰ ਦੱਸਿਆ ਕਿ ਉਸ ਨੇ ਪਿਛਲੇ ਕੁਝ ਦਿਨਾਂ ਤੋਂ ਅਭਿਮਨਿਊ ਸਿੰਘ ਨੂੰ ਨਹੀਂ ਦੇਖਿਆ ਹੈ ਅਤੇ ਉਸ ਦੇ ਕਮਰੇ ਬਾਹਰ ਤਾਲਾ ਲੱਗਿਆ ਹੋਇਆ ਹੈ ਪਰ ਇਸ ਦੇ ਕਮਰੇ ਵਿਚੋਂ ਅੰਦਰੋਂ ਬਹੁਤ ਬਦਬੂ ਆ ਰਹੀ ਹੈ।

ਇਹ ਵੀ ਪੜ੍ਹੋ- ਮੁਲਜ਼ਮਾਂ ਨੂੰ ਫੜਨ ਗਈ ਪੁਲਸ ਟੀਮ ਨੂੰ ਪਿੰਡ ਵਾਲਿਆਂ ਨੇ ਪਾ ਲਿਆ ਘੇਰਾ, ਜਾਨ ਬਚਾਉਣ ਲਈ ਮੁਲਾਜ਼ਮਾਂ ਜੋ ਕੀਤਾ...

ਜਦੋਂ ਉਸ ਨੇ ਪਿੰਡ ਖਜੂਰਲਾਂ ਦੇ ਸਰਪੰਚ ਅਜੇ ਕੁਮਾਰ ਪੁੱਤਰ ਗੁਰਮੇਲ ਸਿੰਘ ਵਾਸੀ ਨੂੰ ਫੋਨ ’ਤੇ ਸਾਰੀ ਹਕੀਕਤ ਦੱਸੀ ਅਤੇ ਮੌਕੇ ’ਤੇ ਜਾ ਕੇ ਕਮਰੇ ਦੇ ਉੱਪਰ ਰੌਸ਼ਨਦਾਨ ਰਾਹੀਂ ਝਾਤੀ ਮਾਰੀ ਤਾਂ ਉਸ ਦੇ ਹੋਸ਼ ਉਦੋਂ ਉੱਡ ਗਏ, ਜਦੋਂ ਉਸ ਨੇ ਕਮਰੇ ’ਚ ਅਭਿਮਨਿਊ ਸਿੰਘ ਦੀ ਖੂਨ ਨਾਲ ਲਥਪਥ ਹਾਲਤ ’ਚ ਲਾਸ਼ ਪਈ ਹੋਈ ਵੇਖੀ।

ਇਸ ਉਪਰੰਤ ਤਾਲਾ ਕਟਵਾਇਆ ਗਿਆ ਤੇ ਦੇਖਿਆ ਕਿ ਅਭਿਮਨਿਊ ਸਿੰਘ ਦਾ ਕਤਲ ਕੀਤਾ ਹੋਇਆ ਸੀ। ਥਾਣਾ ਸਦਰ ’ਚ ਹਰਿੰਦਰ ਕੁਮਾਰ ਉਰਫ ਹੈਪੀ ਦੇ ਬਿਆਨਾਂ 'ਤੇ ਮਾਮਲੇ ਦੀ ਜਾਂਚ ਕਰ ਰਹੀ ਪੁਲਸ ਨੇ ਅਣਪਛਾਤੇ ਕਾਤਲਾਂ ਖਿਲਾਫ ਧਾਰਾ 103 (1), 138 ਬੀ.ਐੱਨ.ਐੱਸ. ਤਹਿਤ ਕਤਲ ਦਾ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਖ਼ਬਰ ਲਿਖੇ ਜਾਣ ਤੱਕ ਪੁਲਸ ਕਤਲ ਕੇਸ ਦੀ ਜਾਂਚ ਕਰ ਰਹੀ ਹੈ। ਫਿਲਹਾਲ ਪੁਲਸ ਨੇ ਮ੍ਰਿਤਕ ਅਭਿਮਨਿਊ ਸਿੰਘ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ’ਚ ਭੇਜ ਦਿੱਤਾ ਹੈ। ਖ਼ਬਰ ਲਿਖੇ ਜਾਣ ਤੱਕ ਇਹ ਮਾਮਲਾ ਡੂੰਘਾ ਰਹੱਸ ਹੀ ਬਣਿਆ ਹੋਇਆ ਹੈ।

