ਇਤਿਹਾਸਕ ਟੈਕਸ ਸੁਧਾਰ, 1 ਜੁਲਾਈ ਨੂੰ GST ਦਿਹਾੜਾ ਮਨਾਏਗੀ ਸਰਕਾਰ
Saturday, Jun 30, 2018 - 02:57 PM (IST)
ਨਵੀਂ ਦਿੱਲੀ— ਵਸਤੂ ਅਤੇ ਸੇਵਾ ਟੈਕਸ (ਜੀ. ਐੱਸ. ਟੀ.) ਦੀ ਪਹਿਲੀ ਵਰ੍ਹੇਗੰਢ 'ਤੇ ਸਰਕਾਰ ਇਕ ਜੁਲਾਈ 2018 ਨੂੰ ਜੀ. ਐੱਸ. ਟੀ. ਦਿਹਾੜੇ ਦੇ ਰੂਪ 'ਚ ਮਨਾਏਗੀ। ਨਰਿੰਦਰ ਮੋਦੀ ਸਰਕਾਰ ਨੇ ਪਿਛਲੇ ਸਾਲ ਇਤਿਹਾਸਕ ਟੈਕਸ ਸੁਧਾਰ ਕਰਦੇ ਹੋਏ ਇਕ ਜੁਲਾਈ ਨੂੰ ਦੇਸ਼ ਭਰ 'ਚ ਜੀ. ਐੱਸ. ਟੀ. ਲਾਗੂ ਕੀਤਾ। ਭਾਰਤੀ ਟੈਕਸ ਸੁਧਾਰ ਦੀ ਦਿਸ਼ਾ 'ਚ ਇਹ ਸਭ ਤੋਂ ਵੱਡਾ ਕਦਮ ਸੀ। ਜੀ. ਐੱਸ. ਟੀ. ਦਾ ਟੀਚਾ 'ਇਕ ਦੇਸ਼-ਇਕ ਟੈਕਸ' ਪ੍ਰਣਾਲੀ ਹੈ, ਜਿਸ ਦਾ ਮਕਸਦ ਪੂਰੇ ਭਾਰਤ 'ਚ ਚੀਜ਼ਾਂ ਦਾ ਆਉਣ-ਜਾਣ ਸੌਖਾਲਾ ਕਰਨਾ ਸੀ। ਜੀ. ਐੱਸ. ਟੀ. 'ਚ 5, 12, 18 ਅਤੇ 28 ਫੀਸਦੀ ਦਰ ਵਾਲੇ ਵੱਖ-ਵੱਖ ਸਲੈਬ ਹਨ। ਇਸ ਦੇ ਇਲਾਵਾ ਇਸ 'ਚ ਜ਼ੀਰੋ ਫੀਸਦੀ ਟੈਕਸ ਸਲੈਬ ਵੀ ਹੈ। ਮੌਜੂਦਾ ਸਮੇਂ ਜੀ. ਐੱਸ. ਟੀ. ਦੀ ਸਭ ਤੋਂ ਉੱਚ 28 ਫੀਸਦੀ ਸਲੈਬ 'ਚ ਸਿਰਫ 50 ਚੀਜ਼ਾਂ ਹੀ ਹਨ।
ਉੱਥੇ ਹੀ ਜੀ. ਐੱਸ. ਟੀ. ਦੀ ਵਰ੍ਹੇਗੰਢ ਤੋਂ ਪਹਿਲਾਂ ਕੇਂਦਰੀ ਵਿੱਤ ਮੰਤਰੀ ਨੇ ਫੇਸਬੁੱਕ 'ਤੇ ਇਕ ਪੋਸਟ 'ਚ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਦੌਰਾਨ ਪ੍ਰਤੱਖ ਟੈਕਸ ਕੁਲੈਕਸ਼ਨ 'ਚ 44 ਫੀਸਦੀ ਦੀ ਜ਼ੋਰਦਾਰ ਤੇਜ਼ੀ ਹੋਣ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਨੇ ਲਿਖਿਆ ਕਿ ਖਤਮ ਹੋਏ ਵਿੱਤੀ ਸਾਲ ਦੀ ਸ਼ੁਰੂਆਤ 'ਚ ਜੀ. ਐੱਸ. ਟੀ. ਲਾਗੂ ਨਹੀਂ ਹੋਇਆ ਸੀ, ਜਿਸ ਕਰਕੇ ਇਸ ਦਾ ਪ੍ਰਤੱਖ ਟੈਕਸ ਕੁਲੈਕਸ਼ਨ 'ਤੇ ਅਸਰ ਨਜ਼ਰ ਨਹੀਂ ਆਇਆ ਸੀ ਪਰ ਮੌਜੂਦਾ ਵਿੱਤੀ ਸਾਲ 'ਚ ਜੀ. ਐੱਸ. ਟੀ. ਦਾ ਟੈਕਸ ਕੁਲੈਕਸ਼ਨ 'ਤੇ ਅਸਰ ਸਾਫ ਨਜ਼ਰ ਆਵੇਗਾ। ਜੇਤਲੀ ਮੁਤਾਬਕ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ ਨਿੱਜੀ ਆਮ ਟੈਕਸ 44 ਫੀਸਦੀ ਅਤੇ ਕੰਪਨੀ ਟੈਕਸ ਸ਼੍ਰੇਣੀ 'ਚ 17 ਫੀਸਦੀ ਦਾ ਵਾਧਾ ਹੋਇਆ ਹੈ। ਉਨ੍ਹਾਂ ਨੇ ਲਿਖਿਆ ਕਿ 2017-18 'ਚ ਆਮਦਨ ਟੈਕਸ ਰਿਟਰਨ ਭਰਨ ਵਾਲਿਆਂ ਦੀ ਗਿਣਤੀ 6.86 ਕਰੋੜ ਪਹੁੰਚ ਜਾਣ ਦੀ ਉਮੀਦ ਹੈ। ਸਾਲ ਦੌਰਾਨ ਆਮਦਨ ਟੈਕਸ ਰਿਟਰਨ ਭਰਨ ਵਾਲਿਆਂ 'ਚ 1.06 ਕਰੋੜ ਨਵੇਂ ਸਨ। ਕੁੱਲ ਆਮਦਨ ਟੈਕਸ 10.02 ਲੱਖ ਕਰੋੜ ਇਕੱਠਾ ਕੀਤਾ ਗਿਆ। ਚਾਰ ਸਾਲਾਂ 'ਚ ਆਮਦਨ ਟੈਕਸ ਪ੍ਰਾਪਤੀ 'ਚ 57 ਫੀਸਦੀ ਦਾ ਵਾਧਾ ਹੋਇਆ।