ਕਤਲ ਕਰਨ ਤੋਂ ਬਾਅਦ ਕਾਤਲ ਬਾਹਰੋਂ ਤਾਲਾ ਲਾ ਕੇ ਹੋਏ ਫਰਾਰ
ਮੌਕੇ ’ਤੇ ਮੌਜੂਦ ਸਬੂਤ ਅਤੇ ਮਕਾਨ ਮਾਲਕ ਹਰਿੰਦਰ ਕੁਮਾਰ ਉਰਫ ਹੈਪੀ ਵੱਲੋਂ ਪੁਲਸ ਨੂੰ ਦਿੱਤੇ ਬਿਆਨ ਅਨੁਸਾਰ ਜਿਸ ਕਮਰੇ ’ਚ ਅਭਿਮਨਿਊ ਸਿੰਘ ਦਾ ਕਤਲ ਕੀਤਾ ਗਿਆ ਸੀ, ਉਸ ਦੇ ਬਾਹਰ ਦਾ ਦਰਵਾਜ਼ਾ ਬੰਦ ਸੀ ਅਤੇ ਉੱਥੇ ਤਾਲਾ ਲੱਗਿਆ ਹੋਈਆ ਸੀ। ਅਜਿਹੇ ’ਚ ਇਹ ਪੂਰੀ ਤਰ੍ਹਾਂ ਸਪੱਸ਼ਟ ਹੋ ਗਿਆ ਹੈ ਕਿ ਕਾਤਲਾਂ ਨੇ ਅਭਿਮਨਿਊ ਸਿੰਘ ਦੇ ਕੁਆਰਟਰ ’ਚ ਆ ਕੇ ਉਸ ਦਾ ਬੇਰਹਿਮੀ ਨਾਲ ਕਤਲ ਕੀਤਾ ਹੈ ਅਤੇ ਲਾਸ਼ ਨੂੰ ਉਥੇ ਸੁੱਟਣ ਤੋਂ ਬਾਅਦ ਉਹ ਬਹੁਤ ਆਰਾਮ ਨਾਲ ਬਾਹਰੋਂ ਦਰਵਾਜ਼ਾ ਬੰਦ ਕਰ ਕੇ ਤਾਲਾ ਲਗਾ ਕੇ ਚਲੇ ਗਏ।

ਇਹ ਵੀ ਪੜ੍ਹੋ- ਕੁੜੀ ਨੂੰ ਬਾਈਕ ਨਾਲ ਘੜੀਸਣ ਵਾਲੇ ਚੜ੍ਹੇ ਪੁਲਸ ਦੇ ਅੜਿੱਕੇ, ਦੇਖੋ ਮੁਲਜ਼ਮਾਂ ਦਾ ਹੁਣ ਕੀ ਹੋਇਆ ਹਾਲ...

ਕੀ ਕੁਆਰਟਰਾਂ ਵਾਲੀ ਜਗ੍ਹਾਂ ’ਤੇ ਸਰਕਾਰੀ ਨਿਯਮਾਂ ਤਹਿਤ ਸੀ.ਸੀ.ਟੀ.ਵੀ. ਕੈਮਰੇ ਲਾਏ ਗਏ ਸਨ ?
ਕਤਲਕਾਂਡ ਬਾਰੇ ਵੱਡਾ ਸਵਾਲ ਇਹ ਹੈ ਕਿ ਕੀ ਪਿੰਡ ਖਜੂਰਲਾਂ ’ਚ ਮਜ਼ਦੂਰਾਂ ਲਈ ਕੁਆਰਟਰ ਬਣਾਉਣ ਵਾਲੀ ਥਾਂ ’ਤੇ ਸਰਕਾਰੀ ਨਿਯਮਾਂ ਤਹਿਤ ਸੀ.ਸੀ.ਟੀ.ਵੀ. ਕੈਮਰੇ ਲਗਾਏ ਗਏ ਸਨ ? ਜੇ ਉੱਥੇ ਸੀ.ਸੀ.ਟੀ.ਵੀ. ਕੈਮਰੇ ਲੱਗੇ ਹੋਏ ਹਨ ਤਾਂ ਇਹ ਸਪੱਸ਼ਟ ਤੌਰ ’ਤੇ ਪਤਾ ਲੱਗ ਜਾਵੇਗਾ ਕਿ ਕਾਤਲ ਕੌਣ ਸਨ ਅਤੇ ਕਤਲ ਕਦੋਂ, ਕਿਵੇਂ ਅਤੇ ਕਿਸ ਨੇ ਕੀਤਾ ਹੈ। ਜੇ ਕਿਸੇ ਕਾਰਨ ਕਰਕੇ ਉੱਥੇ ਸੀ.ਸੀ.ਟੀ.ਵੀ. ਕੈਮਰੇ ਨਹੀਂ ਹਨ, ਤਾਂ ਇਹ ਸਾਬਤ ਕਰਦਾ ਹੈ ਕਿ ਡੀ.ਸੀ. ਕਪੂਰਥਲਾ ਵੱਲੋਂ ਕਿਰਾਏਦਾਰਾਂ ਸਬੰਧੀ ਨਿਰਧਾਰਤ ਨਿਯਮ ਅਜੇ ਵੀ ਫਗਵਾੜਾ ਦੇ ਸਰਕਾਰੀ ਅਮਲੇ ਵੱਲੋਂ ਲਾਗੂ ਕਰਨ ’ਚ ਬਹੁਤ ਸੁਸਤ ਰਵੱਈਆ ਅਪਣਾਇਆ ਜਾ ਰਿਹਾ ਹੈ ? ਇਸ ਦੌਰਾਨ ਸੂਤਰਾਂ ਨੇ ਖੁਲਾਸਾ ਕੀਤਾ ਹੈ ਕਿ ਪੁਲਸ ਨੇੜਲੇ ਇਲਾਕਿਆਂ ’ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕਰ ਰਹੀ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News